ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਰਾਹਤ ਕਾਰਜ ਜਾਰੀ
ਅਸ਼ੋਕ ਵਰਮਾ
ਫਾਜ਼ਿਲਕਾ, 8 ਸਤੰਬਰ 2025: ਇਸ ਵਾਰ ਦੇ ਹੜਾਂ ਨੇ ਫਾਜ਼ਿਲਕਾ ਜਿਲੇ ਦੇ 22 ਪਿੰਡ ਪੂਰੀ ਤਰਾਂ ਤਬਾਹ ਕਰ ਦਿੱਤੇ ਹਨ। ਆਪਣੇ ਲੋਕਾਂ ਦੀ ਬਾਂਹ ਫੜਨ ਲਈ, ਜ਼ਿਲ੍ਹੇ ਵਿੱਚ ਸਰਗਰਮ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਲਾਧੂਕਾ ਦੀ ਅਗਵਾਈ ਹੇਠ ਜ਼ਿਲੇ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੋ ਵਾਰ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਨੂੰ ਜਾਣਿਆ ਗਿਆ। ਜ਼ਿਲ੍ਹੇ ਦੇ ਪਿੰਡ ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾਂ ਨਾਨਕਾ, ਢਾਣੀ ਲਾਭ ਸਿੰਘ, ਮਹਾਤਮ ਨਗਰ, ਰਾਮ ਸਿੰਘ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ ਇਕ, ਵੱਲੇ ਸ਼ਾਹ ਹਿਠਾੜ, ਢਾਣੀ ਸੱਦਾ ਸਿੰਘ, ਗੁੱਦੜ ਭੈਣੀ, ਘੁਰਕਾ, ਢਾਣੀ ਮੋਹਣਾ ਰਾਮ, ਵੱਲੇ ਸ਼ਾਹ ਉਤਾੜ ਦੀਆਂ ਢਾਣੀਆਂ, ਮੁਹਾਰ ਖੀਵਾ, ਮੁਹਾਰ ਸੋਨਾ, ਮੁਹਾਰ ਖੀਵਾ ਭਵਾਨੀ, ਰੇਤੇ ਵਾਲੀ ਢਾਣੀ, ਕਾਵਾਂ ਵਾਲੀ, ਢਾਣੀ ਬਚਨ ਸਿੰਘ, ਨੂਰ ਸ਼ਾਹ, ਮਨਸਾ 2, ਪਾਰ ਦਾ ਮਨਸ਼ਾ, ਸਥਾਨ ਵਾਲਾ ਆਦਿ ਪਿੰਡਾਂ ਵਿੱਚ 6 ਤੋਂ 10 ਫੁੱਟ ਤੱਕ ਪਾਣੀ ਹੈ।
ਉਨ੍ਹਾਂ ਦੱਸਿਆ ਕਿ ਫਾਜਿਲਕਾ ਜ਼ਿਲ੍ਹੇ ਵਿੱਚ ਐਨਡੀਆਰਐਫ ਤੋਂ ਇਲਾਵਾ ਲੋਕਾਂ ਦੀ ਮੱਦਦ ਲਈ ਪੁਲੀਸ, ਸੀਆਰਪੀਐਫ ਵਗੈਰਾ ਕੋਈ ਏਜੰਸੀ ਨਹੀਂ ਪਹੁੰਚੀ। ਜਦੋਂ ਤੱਕ ਐਨਡੀਆਰਐਫ ਦੀ ਟੀਮ ਪਹੁੰਚੀ, ਉਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਅਤੇ ਖਾਸ ਕਰਕੇ ਨੌਜਵਾਨਾਂ ਨੇ ਉਦੋਂ ਤੋਂ ਹੀ ਮੋਰਚਾ ਸਾਂਭ ਲਿਆ ਸੀ। ਨੌਜਵਾਨ ਤਰਸੇਮ ਲਾਲ ਨਿੱਕਾ, ਅੰਕੁਸ਼ ਕੁਮਾਰ, ਸਾਹਿਲ ਕੰਬੋਜ, ਮਿਲਨ ਕੰਬੋਜ, ਅਨਿਕੇਤ ਕੰਬੋਜ, ਆਕਾਸ਼ਦੀਪ, ਅਮਨ ਕੰਬੋਜ ਲਾਧੂਕਾ ਅਤੇ ਸੁਖਦੇਵ ਸਿੰਘ ਸਵਨਾ ਆਪਣੇ ਲੱਗਭੱਗ 100 ਨੌਜਵਾਨ ਸਾਥੀਆਂ ਸਮੇਤ 18 -18 ਘੰਟੇ ਕੰਮ ਕਰ ਰਹੇ ਹਨ। ਜਥੇਬੰਦੀ ਵੱਲੋਂ ਇਹਨਾਂ ਨੌਜਵਾਨਾਂ ਦੀ ਮੱਦਦ ਨਾਲ ਲਾਧੂਕਾ, ਸਲੇਮ ਸ਼ਾਹ, ਨੂਰ ਸ਼ਾਹ, ਸਦੀਕ ਵਾਲਾ ਅਤੇ ਮੌਜਮ ਵਿਖੇ ਪੰਜ ਪਿੰਡਾਂ ਵਿੱਚ ਰਾਹਤ ਕੈਂਪ ਚਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਇਕਾਈਆਂ ਪਿੰਡਾਂ ਵਿੱਚੋਂ ਵਾਰੋ ਵਾਰੀ ਲੰਗਰ ਲੈ ਕੇ ਰਾਹਤ ਕੈਂਪਾਂ ਵਿੱਚ ਪਹੁੰਚਦੀਆਂ ਹਨ। ਇਹਨਾਂ ਕੈਂਪਾਂ ਰਾਹੀਂ ਲੋਕਾਂ ਦੀ ਹਰ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਦੱਸਿਆ ਕਿ ਜਦੋਂ ਤੱਕ ਜ਼ਰੂਰਤ ਪਈ ਇਹ ਕੈਂਪ ਜਾਰੀ ਰਹਿਣਗੇ। ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ। ਕੁੱਝ ਹੀ ਦਿਨਾਂ ਵਿੱਚ ਜਦੋਂ ਲੋਕ ਘਰਾਂ ਨੂੰ ਪਰਤ ਜਾਣਗੇ ਤਾਂ ਉਹਨਾਂ ਨੂੰ ਲੋੜੀਦੀਆਂ ਚੀਜ਼ਾਂ ਦੀ ਪੂਰਤੀ ਕਰਵਾਉਣ ਦਾ ਵੀ ਹਰ ਸੰਭਵ ਯਤਨ ਕੀਤਾ ਜਾਵੇਗਾ।