ਸੂਬਾ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਡੀ.ਟੀ.ਐਫ. ਬਲਾਕ ਕਮੇਟੀ ਬਠਿੰਡਾ ਦੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ , 8 ਸਤੰਬਰ 2025 : ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਬਠਿੰਡਾ ਦੀ ਭਰਵੀਂ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ਅਤੇ ਸਕੱਤਰ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਨੂੰ ਬਲਾਕ ਵਿੱਚ ਪੂਰਨ ਰੂਪ ਵਿੱਚ ਲਾਗੂ ਕਰਨ ਤੇ ਵਿਚਾਰ ਚਰਚਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਸੂਬਾ ਕਮੇਟੀ ਵੱਲੋਂ ਆਰਥਿਕ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾ,ਮਹਿੰਗਾਈ ਭੱਤੇ ਦੀਆਂ ਕਿਸਤਾਂ, ਪੇਂਡੂ ਭੱਤਾ ਬਹਾਲ ਕਰਾਉਣਾ, ਪ੍ਰੈਕਟੀਕਲ ਭੱਤਾ ਲਾਗੂ ਕਰਾਉਣਾ ,ਅਧਿਆਪਕਾਂ ਦੀ ਏਸੀਪੀ ਸਕੀਮ 3-7-11-15 ਅਨੁਸਾਰ ਲਾਗੂ ਕਰਾਉਣ ਅਤੇ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਕਰਾਉਣ ਲਈ ਮੁੱਖ ਮੰਤਰੀ ਦੇ ਜੱਦੀ ਜਿਲੇ ਸੰਗਰੂਰ ਵਿੱਚ ਬਲਾਕ ਬਠਿੰਡਾ ਵੱਲੋਂ ਅਧਿਆਪਕਾਂ ਦੀ ਵੱਡੇ ਗਿਣਤੀ ਵਿੱਚ ਸ਼ਮੂਲੀਅਤ ਕਰਾਉਣ ਲਈ ਵਿਉਂਤਬੰਦੀ ਕੀਤੀ ਗਈ।
ਇਸ ਮੌਕੇ ਬਰਨਾਲਾ ਵਿਖੇ 14 ਸਤੰਬਰ ਨੂੰ ਬੀ.ਕੇ. ਯੂ .ਉਗਰਾਹਾਂ ਦੀ 'ਰਾਖੀ ਕਰੋ ਮੁਹਿੰਮ' ਤਹਿਤ ਹੋਣ ਵਾਲੀ ਰੈਲੀ ਵਿੱਚ ਬਲਾਕ ਵੱਲੋਂ ਸ਼ਮੂਲੀਅਤ ਕਰਨ ਦਾ ਫੈਸਲਾ ਬਲਾਕ ਕਮੇਟੀ ਨੇ ਸਰਬਸੰਮਤੀ ਨਾਲ ਲਿਆ। ਪੇ - ਸਕੇਲ ਬਹਾਲੀ ਫਰੰਟ ਵੱਲੋਂ 28 ਸਤੰਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਬਲਾਕ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਬਲਾਕ ਕਮੇਟੀ ਮੈਂਬਰ ਸਰਜੀਵਨ ਕੁਮਾਰ ਪ੍ਰਮੋਸ਼ਨ ਉਪਰੰਤ ਜ਼ਿਲ੍ਹਾ ਬਦਲੀ ਕਾਰਨ ਖਾਲੀ ਹੋਏ ਅਹੁਦੇ ਲਈ ਮਲਕੀਤ ਸਿੰਘ ਲੈਕਚਰਾਰ ਜਿਓਗ੍ਰਫੀ ਐਸਓਈ ਕੋਟਸ਼ਮੀਰ ਨੂੰ ਸਰਬ ਸੰਮਤੀ ਨਾਲ ਬਲਾਕ ਕਮੇਟੀ ਮੈਂਬਰ ਲਿਆ ਗਿਆ। ਚੋਣ ਕਮਿਸ਼ਨ ਵੱਲੋਂ ਬੂਥ ਲੈਵਲ ਅਫਸਰਾਂ ਨੂੰ 2003 ਦੀਆਂ ਵੋਟਰ ਸੂਚੀਆਂ ਨਾਲ 2025 ਦੀਆਂ ਵੋਟਰ ਸੂਚੀਆਂ ਦਾ ਮਿਲਾਨ ਕਰਨ ਦਾ ਕੰਮ ਹੜਾਂ ਦਾ ਸੰਤਾਪ ਹੰਢਾ ਰਹੇ ਪੰਜਾਬ ਵਿੱਚ ਦੋ ਤੋਂ ਤਿੰਨ ਦਿਨਾਂ ਵਿੱਚ ਕਰਨ ਦੇ ਤੁਗਲਕੀ ਫਰਮਾਨਾ ਖਿਲਾਫ ਡੀ.ਟੀ.ਐਫ. ਦੀ ਜਿਲਾ ਕਮੇਟੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਣ ਦਾ ਮਤਾ ਬਲਾਕ ਕਮੇਟੀ ਵੱਲੋਂ ਪਾਸ ਕੀਤਾ ਗਿਆ।
ਬਲਾਕ ਕਮੇਟੀ ਵੱਲੋਂ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ ਅਧੀਨ ਹੜ ਪੀੜਤਾਂ ਦੀ ਮਾਲੀ ਮਦਦ ਲਈ ਵਿੱਤੀ ਸਹਾਇਤਾ ਜਟਾਉਣ ਲਈ ਬਲਾਕ ਵਿੱਚ ਮੁਹਿੰਮ ਜਾਰੀ ਰੱਖਣ ਦਾ ਫੈਸਲਾ ਕਰਕੇ ਵੱਧ ਤੋਂ ਵੱਧ ਬਲਾਕ ਦੇ ਅਧਿਆਪਕਾਂ ਤੋਂ ਹੜ ਪੀੜਤ ਲਈ ਫੰਡ ਅਗਲੇ ਪੜਾਅ ਵਿੱਚ ਵੀ ਇਕੱਤਰ ਕਰਨ ਦਾ ਫੈਸਲਾ ਕੀਤਾ ਗਿਆ। ਬਲਾਕ ਦੀ ਮੀਟਿੰਗ ਵਿੱਚ ਬਲਾਕ ਕਮੇਟੀ ਵਿੱਤ ਸਕੱਤਰ ਰਾਮ ਸਿੰਘ ਬਰਾੜ, ਗੁਰਜੀਤ ਸਿੰਘ ਸਿੱਧੂ, ਮਨਦੀਪ ਸਿੰਘ ਵਿਰਕ, ਬਲਜਿੰਦਰ ਕੌਰ, ਗਗਨਦੀਪ ਕੌਰ ਗਿੱਲ, ਸਰਬਜੀਤ ਸਿੰਘ ਮਾਨ, ਜਗਰੂਪ ਸਿੰਘ ਸੀਵੀਆਂ, ਮਲਕੀਤ ਸਿੰਘ, ਤੋਂ ਇਲਾਵਾ ਬਲਾਕ ਦੇ ਦਰਸ਼ਕ ਅਧਿਆਪਕ ਵਿਸ਼ਨੂ ਗੇਂਦਰ, ਰਾਮਨਿਵਾਸ ਅਤੇ ਵਿਜੇ ਕੁਮਾਰ ਐਚ.ਟੀ. ਨੇ ਭਾਗ ਲਿਆ।