ਰਾਮ ਰਹੀਮ ਵੱਲੋਂ ਆਪਣੇ ਪੈਰੋਕਾਰਾਂ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੇ ਨਿਰਦੇਸ਼
ਅਸ਼ੋਕ ਵਰਮਾ
ਬਠਿੰਡਾ, 1ਸਤੰਬਰ 2025 :ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ’ਚ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਤੁਰੰਤ ਸਹਾਇਤਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੱਕ ਵੀਡੀਓ ਸੰਦੇਸ਼ ਰਾਹੀਂ ਡੇਰਾ ਸਿਰਸਾ ਮੁਖੀ ਨੇ ਡੇਰਾ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਉਹ ਪ੍ਰਸ਼ਾਸ਼ਨ ਨਾਲ ਮਿਲਕੇ ਹੜ੍ਹ ਪੀੜਤਾਂ ਨੂੰ ਲੁੜੀਂਦੀ ਸਹਾਇਤਾ ਪੁਜਦੀ ਕਰਨ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ’ਚ ਡੇਰਾ ਸੱਚਾ ਸੌਦਾ ਹੜ੍ਹ ਪੀੜਤਾਂ ਦੇ ਦੁੱਖ ’ਚ ਪੂਰੀ ਇਨਸਾਨੀਅਤ ਦੀ ਭਾਵਨਾ ਨਾਲ ਸ਼ਾਮਲ ਹੈ ਅਤੇ ਉਨ੍ਹਾਂ ਦਾ ਦੁੱਖ ਸਾਡਾ ਸਾਰਿਆਂ ਦਾ ਦੁੱਖ ਹੈ। ਡੇਰਾ ਮੁਖੀ ਨੇ ਕਿਹਾ ਕਿ ਹਜ਼ਾਰਾਂ ਪਿੰਡਾਂ ’ਚ ਲੱਖਾਂ ਏਕੜ ਖੇਤੀ ਦੀ ਜ਼ਮੀਨ ਵੀ ਪ੍ਰਭਾਵਿਤ ਹੋਈ ਤੇ ਅਣਗਿਣਤ ਪਰਿਵਾਰਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਹੈ ।
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਦੀ ਫਸਲ ਤੇ ਪਸ਼ੂਧਨ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਰਾਹਤ ਤੇ ਬਚਾਅ ਕਾਰਜ ਹੋਰ ਤੇਜ਼ ਕਰਨ ਤੇ ਪ੍ਰਭਾਵਿਤ ਪਰਿਵਾਰਾਂ ਤੇ ਕਿਸਾਨਾਂ ਲਈ ਮੁਆਵਜ਼ਾ ਤੇ ਮੁੜ-ਵਸੇਬੇ ਦੀ ਸੁਚੱਜੀ ਵਿਵਸਥਾ ਯਕੀਨੀ ਬਨਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਰੂਰਤ ਪੈਣ ਤੇ ਇੱਕ ਦੂਸਰੇ ਦੀ ਸਹਾਇਤਾ ਕਰਨਾ ਹੀ ਸੱਚੀ ਇਨਸਾਨੀਅਤ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਪਹਿਲਾਂ ਹੀ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ’ਚ ਜੁਟੇ ਹੋਏ ਹਨ ਪਰ ਹੁਣ ਸਮੂਹ ਸੇਵਾਦਾਰ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਕੇ ਇਸ ਕੰਮ ’ਚ ਹੋਰ ਵੀ ਤੇਜੀ ਲਿਆਉਣਗੇ। ਉਨ੍ਹਾਂ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।
ਉਨ੍ਹਾਂ ਇਸ ਮੌਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ , ਭਾਰਤੀ ਫੌਜ ,ਐਨਡੀਆਰਐਫ, ਬੀਐਸਐਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦਾ ਸੇਵਾ ਕਾਰਜਾਂ ਲਈ ਧੰਨਵਾਦ ਕੀਤਾ ਅਤੇ ਆਸ਼ੀਰਵਾਦ ਵੀ ਦਿੱਤਾ। ਇਸ ਦੌਰਾਨ ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਓਡੀਸ਼ਾ , ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਹੜ੍ਹਾਂ, ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਸਲਾਮਤੀ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਡੋਡਾ ਖੇਤਰ ਵਿੱਚ ਬੱਦਲ ਫਟਣ ਅਤੇ ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਜ਼ਮੀਨ ਖਿਸਕਣ ਕਾਰਨ ਮੌਤੇ ਦੇ ਮੂੰਹ ਜਾ ਪੈਣ ਵਾਲਿਆਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਕੀਤੀ । ਦੱਸਣਯੋਗ ਹੈ ਕਿ ਪੰਜਾਬ ਦੇ ਇੱਕ ਦਰਜਨ ਤੋਂ ਵੱਧ ਜਿਲ੍ਹੇ ਹੜ੍ਹਾਂ ਕਾਰਨ ਪ੍ਰਭਾਵਿਤ ਹਨ ਅਤੇ ਇਸ ਦੌਰਾਨ ਫਸਲਾਂ ਅਤੇ ਪਸ਼ੂ ਧਨ ਸਮੇਤ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ।