ਸਿਹਤਮੰਦ ਤੇ ਜਾਗਰੂਕ ਪੀੜ੍ਹੀ ਵੱਲ ਕਦਮ: ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਜੈਕਟ ਤਹਿਤ ਡਾਇਟ ਪ੍ਰਿੰਸੀਪਲ ਅਤੇ ਸਟਾਫ ਲਈ ਦੋ ਰੋਜ਼ਾ ਓਰੀਐਂਟੇਸ਼ਨ ਦਾ ਆਯੋਜਨ
ਐਸ.ਏ.ਐਸ. ਨਗਰ, ਅਗਸਤ 2025 (): ਰਾਜ ਵਿਦਿਆਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਡਾਇਰੈਕਟਰ ਕਿਰਨ ਸ਼ਰਮਾ (ਪੀ.ਸੀ.ਐਸ.) ਦੀ ਅਗਵਾਈ ਅਤੇ ਸਹਾਇਕ ਡਾਇਰੈਕਟਰ ਡਾ. ਬੂਟਾ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਜੈਕਟ ਤਹਿਤ ਡਾਇਟ ਪ੍ਰਿੰਸੀਪਲ ਅਤੇ ਸਟਾਫ ਲਈ ਦੋ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸਿਪਾ), ਚੰਡੀਗੜ੍ਹ ਵਿਖੇ ਕਰਵਾਇਆ ਗਿਆ।
ਸ਼੍ਰੀ ਸੁਨੀਲ ਕੁਮਾਰ, ਨੋਡਲ ਅਫਸਰ, ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਜੈਕਟ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਆਯੋਜਨ ਰਾਸ਼ਟਰੀ ਪਾਪੂਲੇਸ਼ਨ ਐਜੂਕੇਸ਼ਨ ਪ੍ਰਾਜੈਕਟ (NPEP) ਅਤੇ ਸਕੂਲ ਹੈਲਥ ਐਂਡ ਵੇਲਨੈੱਸ ਪ੍ਰੋਗਰਾਮ (SHWP) ਨੂੰ ਮਜ਼ਬੂਤੀ ਦੇਣ ਲਈ ਕੀਤਾ ਗਿਆ ਸੀ। ਇਸਦਾ ਉਦੇਸ਼ ਲਿੰਗ ਸਮਾਨਤਾ, ਸੁਰੱਖਿਆ, ਸਿਹਤਮੰਦ ਜੀਵਨ-ਸ਼ੈਲੀ, ਮਾਨਸਿਕ ਸਿਹਤ, ਪੋਸ਼ਣ ਅਤੇ ਜਿੰਮੇਵਾਰ ਨਾਗਰਿਕਤਾ ਵਰਗੇ ਮੁੱਦਿਆਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਡਾਇਟਾਂ ਨੂੰ ਉਹਨਾਂ ਹੁਨਰਾਂ ਅਤੇ ਸਰੋਤਾਂ ਨਾਲ ਸਜਾਉਣਾ ਹੈ ਜਿਨ੍ਹਾਂ ਰਾਹੀਂ ਉਹ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਟ੍ਰੇਨਿੰਗ ਦੇ ਸਕਣ। ਇਹ ਯਤਨ ਵਿਦਿਆਰਥੀਆਂ ਦੇ ਸਰੀਰਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਨੂੰ ਸਿੱਖਿਆ ਦਾ ਅਟੁੱਟ ਹਿੱਸਾ ਮੰਨਦਾ ਹੈ ਅਤੇ ਅਜੋਕੇ ਸਮੇਂ ਦੇ ਸੰਦਰਭ ਵਿੱਚ ਇਹ ਪ੍ਰੋਗਰਾਮ ਬਹੁਤ ਹੀ ਸਾਰਥਕ ਸਾਬਤ ਹੋਵੇਗਾ।
ਸਿਹਤ ਵਿਭਾਗ, ਪੰਜਾਬ ਤੋਂ ਡਾ. ਤਰੂਣ ਜਾਵਾ ਅਤੇ ਡਾ. ਜਤਿੰਦਰ ਨੇ ਰਿਸੋਰਸ ਪਰਸਨ ਵਜੋਂ ਭਾਗ ਲਿਆ ਅਤੇ ਸਿਹਤ ਸੰਬੰਧੀ ਜਾਗਰੂਕਤਾ ਨਾਲ ਨਾਲ ਸਕੂਲੀ ਪਾਠਕ੍ਰਮ ਦੇ ਅੰਦਰ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ। ਇਸ ਪ੍ਰੋਗਰਾਮ ਵਿੱਚ ਪੰਜਾਬ ਭਰ ਦੀਆਂ ਡਾਇਟਾਂ ਤੋਂ ਪ੍ਰਿੰਸੀਪਲਾਂ ਅਤੇ ਫੈਕਲਟੀ ਮੈਂਬਰਾਂ, ਐਸ.ਸੀ.ਈ.ਆਰ.ਟੀ. ਤੋਂ ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀ ਸੰਦੀਪ ਕੁਮਾਰ ਅਤੇ ਕੁਮਾਰੀ ਅੰਜੂ ਨੇ ਵੀ ਭਾਗ ਲਿਆ।