ਪ੍ਰੋ: ਤਰਸੇਮ ਨਰੂਲਾ ਬਹੁਪੱਖੀ ਸ਼ਖ਼ਸੀਅਤ ਦੇ ਅੱਜ 20 ਸਤੰਬਰ 2025 ਤੇ ਜਨਮਦਿਨ ਤੇ ਵਿਸ਼ੇਸ਼ ਇੱਕ ਝਾਤ
ਪ੍ਰੋ: ਤਰਸੇਮ ਨਰੂਲਾ ਬਹੁ-ਵਿਧਾਈ ਲੇਖਕ, ਸਮਾਜ ਸੇਵੀ ਅਤੇ ਜ਼ਿੰਦਾ-ਦਿਲ ਸ਼ਖਸ਼ੀਅਤ ਹਨ
ਮਨਜੀਤ ਸਿੰਘ ਢੱਲਾ
ਇਨਸਾਨੀਅਤ ਗੁਣਾਂ ਨਾਲ ਵਰੋਸਾਏ ਹੋਏ ਕਥਨੀ-ਕਰਨੀ ਵਿੱਚ ਯਕਸਾਂ, ਹਨੇਰੀਆਂ, ਝੱਖੜਾਂ ਵਿੱਚ ਵੀ ਬਲਦੇ ਦੀਪਕ ਰਹਿਣ ਵਾਲੇ ਇਨਸਾਨ ਨੇ ਆਪਣੇ ਤਿੰਨ ਦਹਾਕਿਆਂ ਤੋਂ ਵੱਧ ਅਧਿਆਪਨ ਦੇ ਕਿੱਤੇ ਵਿੱਚ ਅਤੇ ਸਮਾਜ ਦੀ ਸੇਵਾ ਵਿੱਚ ਐਨੀ ਸ਼ੁਹਰਤ ਹਾਸਲ ਕੀਤੀ ਹੈ ਕਿ ਹਰ ਇੱਕ ਇਨ੍ਹਾਂ ਨੂੰ ਆਪਣਾ ਰੋਲ-ਮਾਡਲ ਸਮਝਦਾ ਹੈ। ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਾ ਹਰ ਵਿਅਕਤੀ ਇਨ੍ਹਾਂ ਦੀ ਮਿਕਨਾਤੀਸੀ ਖਿੱਚ ਦੀ ਕੀਲ ਵਿੱਚ ਕੀਲਿਆ ਜਾਂਦਾ ਹੈ। ਅੰਗਰੇਜ਼ੀ ਫੈਕਲਟੀ ਦੇ ਟੀਚਰ ਰਹਿਣ ਕਰਕੇ, ਦੁਨੀਆਂ ਦਾ ਐਨਾ ਗਿਆਨ ਗ੍ਰਹਿਣ ਕਰਨ ਕਰਕੇ ਸਭ ਲੋਕ ਇਨ੍ਹਾਂ ਨੂੰ ਚਲਦਾ ਫਿਰਦਾ ਇਸਾਈਕਲੋਪੀਡੀਆ ਕਹਿੰਦੇ ਹਨ। ਨਰੂਲਾ ਜੀ ਦੇ ਪੜ੍ਹਾਏ ਹੋਏ ਅਣਗਿਣਤ ਵਿਦਿਆਰਥੀ ਆਈ.ਏ.ਐਸ., ਆਈ.ਪੀ.ਐਸ.ਤੇ ਪੀ.ਸੀ.ਐਸ., ਡਾਕਟਰ, ਇੰਜਨੀਅਰ, ਸੀ.ਏ., ਮਿਲੀਟਰੀ ਅਫ਼ਸਰ, ਮੈਨੇਜਰਜ਼ ਅਤੇ ਪ੍ਰੋਫੈਸਰਜ਼ ਹਨ।
ਤਰਸੇਮ ਨਰੂਲਾ ਜੀ ਸਾਹਿਤਕ ਖੇਤਰ ਵਿੱਚ ਉੱਘੇ ਸਾਹਿਤਕਾਰਾਂ ਦੀ ਕਤਾਰ ਵਿੱਚ ਗਿਣੇ ਜਾਂਦੇ ਹਨ। 'ਗਰਮ ਹਵਾਵਾਂ ਤੇ ਖਿੜੇ ਫੁੱਲ ਤੋਂ ਲੈ ਕੇ 'ਸ਼ਬਦ ਅਮਰ ਕਦ ਮਰਦੇ ਤੱਕ ਪੰਦਰਾਂ ਕਿਤਾਬਾਂ ਲਿਖ ਕੇ ਆਪਣੇ ਕੱਦ ਨੂੰ ਬਹੁਤ ਉੱਚਾ ਕਰ ਚੁੱਕੇ ਹਨ। ਜਿੱਥੇ ਇਨ੍ਹਾਂ ਦੀਆਂ ਵਾਰਤਕ ਪੁਸਤਕਾਂ ਉੱਚੇ ਪਾਏ ਦੀਆਂ ਹੋਣ ਕਰਕੇ ਪ੍ਰਸਿੱਧ ਸਮਾਲੋਚਕਾਂ ਵੱਲੋਂ ਸਲਾਹੀਆਂ ਗਈਆਂ ਹਨ। ਓਥੇ ਇਨ੍ਹਾਂ ਦੇ ਗੀਤਾਂ, ਗਜ਼ਲਾਂ, ਕਾਫੀਆਂ ਤੇ ਕਵਿਤਾਵਾਂ ਨੂੰ ਅਨੇਕਾਂ ਪ੍ਰਸਿੱਧ ਗਾਇਕਾਂ ਨੇ ਬੜੇ ਚਾਅ ਨਾਲ ਗਾਇਆ ਹੈ ਅਤੇ ਫਿਲਮਾਇਆ ਹੈ।
ਤਰਸੇਮ ਨਰੂਲਾ ਜੀ ਦਾ ਸਮਾਜ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਹੈ। ਉਹ ਪੰਜਾਬ ਲੈਵਲ ਰੋਡ ਸੇਫਟੀ ਐਡਵਾਈਜ਼ਰੀ ਕਮੇਟੀ, ਪੰਜਾਬ ਦੇ ਸਲਾਹਕਾਰ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਐਡਵਾਈਜ਼ਰ, ਪਬਲਿਕ ਕਾਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ, ਸਬ-ਡਵੀਜ਼ਨ ਜੈਤੋ ਲੋਕ ਅਦਾਲਤ ਦੇ ਮੈਂਬਰ, ਮਾਨਵ ਕਲਿਆਣ ਸੇਵਾ ਸੰਮਤੀ ਤੇ ਪ੍ਰਧਾਨ, ਨਗਰ ਸੁਧਾਰ ਕਮੇਟੀ ਜੈਤੋ (ਰਜਿ:), ਦੇ ਸਰਪ੍ਰਸਤ, ਦੀਪਕ ਜੈਤੋਈ ਮੰਚ ਦੇ ਸਰਪ੍ਰਸਤ, ਪੰਜਾਬ ਸਾਹਿਤ ਸਭਾ ਜੈਤੋ ਦੇ ਸਰਪ੍ਰਸਤ, ਜਾਗ੍ਰਤੀ ਸਾਹਿਤ ਸਭਾ ਬਠਿੰਡਾ ਦੇ ਸਲਾਹਕਾਰ, ਵਿਜ਼ੀਲੈਂਸ ਕਮੇਟੀ ਸਬ-ਡਵੀਜ਼ਨ ਜੈਤੋਂ ਦੇ ਮੈਂਬਰ, ਸੈਕਟਰੀ ਸਾਂਝ ਕੇਂਦਰ ਸਬ-ਡਵੀਜ਼ਨ ਜੈਤੋ, ਸਾਹਿਤ ਸਿਰਜਣਾ ਮੰਚ ਬਠਿੰਡਾ ਦੇ ਸਲਾਹਕਾਰ, ਪੀਸ ਕਮੇਟੀ ਫ਼ਰੀਦਕੋਟ ਦੇ ਮੈਂਬਰ, ਟੈਕਨੀਕਲ ਐਜੁਕੇਸ਼ਨ ਦੇ ਸਲਾਹਕਾਰ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਐਮ.ਡੀ. ਅਤੇ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਦੇ ਐਜੂਕੇਸ਼ਨਲ ਐਕਸਪਰਟ ਹਨ। ਵਿਵੇਕ ਆਸ਼ਰਮ ਵਿੱਚ ਚੱਲਦੇ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਸੇਵਾ ਕਰਨ ਅਤੇ ਜੈਤੋ ਏਰੀਏ ਵਿੱਚ ਅਣਗਿਣਤ ਦਰੱਖਤ ਲਾਉਣ ਤੇ ਉਨ੍ਹਾਂ ਦੀ ਪਾਲਣਾ ਕਰਨ ਕਰਕੇ ਪੰਜਾਬ ਦੀ ਵਾਤਾਵਰਨ ਕਮੇਟੀ ਵੱਲੋਂ 2016 ਵਿੱਚ 'ਧਰਤੀ ਦੇ ਵਰਦਾਨ' ਖਿਤਾਬ ਨਾਲ ਸਨਮਾਨਿਆ ਗਿਆ। ਸੇਵਾ ਤੇ ਸਾਹਿਤਕ ਖੇਤਰ ਵਿੱਚ ਐਵਾਰਡਾਂ ਦੀ ਸੂਚੀ ਬਹੁਤ ਲੰਮੀ ਹੈ।
ਇਸ ਮਹਾਨ, ਨੇਕ, ਉਦਾਰਚਿੱਤ, ਦੋਸਤਾਂ ਦੇ ਦੋਸਤ, ਹਰ ਇੱਕ ਦੇ ਦੁੱਖ-ਸੁੱਖ ਦੇ ਸੀਰੀ, ਮਿਲਾਪੜੇ, ਫਰਜ਼-ਸ਼ਨਾਖ, ਸਾਫ਼ ਦਿਲ ਤੇ ਪ੍ਰਸੰਨ-ਚਿੱਤ ਸ਼ਖਸ਼ੀਅਤ ਦਾ ਜਨਮ 20 ਸਤੰਬਰ, 1942 ਨੂੰ ਫ਼ਰੀਦਕੋਟ ਵਿਖੇ ਸਵਰਗੀ ਸ੍ਰ. ਅਰਜਨ ਸਿੰਘ ਨਰੂਲਾ ਜੀ ਦੇ ਘਰ ਮਾਤਾ ਸਵਰਗੀ ਹਰਬੰਸ ਕੌਰ ਜੀ ਦੀ ਸੁਲੱਖਣੀ ਕੁੱਖੋਂ ਹੋਇਆ। ਇਨ੍ਹਾਂ ਦਾ ਜੱਦੀ ਪਿੰਡ ਮੁੱਦਕੀ (ਫ਼ਿਰੋਜ਼ਪੁਰ) ਸੀ। ਨਰੂਲਾ ਸਾਹਿਬ ਜਦੋਂ 8-9 ਮਹੀਨਿਆਂ ਦੇ ਹੀ ਸਨ ਤਾਂ 1943 ਵਿੱਚ ਇਨ੍ਹਾਂ ਦੇ ਪਿਤਾ ਜੀ ਦਾ ਸਮਾਜ ਸੇਵਾ ਕਰਦਿਆਂ ਦਿਹਾਂਤ ਹੋ ਗਿਆ ਸੀ। ਫਿਰ ਇਹ ਆਪਣੀ ਮਾਤਾ ਜੀ ਨਾਲ ਆਪਣੇ ਨਾਨਕੇ ਪਿੰਡ ਮਹਿਮਾ ਸਰਕਾਰੀ ਜ਼ਿਲ੍ਹਾ ਬਠਿੰਡਾ ਵਿਖੇ ਆ ਗਏ, ਜਿੱਥੇ ਕਿ ਮਾਤਾ ਜੀ ਤੇ ਨਾਨਕੇ ਪਰਿਵਾਰ ਨੇ ਇਨ੍ਹਾਂ ਨੂੰ ਐਮ.ਏ. ਅੰਗਰੇਜ਼ੀ, ਐਮ.ਏ. ਪੰਜਾਬੀ ਅਤੇ ਐਮ.ਐਡ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਰਵਾਈ।
ਤਰਸੇਮ ਨਰੂਲਾ ਜੀ ਨੇ ਹੁਣ ਤੱਕ 100 ਤੋਂ ਵੱਧ ਵਿਧਵਾ ਔਰਤਾਂ ਦੇ ਸਫੈਦ ਦੁਪੱਟੇ ਲੁਹਾ ਕੇ ਰੰਗਦਾਰ ਦੁਪੱਟੇ ਪਹਿਨਾਉਣ ਵਿੱਚ ਵਿਲੱਖਣਯੋਗ ਕੰਮ ਕਰਿਆ ਹੈ ਅਤੇ ਅੱਗੇ ਵੀ ਇਹ ਕੰਮ ਜਾਰੀ ਰਹੇਗਾ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੀ ਪਤਨੀ ਸ੍ਰੀਮਤੀ ਦਰਸ਼ਨਾ ਜੋ ਕਿ ਇੱਕ ਹਰਮਨ ਪਿਆਰੀ ਅਧਿਆਪਕਾ ਹੈ ਉਨ੍ਹਾਂ ਦਾ ਹਰ ਖੇਤਰ ਵਿੱਚ ਪੂਰਾ ਸਹਿਯੋਗ ਕਰਦੀ ਹੈ। ਇਸ ਸਤਿਕਾਰਤ ਜੋੜੀ ਦੀ ਧਾਰਨਾ ਹੈ ਕਿ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਨਮਾਨ ਦਿਓ। ਐਨੀ ਉਸਾਰੂ ਸੋਚ ਵਾਲੀ ਜੋੜੀ ਦੀਆਂ ਤਿੰਨੇ ਧੀਆਂ ਇੱਕ ਪੁੱਤ ਤੇ ਨੂੰਹ ਡਾਕਟਰ ਬਣ ਕੇ ਸੇਵਾ ਕਰ ਰਹੇ ਹਨ। ਬੇਟਾ ਡਾ. ਪ੍ਰੀਤਕੰਵਲ ਨਰੂਲਾ ਨੂੰ ਸਭ ਜਾਣਕਾਰ ਸਰਬਣ ਪੁੱਤਰ ਕਹਿੰਦੇ ਹਨ।
ਤਰਸੇਮ ਸਿੰਘ ਨਰੂਲਾ ਆਪਣੀ ਉਮਰ ਨਾਲੋ ਕਿਤੇ ਵੱਧ ਚੁਸਤ-ਫਰੁੱਸਤ, ਜ਼ਿੰਦਾਦਿਲ, ਚੜ੍ਹੀਕਲਾ ਵਿੱਚ ਰਹਿਣ ਅਤੇ ਹੰਸੂ-ਹੰਸੂ ਕਰਦੇ ਰਹਿਣ ਦਾ ਰਾਜ, ਕਿਸੇ ਨਾਲ ਕਿਸੇ ਸੇਵਾ ਵਿੱਚ ਜੁੜੇ ਰਹਿਣਾ, ਅਗਾਂਹਵਧੂ ਸੋਚ ਰੱਖਣਾ, ਕਸਰਤ ਕਰਨਾ, ਆਪਣੇ ਜਾਣਕਾਰਾਂ ਨਾਲ ਮੇਲ-ਮਿਲਾਪ ਬਣਾਈ ਰੱਖਣਾ, ਪੀੜ ਪਰਾਈ ਪਛਾਣਨਾ ਤੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਦੱਸਦੇ ਹਨ।
ਤਰਸੇਮ ਨਰੂਲਾ ਜੀ ਜ਼ਿਲ੍ਹਾ ਫ਼ਰੀਦਕੋਟ ਤੇ ਜ਼ਿਲ੍ਹਾ ਬਠਿੰਡਾ ਦੀਆਂ ਲਗਭਗ ਸਾਰੀਆਂ ਸੰਸਥਾਵਾਂ ਵਿੱਚ ਆਪਣੀ ਸਰਗਰਮੀਆਂ ਨਿਰੰਤਰ ਜਾਰੀ ਰੱਖ ਰਹੇ ਹਨ ਅਤੇ ਤਨੋ-ਮਨੋ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ। ਇਹੀ ਕਾਰਨ ਹੈ ਕਿ ਇਨਸਾਨੀਅਤ ਦੇ ਗੁਣਾਂ ਦੇ ਧਾਰਨੀ ਪ੍ਰੋ: ਨਰੂਲਾ ਜੀ ਨੂੰ ਭਰਪੂਰ ਸਤਿਕਾਰ ਮਿਲਦਾ ਹੈ। ਅੱਜ ਪ੍ਰੋ: ਤਰਸੇਮ ਨਰੂਲਾ ਜੀ ਨੂੰ ਮੈਂ ਅਤੇ ਸਾਡਾ ਅਦਾਰਾ ਰੋਜ਼ਾਨਾ "ਹੱਕ ਸੱਚ ਦਾ ਪਹਿਰੇਦਾਰ"ਅਖ਼ਬਾਰ ਉਨ੍ਹਾਂ ਦੇ ਜਨਮ ਦਿਨ 20 ਸਤੰਬਰ 2025 ਤੇ ਦਿਲੋਂ ਮੁਬਾਰਕ ਦਿੰਦੇ ਹਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।

-
ਮਨਜੀਤ ਸਿੰਘ ਢੱਲਾ, ਪੱਤਰਕਾਰ , ਜੈਤੋ
MANJEET DHALLA PRESS JAITO
99144-56340
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.