ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਰਾਹਤ ਸਮੱਗਰੀ ਦੇ ਟਰੱਕ ਨੂੰ ਦਿੱਤੀ ਹਰੀ ਝੰਡੀ, ਸੀਯੂ ਦੇ 100 ਐੱਨਐੱਸਐੱਸ ਵਲੰਟੀਅਰ ਪ੍ਰਭਾਵਿਤ ਇਲਾਕਿਆਂ ’ਚ ਪੀੜਤਾਂ ਦੀ ਕਰਨਗੇ ਸਹਾਇਤਾ
ਪੰਜਾਬ ਦੇ ਹੜ੍ਹ ਪੀੜਤਾਂ ਦੀ ਮੁਸੀਬਤ ਸਮੇਂ ਸਹਾਇਤਾ ਲਈ ਸਾਨੂੰ ਸਭ ਨੂੰ ਆਉਣਾ ਚਾਹੀਦਾ ਅੱਗੇ : ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ
ਸੰਸਾਰ ਦੇ ਕਿਸੇ ਵੀ ਕੋਨੇ ’ਚ ਕੁਦਰਤੀ ਆਫਤ ਜਾਂ ਸਮਾਜਿਕ ਸੰਕਟ ਸਮੇਂ ਸਹਾਇਤਾ ਲਈ ਪੰਜਾਬੀ ਹਮੇਸ਼ਾ ਆਉਂਦੇ ਨੇ ਅੱਗੇ : ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ
ਚੰਡੀਗੜ੍ਹ/ਮੋਹਾਲੀ, 10 ਸਤੰਬਰ 2025: ਪੰਜਾਬ ਦੇ ਵਿਚ ਕੁਦਰਤੀ ਆਫ਼ਤ ਕਾਰਨ ਆਏ ਹੜ੍ਹਾਂ ਨੇ ਆਮ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਜਿਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਾਲਾਂਕਿ ਹੁਣ ਭਾਵੇਂ ਕਈ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ ਪਰ ਹੁਣ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੀੜਤਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਸਤਾਉਣ ਲੱਗ ਪਿਆ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹੇ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਭੇਜੇ ਜਾ ਰਹੇ ਰਾਹਤ ਸਮੱਗਰੀ ਦੇ ਟਰੱਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਕੀਤਾ। ਸੀਯੂ ਵੱਲੋਂ ਭੇਜੀ ਜਾ ਰਹੀ ਰਾਹਤ ਸਮੱਗਰੀ ’ਚ ਫਸਟ ਏਡ ਕਿੱਟਾਂ, ਮੱਛਰਦਾਨੀਆਂ, ਮੱਛਰ ਭਜਾਉਣ ਵਾਲੀਆਂ ਦਵਾਈਆਂ, ਆਰਜ਼ੀ ਕੈਂਪ ਬਣਾਉਣ ਲਈ ਤਰਪਾਲਾਂ ਤੇ ਰਾਸ਼ਨ ਸਮੱਗਰੀ ਭੇਜੀ ਗਈ ਹੈ।ਇਸ ਤੋਂ ਇਲਾਵਾ, ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੀਯੂ ਦੇ 100 ਦੇ ਕਰੀਬ ਐੱਨਐੱਸਐੱਸ ਵਲੰਟੀਅਰਾਂ ਨੂੰ ਰਵਾਨਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਲੰਘੇ ਦਿਨਾਂ ਤੋਂ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸੰਧੂ ਵੱਲੋਂ ਪੀੜਤਾਂ ਦੀ ਸਹਾਇਤਾਂ ਲਈ ਚਲਾਏ ਜਾ ਰਹੇ ਅਭਿਆਨ ਤਹਿਤ ਇਸ ਤੋਂ ਪਹਿਲਾਂ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਤੇ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਹੂਸੈਨੀਵਾਲਾ ਦੇ ਹੜ੍ਹ ਪ੍ਰਭਾਵਿਤ ਭਾਰਤ-ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਟਿੰਡੀਵਾਲਾ ਤੇ ਭੱਖੜਾ ਵਿਚ ਰਾਹਤ ਸਮੱਗਰੀ ਵੰਡੀ ਸੀਉਨ੍ਹਾਂ ਨੇ ਹੜ੍ਹ ਪੀੜਤ ਪਿੰਡਾਂ ’ਚ ਹਰ ਸੰਭਵ ਸਹਾਇਤਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਤੇ ਉਨ੍ਹਾਂ ਨੇ ਫਿਰੋਜ਼ਪੁਰ ਦੇ ਇੱਕ ਪਿੰਡ ਭੱਖੜਾ ਨੂੰ ਗੋਦ ਲੈਣ ਦਾ ਐਲਾਨ ਕੀਤਾ ਸੀ। ਇਸੇ ਤਹਿਤ ਇਹ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਦੌਰਾਨ ਆਏ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਜ਼ਮੀਨੀਂ ਪੱਧਰ ’ਤੇ ਦਿਲ ਦਹਿਲਾ ਦੇਣ ਵਾਲਾ ਭਾਰੀ ਨੁਕਸਾਨ ਪਹੰੁਚਾਇਆ ਹੈ।ਹਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੜ੍ਹ ਪੀੜਤ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਵਿਚ ਰਹਿਣ ਲਈ ਮਜ਼ਬੂਰ ਹਨ। ਹੁਣ ਜਦੋਂ ਪੰਜਾਬ ਦੇ ਲੋਕਾਂ ’ਤੇ ਮੁਸੀਬਤ ਪਈ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹੋਈਏ। ਜੋ ਕੁਦਰਤ ਨੇ ਕਰ ਦਿੱਤਾ ਹੈ ਉਹ ਠੀਕ ਹੈ ਪਰ ਸਾਨੂੰ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ।ਇਸ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੀੜਤਾਂ ਨੂੰ ਜਲਦ ਨੂੰ ਜਲਦ ਮੁਸੀਬਤ ’ਚੋਂ ਨਿਕਲਣ ਲਈ ਜੋ ਜ਼ਰੂਰੀ ਸਹਾਇਤਾ ਚਾਹੀਦੀ ਹੈ, ਉਹ ਭੇਜੀ ਜਾ ਰਹੀ ਹੈ।
ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸੰਸਾਰ ਦੇ ਵਿਚ ਕਿਸੇ ਵੀ ਕੋਨੇ ਵਿਚ ਕੁਦਰਤੀ ਆਫ਼ਤ ਜਾਂ ਸਮਾਜਿਕ ਸੰਕਟ ਪੈਦਾ ਹੁੰਦਾ ਹੈ ਤਾਂ ਪੰਜਾਬੀ ਬਿਨ੍ਹਾਂ ਕਿਸੇ ਭੇਦ ਭਾਵ ਦੇ ਮਨੁੱਖਤਾ ਦੀ ਸੇਵਾ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ।ਬੇਸ਼ੱਕ ਹੜ੍ਹਾ ਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਅਤੇ ਅਰਥ ਵਿਵਸਥਾ ਨੂੰ ਮੁੜ ਮੁੜ ਝੱਟਕੇ ਦਿੱਤੇ ਹਨ ਪਰ ਹਰ ਵਾਰ ਪੰਜਾਬੀ ਲੋਕਾਂ ਨੇ ਹਿੰਮਤ, ਸੇਵਾ ਭਾਵਨਾ ਤੇ ਜ਼ਿੰਮੇਂਵਾਰੀ ਨਾਲ ਡੱਟ ਕੇ ਸਾਹਮਣਾ ਕੀਤਾ ਹੈ।ਪੰਜਾਬੀ ਲੋਕਾਂ ਦੀ ਇਹ ਜ਼ਿੰਦਾਦਿਲੀ ਸਾਬਿਤ ਕਰਦੀ ਹੈ ਕਿ ਹੜ੍ਹਾਂ ਦੇ ਹਨੇਰੇ ’ਚ ਵੀ ਆਸ ਦੀ ਕਿਰਨ ਦਿਸਦੀ ਰਹਿੰਦੀ ਹੈ। ਕੁਦਰਤ ਦਾ ਕਹਿਰ ਭਾਵੇਂ ਮਨੁੱਖ ਨੂੰ ਕੁੱਝ ਸਮੇਂ ਲਈ ਲਾਚਾਰ ਬਣਾ ਸਕਦਾ ਹੈ ਪਰ ਸੇਵਾ ਦੀ ਲਹਿਰ ਹਰ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਹਟਾ ਸਕਦੀ ਹੈ।