ਪੰਜਾਬ ਸਰਕਾਰ ਵੱਲੋਂ ਮ੍ਰਿਤਕ ਵਜੀਰ ਸਿੰਘ ਦੇ ਪਰਿਵਾਰ ਨੂੰ 4 ਲੱਖ ਦੀ ਸਹਾਇਤਾ ਰਾਸ਼ੀ ਭੇਂਟ
ਹੜ੍ਹ ਪ੍ਰਭਾਵਿਤ ਪਿੰਡ ਰੇਤੇ ਵਾਲੀ ਭੈਣੀ ਦੇ ਵਜੀਰ ਸਿੰਘ ਦੀ ਪਿਛਲੇ ਦਿਨੀਂ ਸੱਪ ਕੱਟਣ ਨਾਲ ਹੋਈ ਸੀ ਮੌਤ
ਫਾਜ਼ਿਲਕਾ 10 ਸਤੰਬਰ 2025- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੀ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਕੁਦਰਤੀ ਆਫਤ ਦਾ ਸਾਹਮਣਾ ਕਰਨ ਲਈ ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਨਾਲ ਖੜ੍ਹੀ ਹੈ ਤੇ ਇਸੇ ਤਹਿਤ ਹੀ ਜਿੱਥੇ ਇਨ੍ਹਾਂ ਲੋਕਾਂ ਨੂੰ ਹਰ ਪ੍ਰਕਾਰ ਦੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਰੇਤੇ ਵਾਲੀ ਭੈਣੀ ਦੇ ਮ੍ਰਿਤਕ ਵਜੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪਿਛਲੇ ਦਿਨੀਂ ਵਜੀਰ ਸਿੰਘ ਦੀ ਸੱਪ ਕੱਟਣ ਨਾਲ ਮੌਤ ਹੋ ਗਈ ਸੀ, ਅੱਜ ਉਹ ਮ੍ਰਿਤਕ ਵਜੀਰ ਸਿੰਘ ਦੀ ਆਤਮਾ ਦੀ ਸਾਂਤੀ ਲਈ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਆਈ 4 ਲੱਖ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੌਤ ਦੀ ਖਬਰ ਸੁਣਦੇ ਸਾਰ ਸਾਡੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਐੱਸ.ਸੀ ਵਿੰਗ ਪੰਜਾਬ ਆਮ ਆਦਮੀ ਪਾਰਟੀ ਪ੍ਰਧਾਨ ਸ. ਗੁਰਪ੍ਰੀਤ ਸਿੰਘ ਜੀਪੀ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੈ ਕਿ ਵਜੀਰ ਸਿੰਘ ਦੀ ਪਤਨੀ ਦਾ ਪਹਿਲਾ ਹੀ ਦੇਹਾਂਤ ਹੋ ਗਿਆ ਸੀ ਤੇ ਹੁਣ ਵਜੀਰ ਸਿੰਘ ਦੀ ਮੌਤ ਤੋਂ ਬਾਅਦ ਇਨ੍ਹਾਂ ਦੇ 4 ਬੱਚੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਵਜੀਰ ਸਿੰਘ ਦਾ ਘਰ ਪਾਣੀ ਨਾਲ ਘਿਰਿਆ ਹੋਇਆ ਹੈ ਤੇ ਪਾਣੀ ਖਤਮ ਹੋਣ ਤੇ ਜੇਕਰ ਘਰ ਦਾ ਵੀ ਕੋਈ ਖਰਾਬਾ ਹੁੰਦਾ ਹੈ ਤਾਂ ਉਹ ਠੀਕ ਕਰਵਾ ਕੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਭੇਜੀ ਸਹਾਇਤਾ ਰਾਸ਼ੀ ਲਈ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ।
ਆਮ ਆਦਮੀ ਪਾਰਟੀ ਐੱਸ.ਸੀ ਵਿੰਗ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਮ੍ਰਿਤਕ ਵਜੀਰ ਸਿੰਘ ਦੇ ਪਰਿਵਾਰ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਭੇਂਟ
ਫਾਜ਼ਿਲਕਾ…….ਪਿਛਲੇ ਦਿਨੀਂ ਫਾਜ਼ਿਲਕਾ ਦੇ ਰੇਤੇ ਵਾਲੀ ਭੈਣੀ ਦੇ ਵਜੀਰ ਸਿੰਘ ਦੀ ਸੱਪ ਲੜਨ ਦਨਾਲ ਹੋਈ ਮੌਤ ਲਈ ਅੱਜ ਹੋਈ ਅੰਤਿਮ ਅਰਦਾਸ ਵਿੱਚ ਆਮ ਆਦਮੀ ਪਾਰਟੀ ਐੱਸ.ਸੀ ਵਿੰਗ ਪੰਜਾਬ ਪ੍ਰਧਾਨ ਸ. ਗੁਰਪ੍ਰੀਤ ਸਿੰਘ ਜੀਪੀ ਸ਼ਾਮਲ ਹੋਏ ਤੇ ਪਰਿਵਾਰ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਜੀਪੀ ਨੇ ਪਰਿਵਾਰ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਉਹ ਕਦੇ ਵੀ ਉਨ੍ਹਾਂ ਤੋਂ ਮਦਦ ਦੀ ਮੰਗ ਕਰ ਸਕਦੇ ਉਹ ਸਦਾ ਪਰਿਵਾਰ ਦੀ ਸਹਾਇਤਾ ਲਈ ਤਤਪਰ ਰਹਿਣਗੇ।