ਸਰਕਾਰੀ ਆਈਟੀਆਈ ਠੇਕਾ ਮੁਲਾਜ਼ਮਾਂ ਨੇ ਰੋਸ ਵਜੋਂ ਕੀਤੀ ਗੇਟ ਰੈਲੀ
ਰੋਹਿਤ ਗੁਪਤਾ
ਗੁਰਦਾਸਪੁਰ 17 ਜੁਲਾਈ 2025: ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜਮ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਕਰਨ ਦਾ ਵਿਗੁਲ ਵਜਾ ਦਿੱਤਾ ਹੈ। ਪਿਛਲੇ 16 ਸਾਲਾਂ ਤੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਵਾਉਣ ਵਾਲੀ ਜੱਥੇਬੰਦੀ ਨੇ ਹੁਣ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਹੁਣ ਖੁੱਲ੍ਹ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਜਿਸ ਦੇ ਚਲਦਿਆਂ ਅੱਜ ਗੁਰਦਾਸਪੁਰ ਦੇ ਸਰਕਾਰੀ ਆਦਿਯੋਗੀ ਸਿਖਲਾਈ ਸੰਸਥਾ ਗੁਰਦਾਸਪੁਰ ਲੜਕੀਆਂ ਵਿਖੇ ਜੱਥੇਬੰਦੀ ਦੇ ਆਗੂ ਮਹਿਕਦੀਪ ਸਿੰਘ ਕੰਪਿਊਟਰ ਟੀਚਰ ਅਤੇ ਪ੍ਰਵਨੀਤ ਕੌਰ ਕੋਸਮੋਟੋਲੋਜੀ ਅਧਿਆਪਕਾ ਨਾਲ ਸਾਥੀ ਆਗੂਆਂ ਨੇ ਦੱਸਿਆ ਕਿ ਉਹ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ ਟੀ ਆਈਆਂ ਵਿੱਚ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਨਿਗੂਣੀਆਂ ਤਨਖਾਹਾਂ ਸਿਰਫ਼ 15000 ਉੱਪਰ ਗਰੁੱਪ ਬੀ ਬਤੌਰ ਕਰਾਫਟ ਇੰਸਟਰਕਟਰ ਵਜੋਂ ਆਪਣਾ ਸ਼ੋਸ਼ਣ ਕਰਵਾ ਰਹੇ ਹਨ ਜਦਕਿ ਇਹੀ ਪੰਜਾਬ ਸਰਕਾਰ ਗਰੁੱਪ ਸੀ ਅਤੇ ਡੀ ਨੂੰ ਸਾਡੇ ਨਾਲੋਂ ਵੱਧ ਤਨਖਾਹਾਂ ਦੇ ਰਹੀ ਹੈ ਜੋ ਕਿ ਕਿਤੇ ਵੀ ਤਰਕਸੰਗਤ ਨਹੀਂ ਹੈ ਇਸਤੋਂ ਇਲਾਵਾ ਸਾਨੂੰ ਕਿਸੇ ਵੀ ਕਿਸਮ ਦੀ ਛੁੱਟੀ ਨਹੀਂ ਦਿੱਤੀ ਜਾਂਦੀ, ਨਾ ਹੀ ਕੋਈ ਬਦਲੀ ਕਰਵਾਉਣ ਦਾ ਅਧਿਕਾਰ ਹੈ, ਨਾ ਹੀ ਕੋਈ ਸਰਵਿਸ ਬੁੱਕ ਲਗਾਈ ਗਈ ਹੈ ਅਤੇ ਨਾ ਹੀ ਕੋਈ ਸਲਾਨਾ ਇੰਕਰੀਮੈਂਟ ਹੈ ਇੱਥੋਂ ਤੱਕ ਲੇਡੀਜ਼ ਲਈ ਜਣੇਪਾ ਛੁੱਟੀ ਤੱਕ ਦਾ ਅਧਿਕਾਰ ਨਹੀਂ ਹੈ ਜੋ ਕਿ ਇਹ ਪੰਜਾਬ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਅਸੀਂ ਗੱਲਬਾਤ ਰਾਹੀਂ ਪਿਛਲੇ ਤਿੰਨ ਸਾਲਾਂ ਤੋਂ 40-50 ਮੁੱਖ ਮੰਤਰੀ ਦਫਤਰ ਦੇ ਗੇੜੇ ਮਾਰੇ ਕਿ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਦਾ ਸਮਾਂ ਮਿਲ ਜਾਵੇ ਪਰੰਤੂ ਆਮ ਲੋਕਾਂ ਦੇ ਮੁੱਖ ਮੰਤਰੀ ਕਹਾਉਣ ਵਾਲੇ ਭਗਵੰਤ ਸਿੰਘ ਮਾਨ ਵੀ ਪਹਿਲੇ ਮੁੱਖ ਮੰਤਰੀਆਂ ਦੀ ਤਰਾਂ ਹੀ ਨਿਕਲੇ ਇੱਕ ਮਿੰਟ ਦਾ ਵੀ ਸਮਾਂ ਨਹੀਂ ਦਿੱਤਾ ਗਿਆ। ਇਸਤੋਂ ਇਲਾਵਾ ਕਈ ਵਾਰ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਮਿਲ ਚੁੱਕੇ ਹਾਂ ਉਹਨਾਂ ਵੱਲੋਂ ਹਰ ਵਾਰ ਇੰਗਨੋਰ ਕਰ ਦਿੱਤਾ ਜਾਂਦਾ ਹੈ ਜਿਵੇਂ ਉਹਨਾਂ ਦਾ ਤਕਨੀਕੀ ਸਿੱਖਿਆ ਵੱਲ ਧਿਆਨ ਈ ਨਾ ਹੋਵੇ ਕਿਉਂਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਸਕੂਲਾਂ ਵਿੱਚੋਂ ਹੀ ਨਹੀਂ ਨਿਕਲ ਰਹੇ ਜਦਕਿ ਉਹ ਤਕਨੀਕੀ ਸਿੱਖਿਆ ਮੰਤਰੀ ਵੀ ਹਨ।
ਅਸੀਂ ਪੰਜਾਬ ਦਾ ਕੋਈ ਆਮ ਆਦਮੀ ਪਾਰਟੀ ਦਾ ਐਮ ਐਲ , ਕੋਈ ਮੰਤਰੀ ਨਹੀਂ ਛੱਡਿਆ ਜਿਸਨੂੰ ਬੇਨਤੀ ਨਾ ਕੀਤੀ ਹੋਵੇ ਪਰੰਤੂ ਸਾਰਿਆਂ ਵੱਲੋਂ ਸਿਰਫ ਲਾਰੇ ਹੀ ਮਿਲੇ ਹਨ ਕਿਸੇ ਨੇ ਵੀ ਕੋਈ ਹੱਲ ਕਰਵਾਉਣ ਬਾਰੇ ਨਹੀਂ ਸੋਚਿਆ। ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਬਹੁਤ ਸਖ਼ਤ ਮਿਹਨਤ ਕੀਤੀ ਸੀ ਕਿ ਇਹ ਸਰਕਾਰ ਸਾਡਾ ਕੁੱਝ ਕਰੇਗੀ ਪ੍ਰੰਤੂ ਸਾਡੇ ਹੱਥ ਪਹਿਲਿਆਂ ਵਾਂਗ ਨਿਰਾਸ਼ਾ ਹੀ ਹੱਥ ਲੱਗੀ ਹੈ।ਇਸ ਲਈ ਜੱਥੇਬੰਦੀ ਨੇ ਅੱਜ ਸਰਕਾਰੀ ਆਈ ਟੀ ਆਈ ਇਸਤਰੀਆਂ ਗੁਰਦਾਸਪੁਰ ਦੇ ਗੇਟ ਅੱਗੇ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ ਕਰ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਿਆ ਹੈ ਅਤੇ ਨਾਅਰੇਬਾਜ਼ੀ ਕੀਤੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਕਨੀਕੀ ਸਿੱਖਿਆ ਮੰਤਰੀ ਅਤੇ ਹੋਰ ਸਾਰੇ ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਲੋੜ ਪੈਂਣ ਤੇ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ।