ਰੂੜੀ ਮਾਰਕਾ ਨਾ ਪੀਓ ਬੇਲੀਓ! ਸਰਕਾਰ ਨੇ ਕਿਹਾ- ਅਸਲੀ ਤੇ ਨਕਲੀ ਸ਼ਰਾਬ ਨਾਲ ਫ਼ਰਕ ਤਾਂ ਪੈਂਦਾ ਹੈ...!
ਆਬਕਾਰੀ ਵਿਭਾਗ ਵੱਲੋਂ ਰੂੜੀ ਮਾਰਕਾ ਸ਼ਰਾਬ ਤੋਂ ਦੂਰ ਰਹਿਣ ਦੀ ਅਪੀਲ
ਆਬਕਾਰੀ ਟੀਮ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 20 ਸਤੰਬਰ: ਰੂੜੀ ਮਾਰਕਾ ਸ਼ਰਾਬ ਦੇ ਖਤਰਨਾਕ ਪ੍ਰਭਾਵਾਂ ਦੇ ਮੱਦੇਨਜ਼ਰ, ਪੰਜਾਬ ਆਬਕਾਰੀ ਵਿਭਾਗ ਨੇ ਲੋਕਾਂ ਨੂੰ ਇਸ ਦੇ ਸੇਵਨ ਤੋਂ ਬਚਣ ਦੀ ਅਪੀਲ ਕੀਤੀ ਹੈ। ਆਬਕਾਰੀ ਕਮਿਸ਼ਨਰ, ਪੰਜਾਬ, ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਖਰੜ ਦੇ ਪਿੰਡ ਪਲਹੇੜੀ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਵਾਲੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਵਿਕਾਸ ਭਟੇਜਾ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਨਕਲੀ ਸ਼ਰਾਬ ਸਿਹਤ ਲਈ ਖ਼ਤਰਾ ਹੈ ਅਤੇ ਵਿਭਾਗ ਵੱਲੋਂ ਵੀ ਇਸ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ੋਨ ਦੇ ਡਿਪਟੀ ਕਮਿਸ਼ਨਰ (ਆਬਕਾਰੀ) ਤਰਸੇਮ ਚੰਦ ਅਤੇ ਰੂਪਨਗਰ ਰੇਂਜ ਦੇ ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਚਲਹੋਤਰਾ ਦੀ ਨਿਗਰਾਨੀ ਹੇਠ, ਵਿਭਾਗ ਨੇ ਟੀਮਾਂ ਬਣਾਈਆਂ ਹਨ ਅਤੇ ਨਿਯਮਿਤ ਤੌਰ 'ਤੇ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਵਿਕਾਸ ਭਟੇਜਾ ਨੇ ਪਿੰਡ ਵਾਸੀਆਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਰੂੜੀ ਮਾਰਕਾ ਸ਼ਰਾਬ ਦੀ ਵਿਕਰੀ ਦੀ ਤੁਰੰਤ ਰਿਪੋਰਟ ਕਰਨ, ਤਾਂ ਜੋ ਕਾਰਵਾਈ ਕੀਤੀ ਜਾ ਸਕੇ।
ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਅਸਲੀ ਅਤੇ ਨਕਲੀ ਸ਼ਰਾਬ ਵਿੱਚ ਫਰਕ ਕਰਨਾ ਬਹੁਤ ਜ਼ਰੂਰੀ ਹੈ। ਨਕਲੀ ਸ਼ਰਾਬ ਗੁਣਵੱਤਾ ਜਾਂਚ ਤੋਂ ਬਿਨਾਂ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਅਜਿਹੇ ਰਸਾਇਣ ਹੁੰਦੇ ਹਨ ਜੋ ਸਿੱਧੇ ਤੌਰ 'ਤੇ ਜਿਗਰ, ਗੁਰਦੇ ਅਤੇ ਦਿਲ ਨੂੰ ਪ੍ਰਭਾਵਿਤ ਕਰਦੇ ਹਨ। ਟੀਮ ਨੇ ਪਿੰਡ ਵਾਸੀਆਂ ਤੋਂ ਵਾਅਦਾ ਲਿਆ ਕਿ ਉਹ ਖੁਦ ਇਸਦਾ ਸੇਵਨ ਨਹੀਂ ਕਰਨਗੇ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਤੋਂ ਰੋਕਣਗੇ।