ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ਦੀ ਕੱਚਾ ਮਲਕ ਰੋਡ ਬਣਨੀ ਸ਼ੁਰੂ
ਦੋ ਮਹੀਨੇ 'ਚ ਮੁਕੰਮਲ ਕਰਕੇ ਸੜਕ ਲੋਕਾਂ ਦੀ ਸਹੂਲਤ ਲਈ ਚਾਲੂ ਕਰ ਦਿੱਤੀ ਜਾਵੇਗੀ-ਬੀਬੀ ਮਾਣੂੰਕੇ
ਦੀਪਕ ਜੈਨ
ਜਗਰਾਉਂ, 20 ਸਤੰਬਰ 2025: ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ਸ਼ਹਿਰ ਦੀ ਅਹਿਮ ਸੜਕ ਕੱਚਾ ਮਲਕ ਰੋਡ, ਜੋ ਕਿ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ, ਮੁੜ ਬਣਨੀ ਸ਼ੁਰੂ ਹੋ ਚੁੱਕੀ ਹੈ। ਇਸ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਵਿਧਾਇਕਾ ਮਾਣੂੰਕੇ ਵੱਲੋਂ ਟੱਕ ਲਗਾਕੇ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰਤੇ ਹਾਜ਼ਰ ਸਨ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਇਸ ਮੌਕੇ ਆਖਿਆ ਕਿ ਜਗਰਾਉਂ ਸ਼ਹਿਰ ਦੀ ਇਸ 'ਕੱਚਾ ਮਲਕ ਰੋਡ' ਸੜਕ ਦੀ ਮਿਆਦ ਸਾਲ 2027 ਤੱਕ ਖਤਮ ਹੁੰਦੀ ਸੀ ਅਤੇ ਨਿਯਮਾਂ ਮੁਤਾਬਿਕ ਸਰਕਾਰ ਵੱਲੋਂ ਇਹ ਸੜਕ 2027 ਵਿੱਚ ਹੀ ਮੁੜ ਬਣਾਈ ਜਾਣੀ ਸੀ, ਪਰੰਤੂ ਸੀਵਰੇਜ ਦੀ ਸਮ਼ੱਸਿਆ ਆ ਜਾਣ ਕਾਰਨ ਅਤੇ ਪਾਣੀ ਦੀਆਂ ਪਾਈਪ ਲਾਈਨਜ਼ ਪਾਉਣ ਕਾਰਨ ਇਹ ਸੜਕ ਕਈ ਥਾਵਾਂ, ਖਾਸ ਕਰਕੇ ਫਾਟਕਾਂ ਤੋਂ ਸ਼ਹਿਰ ਵਾਲੇ ਪਾਸੇ ਬਹੁਤ ਹੀ ਬੁਰੀ ਤਰਾਂ ਨਾਲ ਟੁੱਟ ਗਈ ਸੀ। ਜਿਸ ਕਾਰਨ ਲੋਕਾਂ ਦਾ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਸੀ ਅਤੇ ਲੋਕ ਭਾਰੀ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਸਨ। ਇਸ ਲਈ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵੇਖਦੇ ਹੋਏ ਉਹਨਾਂ ਵੱਲੋਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰ.ਭਗਵੰਤ ਮਾਨ ਜੀ ਕੋਲ ਰੱਖਿਆ ਗਿਆ, ਜਿੰਨਾਂ ਵੱਲੋਂ 'ਕੱਚਾ ਮਲਕ ਰੋਡ' ਸੜਕ ਨੂੰ ਮੁੜ ਬਨਾਉਣ ਲਈ ਮੰਨਜੂਰੀ ਦੇ ਦਿੱਤੀ ਅਤੇ ਫੰਡ ਜਾਰੀ ਕਰ ਦਿੱਤਾ। ਵਿਧਾਇਕਾ ਮਾਣੂੰਕੇ ਨੇ ਹੋਰ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਉਪਰ ਇੱਕ ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਸੜਕ ਉਪਰ ਫਾਟਕਾਂ ਤੋਂ ਸ਼ਹਿਰ ਵਾਲੇ ਪਾਸੇ 750 ਮੀਟਰ 80 ਐਮ.ਐਮ. ਦੀ ਇੰਟਰਲੌਕਿੰਗ ਟਾਈਲਾਂ ਲਗਾਈਆਂ ਜਾਣਗੀਆਂ ਅਤੇ ਫਾਟਕਾਂ ਤੋਂ ਜੀ.ਟੀ.ਰੋਡ ਤੱਕ ਬਜ਼ਰੀ ਅਤੇ ਪ੍ਰੀਮੈਕਸ ਨਾਲ 22 ਫੁੱਟ ਚੌੜੀ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਜੇਕਰ ਮੌਸਮ ਸਹੀ ਰਿਹਾ ਤਾਂ ਇਸ ਸੜਕ ਦੋ ਮਹੀਨੇ ਦੇ ਅੰਦਰ ਅੰਦਰ ਤਿਆਰ ਕਰਕੇ ਲੋਕਾਂ ਦੀ ਸਹੂਲਤ ਲਈ ਚਾਲੂ ਕਰ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਡੀ ਬੋਰਡ ਦੇ ਜੇਈ ਪਰਿਮੰਦਰ ਸਿੰਘ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਕੰਵਰਪਾਲ ਸਿੰਘ, ਸਾਬਕਾ ਕੌਂਸਲਰ ਕਰਮਜੀਤ ਕੈਂਥ, ਸਾਜਨ ਮਲਹੋਤਰਾ, ਅਮਰਦੀਪ ਸਿੰਘ ਟੂਰੇ ਤੋਂ ਇਲਾਵਾ ਵੱਡੀ ਗਿਣਤੀ ਕੱਚਾ ਮਲਕ ਰੋਡ ਨਿਵਾਸੀ ਵੀ ਹਾਜ਼ਰ ਸਨ।
ਲੋਕ ਸੜਕ ਬਣਨ ਤੋਂ ਪਹਿਲਾਂ ਪਾਈਪ ਲਾਈਨ ਦਾ ਕੰਮ ਮੁਕੰਮਲ ਕਰਵਾਉਣ-ਵਿਧਾਇਕਾ ਮਾਣੂੰਕੇ
ਸੜਨ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਵੇਲੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕੱਚਾ ਮਲਕ ਰੋਡ ਦੇ ਵਸਨੀਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਉਹ ਆਪੋ-ਆਪਣੇ ਘਰਾਂ ਅੱਗੇ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਸੜਕ ਬਣਨ ਤੋਂ ਪਹਿਲਾਂ-ਪਹਿਲਾਂ ਕਰਵਾ ਲੈਣ ਅਤੇ ਜੇਕਰ ਕੋਈ ਬਾਅਦ ਵਿੱਚ ਸੜਕ ਪੁੱਟਕੇ ਪਾਈਪ ਲਾਈਨ ਪਾਵੇਗਾ ਤਾਂ ਇਸ ਨਾਲ ਜਿੱਥੇ ਸੜਕ ਜ਼ਲਦੀ ਟੁੱਟ ਜਾਂਦੀ ਹੈ ਅਤੇ ਬਿਨਾਂ ਵਜ੍ਹਾ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾਂ ਪੈ ਸਕਦਾ ਹੈ। ਇਸ ਲਈ ਲੋਕ ਵੀ ਸਾਥ ਦੇਣ ਸੜਕ ਦੀ ਲੰਮਾਂ ਸਮਾਂ ਮਿਆਦ ਲਈ ਸੜਕ ਨੂੰ ਟੁੱਟਣ ਤੋਂ ਬਚਾਉਣ ਲਈ ਆਪੋ-ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝਣ।