PM Modi ਦੀ ਗੁਰਦਾਸਪੁਰ ਫੇਰੀ ਨੂੰ ਲੈ ਕੇ ਰਮਨ ਬਹਿਲ ਨੇ ਰੱਖੀਆਂ ਵੱਡੀਆਂ ਮੰਗਾਂ
ਹੜ੍ਹ ਪੀੜਤਾਂ ਲਈ ਵੱਡਾ ਪੈਕੇਜ ਦੇ ਨਾਲ ਨਾਲ ਆਰਡੀਐਫ ਅਤੇ ਜੀਐਸਟੀ ਦੇ ਰੋਕੇ 60 ਹਜ਼ਾਰ ਕਰੋੜ ਰੁਪਏ ਵੀ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ, 8 ਸਤੰਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਸਮੇਤ ਹੜ੍ਹ ਪ੍ਰਭਾਵਿਤ ਹੋਰ ਇਲਾਕਿਆਂ ਵਿੱਚ 9 ਸਤੰਬਰ ਦੀ ਆਮਦ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਪ੍ਰਧਾਨ ਮੰਤਰੀ ਸਾਹਮਣੇ ਵੱਡੀਆਂ ਮੰਗਾਂ ਰੱਖੀਆਂ ਹਨ। ਬਹਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਹ ਫੇਰੀ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਪ੍ਰਧਾਨ ਮੰਤਰੀ ਹੜ੍ਹ ਪੀੜਤਾਂ ਅਤੇ ਪੰਜਾਬ ਲਈ ਵੱਡੇ ਪੈਕੇਜ ਦਾ ਐਲਾਨ ਕਰਕੇ ਜਾਣ। ਖ਼ਾਸ ਤੌਰ ’ਤੇ ਪੰਜਾਬ ਦੇ ਆਰਡੀਐਫ ਅਤੇ ਜੀਐਸਟੀ ਫੰਡਾਂ ਦੀ ਰੋਕੀ ਗਈ 60 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ।
ਬਹਿਲ ਨੇ ਕਿਹਾ ਕਿ ਪੰਜਾਬੀ ਅਤੇ ਗੁਰਦਾਸਪੁਰ ਦਾ ਵਸਨੀਕ ਹੋਣ ਦੇ ਨਾਤੇ ਉਹ ਪ੍ਰਧਾਨ ਮੰਤਰੀ ਨੂੰ ਗੁਰਦਾਸਪੁਰ ਦੀ ਧਰਤੀ ਤੇ ਆਉਣ ਮੌਕੇ ਜੀ ਆਇਆਂ ਨੂੰ ਕਹਿੰਦੇ ਹਨ, ਪਰ ਨਾਲ ਹੀ ਇੱਕ ਉਮੀਦ ਰੱਖਦੇ ਹਨ ਕਿ ਪ੍ਰਧਾਨ ਮੰਤਰੀ ਜਦੋਂ ਗੁਰਦਾਸਪੁਰ ਦੀ ਧਰਤੀ ’ਤੇ ਆਉਣ ਤਾਂ ਉਨ੍ਹਾਂ ਦਾ ਵਿਵਹਾਰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵਰਗਾ ਹੋਣਾ ਚਾਹੀਦਾ ਹੈ। ਬਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਹਮੇਸ਼ਾਂ ਵਿਤਕਰਾ ਕੀਤਾ ਹੈ। ਹੁਣ ਵੀ ਪੰਜਾਬ ਦਾ ਆਰਡੀਐਫ ਦਾ ਤਕਰੀਬਨ 8 ਹਜ਼ਾਰ ਕਰੋੜ ਰੁਪਇਆ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ। ਇਸ ਪੈਸੇ ਨਾਲ ਪੰਜਾਬ ਦੀਆਂ ਪੇਂਡੂ ਖੇਤਰ ਦੀਆਂ ਸੜਕਾਂ ਦਾ ਨਿਰਮਾਣ ਹੋਣਾ ਸੀ। ਉਨ੍ਹਾਂ ਕਿਹਾ ਕੇ ਕੇਂਦਰ ਸਰਕਾਰ ਨੇ ਜੀਐਸਟੀ ਦਾ ਵੀ ਤਕਰੀਬਨ 50 ਹਜ਼ਾਰ ਕਰੋੜ ਰੁਪਇਆ ਵੀ ਰੋਕ ਕੇ ਰੱਖਿਆ ਹੋਇਆ ਹੈ ਜੋ ਪੰਜਾਬ ਦੇ ਵਿਕਾਸ ਲਈ ਖ਼ਰਚ ਕੀਤਾ ਜਾਣਾ ਹੈ।
ਬਹਿਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ’ਤੇ ਹੋਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਨੇ ਹਮੇਸ਼ਾਂ ਵੱਡੀਆਂ ਮੁਸ਼ਕਲਾਂ ਦਾ ਮੋਹਰੀ ਹੋ ਕੇ ਸਾਹਮਣਾ ਕੀਤਾ ਹੈ। ਭਾਵੇਂ ਪਾਕਿਸਤਾਨ ਹਿੰਦੁਸਤਾਨ ਦੀ ਲੜਾਈ ਹੋਵੇ ਅਤੇ ਜਾ ਫਿਰ ਹੜ੍ਹਾਂ ਦਾ ਪ੍ਰਕੋਪ ਹੋਵੇ, ਗੁਰਦਾਸਪੁਰ ਜ਼ਿਲ੍ਹੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਰਿਹਾ ਹੈ। ਹੁਣ ਵੀ 37 ਸਾਲਾਂ ਬਾਅਦ ਦੁਬਾਰਾ ਹੜ੍ਹ ਆਉਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਦਾ ਬਹੁਤ ਵੱਡਾ ਹਿੱਸਾ ਪ੍ਰਭਾਵਿਤ ਹੋਇਆ ਹੈ। ਇਸ ਨਾਲ ਫ਼ਸਲਾਂ, ਪਸ਼ੂਆਂ, ਘਰਾਂ, ਕਾਰੋਬਾਰਾਂ ਸਮੇਤ ਹੋਰ ਅਨੇਕਾਂ ਚੀਜ਼ਾਂ ਦਾ ਵੱਡਾ ਨੁਕਸਾਨ ਹੋਇਆ ਹੈ। ਪਰ ਅਜੇ ਤੱਕ ਪ੍ਰਧਾਨ ਮੰਤਰੀ ਨੇ ਇਸ ਨੁਕਸਾਨ ਬਾਰੇ ਕੋਈ ਬਿਆਨ ਨਹੀਂ ਦਿੱਤਾ। ਹੁਣ ਜਦੋਂ ਪ੍ਰਧਾਨ ਮੰਤਰੀ ਖ਼ੁਦ ਆ ਰਹੇ ਹਨ ਤਾਂ ਪ੍ਰਧਾਨ ਮੰਤਰੀ ਇਸ ਗੱਲ ਦਾ ਖ਼ਿਆਲ ਜ਼ਰੂਰ ਰੱਖਣ ਕਿ ਪੰਜਾਬ ਸਾਰੇ ਹਿੰਦੁਸਤਾਨ ਦਾ ਉਹ ਹਿੱਸਾ ਹੈ ਜਿਹਨੇ ਹਰ ਕੁਰਬਾਨੀ ਦੇ ਵਿੱਚ ਇੱਕ ਵੱਡਾ ਯੋਗਦਾਨ ਦਿੱਤਾ ਹੈ। ਅੱਜ ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਗੁਰਦਾਸਪੁਰ ਅਤੇ ਪੰਜਾਬ ਲਈ ਇੱਕ ਬਹੁਤ ਵੱਡੇ ਪੈਕੇਜ ਦਾ ਐਲਾਨ ਕਰਕੇ ਜਾਣ ਤਾਂ ਇਸ ਮੁਸ਼ਕਿਲ ਘੜੀ ਵਿੱਚ ਪੀੜਤ ਲੋਕਾਂ ਨੂੰ ਹੌਂਸਲਾ ਮਿਲ ਸਕੇ।