ਸੀਪੀਆਈ ਮਾਲੇ ਵੱਲੋਂ ਛੱਤੀਸਗੜ੍ਹ ਵਿੱਚ ਕੀਤੇ ਜਾ ਰਹੇ ਕਤਲਾਂ ਵਿਰੁੱਧ ਮੁਜਾਹਰਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ. 24 ਨਵੰਬਰ 2025
ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਨਵਾਂਸ਼ਹਿਰ ਵਿਖੇ ਮੋਦੀ ਸਰਕਾਰ ਦੁਆਰਾ ਛੱਤੀਸਗੜ੍ਹ ਵਿੱਚ ਆਦਿਵਾਸੀਆਂ ਦੇ ਉਜਾੜੇ , ਕਮਿਊਨਿਸਟ ਇਨਕਲਾਬੀਆਂ ਅਤੇ ਆਦਿਵਾਸੀਆਂ ਦੇ ਕਤਲਾਂ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਗਿਆ । ਮੁਜਾਹਰੇ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੁਤਲੇ ਫੂਕੇ ਗਏ।
ਇਸ ਤੋਂ ਪਹਿਲਾਂ ਸਥਾਨਕ ਬੱਸ ਅੱਡੇ ਉੱਤੇ ਕੀਤੀ ਗਈ ਰੈਲੀ ਨੂੰ ਪਾਰਟੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ ਦਲਜੀਤ ਸਿੰਘ ਐਡਵੋਕੇਟ ਅਤੇ ਲੇਖਕ ਬੂਟਾ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਆਦਿਵਾਸੀਆਂ ਨੂੰ ਉਜਾੜ ਕੇ ਬਣ ਸੰਮਤੀ ਕਾਰਪੋਰੇਟਰਾਂ ਦੇ ਹਵਾਲੇ ਕਰਨ ਦੇ ਮਕਸਦ ਨਾਲ ਇਹ ਜਬਰ ਢਾਹ ਰਹੀ ਹੈ ਜਿਸ ਵਿੱਚ ਕਮਿਊਨਿਸਟ ਇਨਕਲਾਬੀਆਂ ਅਤੇ ਆਦਿਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ। ਮੋਦੀ ਸਰਕਾਰ ਅਡਾਨੀ, ਅੰਬਾਨੀ ਅਤੇ ਅਮਿਤ ਸ਼ਾਹ ਦੇ ਲੜਕੇ ਦੀ ਸੁਰੱਖਿਆ ਨੂੰ ਹੀ ਦੇਸ਼ ਦੀ ਸੁਰੱਖਿਆ ਸਮਝ ਰਹੀ ਹੈ।
ਮੋਦੀ ਸਰਕਾਰ ਮਾਓਵਾਦੀਆਂ ਨੂੰ ਮਾਰ ਕੇ ਮੁਕਾਉਣ ਦੇ ਮੁਜਰਮਾਨਾ ਰਾਹ ਦੇ ਉੱਤੇ ਚੱਲ ਰਹੀ ਹੈ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਾਓਵਾਦੀਆਂ ਨੂੰ ਮਾਰਨ ਦੇ ਮਾਰ ਕੇ ਖਤਮ ਕਰਨ ਦੇ ਬਹੁਤ ਯਤਨ ਹੋਏ ਪਰ ਨਾ ਤਾਂ ਵਿਚਾਰਧਾਰਾ ਖਤਮ ਨਹੀਂ ਹੋਈ ਅਤੇ ਨਾ ਹੀ ਮਾਓਵਾਦੀ। ਕਾਰਪੋਰੇਟ ਘਰਾਣਿਆਂ ਵੱਲੋਂ ਭਾਰਤ ਦੇ ਜੰਗਲੀ ਅਤੇ ਪਹਾੜੀ ਖੇਤਰਾਂ ਵਿੱਚ ਮੌਜੂਦ ਬਹੁਮੁੱਲੇ ਖਣਿਜ ਪਦਾਰਥਾਂ ਦੀ ਲੁੱਟ ਲਗਾਤਾਰ ਇਹਨਾਂ ਜੰਗਲਾਂ ਅਤੇ ਪਹਾੜਾਂ (ਸਮੇਤ ਉੱਥੇ ਰਹਿੰਦੇ ਆਦਿਵਾਸੀ ਲੋਕਾਂ) ਨੂੰ ਉਜਾੜ ਕੇ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ਲਈ ਮੁਲਕ ਦੇ ਜੰਗਲੀ ਖੇਤਰਾਂ ਅੰਦਰ ਆਦਿਵਾਸੀਆਂ 'ਤੇ ਅੰਨ੍ਹਾ ਜਬਰ ਢਾਹ ਰਹੀ ਹੈ।
ਜੋ ਲੋਕ ਇਹਨਾਂ ਲੋਕਾਂ, ਜੰਗਲਾਂ, ਪਹਾੜਾਂ, ਕੁਦਰਤੀ ਸਾਧਨਾਂ ਨੂੰ ਬਚਾਉਣ ਲਈ ਲੜ ਰਹੇ ਹਨ ਉਹਨਾਂ ਨੂੰ ਹਰ ਤਰ੍ਹਾਂ ਦੇ ਸੰਵਿਧਾਨਿਕ , ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੇ ਤਕਾਜ਼ਿਆਂ ਨੂੰ ਤੱਜ ਕੇ ਆਏ ਦਿਨ ਝੂਠੇ ਪੁਲਿਸ ਮੁਕਾਬਲਿਆਂ 'ਚ ਆਦਿਵਾਸੀਆਂ ਤੇ ਮਾਓਵਾਦੀਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ।
ਕਾਰਪੋਰੇਟ ਜਗਤ ਦੀ ਸੇਵਾ ਲਈ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਇਸ ਲਈ ਆਦਿਵਾਸੀ ਖੇਤਰਾਂ ਦੇ ਲੋਕਾਂ ਦੇ ਹੱਕ 'ਚ ਆਵਾਜ਼ ਉਠਾਉਣੀ ਸਾਡਾ ਫਰਜ ਹੈ।
ਇਸ ਮੌਕੇ ਅਵਤਾਰ ਸਿੰਘ ਤਾਰੀ ਅਤੇ ਹਰੀ ਰਾਮ ਰਸੂਲਪੁਰੀ ਨੇ ਵੀ ਸੰਬੋਧਨ ਕੀਤਾ।
ਉਨਾਂ ਨੇ ਮਾਓਵਾਦੀਆਂ ਦੇ ਕਤਲਾਂ ਦੀ ਜੁਡੀਸ਼ਲ ਜਾਂਚ ਕਰਾਉਣ, ਹਿਰਾਸਤ ਵਿੱਚ ਰੱਖੇ ਮਾਓਵਾਦੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ, ਅਪਰੇਸ਼ਨ ਕਗਾਰ ਬੰਦ ਕਰਨ, ਛੱਤੀਸਗੜ੍ਹ ਵਿੱਚੋਂ ਨੀਮ ਫੌਜਾਂ ਬਾਹਰ ਕੱਢਣ, ਆਦਵਾਸੀਆਂ ਦਾ ਉਜਾੜਾ ਬੰਦ ਕਰਨ, ਮਾਓਵਾਦੀਆਂ ਨਾਲ ਗੱਲਬਾਤ ਦਾ ਰਸਤਾ ਅਖਤਿਆਰ ਕਰਨ ਦੀ ਮੰਗ ਕੀਤੀ।