ਹੜ੍ਹ ਰਾਹਤ ਕਾਰਜ ਤੇਜੀ ਨਾਲ ਜਾਰੀ, ਲਗਾਤਾਰ ਘੱਟ ਰਿਹੈ ਪਾਣੀ ਦਾ ਪੱਧਰ
ਫਾਜਿਲਕਾ, 10 ਸਤੰਬਰ 2025- ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਜਿਲ਼੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲਗਾਤਾਰ ਰਾਹਤ ਕਾਰਜ ਜਾਰੀ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਪ੍ਰਸ਼ਾਸਨ ਦੀਆਂ ਟੀਮਾਂ ਨੇ 4323 ਲੋਕਾਂ ਨੂੰ ਬਾਹਰ ਕੱਢਿਆ ਹੈ। ਇੰਨ੍ਹਾਂ ਵਿਚੋਂ 3002 ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਪ੍ਰਸ਼ਾਸਨ ਹੁਣ ਤੱਕ ਪੀੜਤ ਲੋਕਾਂ ਨੂੰ 13249 ਰਾਸ਼ਨ ਕਿੱਟਾਂ ਵੰਡ ਚੁੱਕਾ ਹੈ ਤੇ 6180 ਥੈਲੇ ਕੈਟਲ ਫੀਡ ਵੰਡੀ ਜਾ ਚੁੱਕੀ ਹੈ। ਇਸ ਤੋਂ ਬਿਨ੍ਹਾਂ ਤਰਪਾਲਾਂ ਵੀ ਵੰਡੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਪ੍ਰਭਾਵਿਤ ਪਿੰਡਾਂ ਵਿਚ ਮੈਡੀਕਲ ਅਤੇ ਵੈਟਰਨਰੀ ਟੀਮਾਂ ਲਗਾਤਾਰ ਕਾਰਜਸ਼ੀਲ ਹਨ। ਰਾਹਤ ਕੈਂਪਾਂ ਵਿਚ ਵੀ ਇਹ ਟੀਮਾਂ ਕੰਮ ਕਰ ਰਹੀਆਂ ਹਨ। 14 ਕੈਂਪ ਕਾਰਜਸ਼ੀਲ ਹਨ। ਪਾਣੀ ਦੇ ਪੱਧਰ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੀਕੇ ਅਤੇ ਹੁਸੈਨੀਵਾਲਾ ਤੋਂ ਪਾਣੀ ਦੀ ਨਿਕਾਸੀ ਲਗਾਤਾਰ ਘੱਟ ਰਹੀ ਹੈ ਅਤੇ ਕਾਂਵਾਂ ਵਾਲੀ ਪੱਤਣ ਸਮੇਤ ਫਾਜ਼ਿਲਕਾ ਜ਼ਿਲ੍ਹੇ ਦੇ ਖੇਤਰਾਂ ਵਿਚ ਵੀ ਪਾਣੀ ਦਾ ਪੱਧਰ ਨੀਵਾਂ ਹੋਣ ਲੱਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਹਰੀਕੇ ਤੋਂ 170000 ਕਿਉਸਿਕ ਅਤੇ ਹੁਸੈਨੀਵਾਲਾ ਤੋਂ 199000 ਕਿਉਸਿਕ ਪਾਣੀ ਚੱਲ ਰਿਹਾ ਹੈ।