ਅਕਾਲ ਅਕੈਡਮੀ ਜੰਡ ਸਾਹਿਬ ਦੀ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
ਜੰਡ ਸਾਹਿਬ, 14 ਮਈ 2025- ਕਲਗੀਧਰ ਟਰਸਟ ਬੜੂ ਸਾਹਿਬ ਵਿਦਿਅਕ ਸੰਸਥਾ ਅਧੀਨ ਚਲ ਰਹੀ ਅਕਾਲ ਅਕੈਡਮੀ ਜੰਡ ਸਾਹਿਬ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ। ਸਿੱਖਿਆ ਅਤੇ ਸੰਸਕਾਰਾਂ ਨੂੰ ਇਕਸਾਥ ਲੈ ਕੇ ਚੱਲਣ ਵਾਲੀ ਅਕਾਲ ਅਕੈਡਮੀ ਜੰਡ ਸਾਹਿਬ ਨੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸੌ ਫੀਸਦੀ ਨਤੀਜਾ ਪ੍ਰਾਪਤ ਕਰਦਿਆਂ ਇਕ ਵਾਰ ਫਿਰ ਆਪਣੀ ਗੁਣਵੱਤਾ ਅਤੇ ਨਿੱਖਾਰ ਨੂੰ ਸਾਬਤ ਕੀਤਾ ਹੈ। ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕੀਤੇ, ਜਿਸ ਨਾਲ ਨਾ ਸਿਰਫ਼ ਸਕੂਲ ਦਾ, ਸਗੋਂ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਵੀ ਮਾਣ ਵਧਾਇਆ। ਕਈ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕਰਕੇ ਕਾਮਯਾਬੀ ਦੀ ਨਵੀਂ ਮਿਸਾਲ ਕਾਇਮ ਕੀਤੀ। ਦਸਵੀਂ ਕਲਾਸ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿੱਚ ਸ਼ਾਮਿਲ ਹਨ: ਗੁਰਲੀਨ ਕੌਰ ਪੁੱਤਰੀ ਰਣਜੀਤ ਸਿੰਘ –98.4% ਪਹਿਲਾ ਸਥਾਨ, ਰਜਨਵੀਰ ਕੌਰ ਨੇ 95.8% ਦੂਜਾ ਸਥਾਨ, ਹਰਿਸਿਮਰਨਜੀਤ ਸਿੰਘ – 93.2% ਨੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਜਸਕੀਰਤ ਕੌਰ, ਰਵਨੀਤ ਕੌਰ, ਗੁਰਕੀਰਤਨ ਕੌਰ, ਹਰਨੀਤ ਕੌਰ, ਜਪਜੀਤ ਕੌਰ, ਅਭੀਜੋਤ ਸਿੰਘ, ਅਵਨੀਤ ਕੌਰ ਨੇ 90% ਤੋਂ ਵੱਧ ਅੰਕ ਹਾਸਿਲ ਕੀਤੇ। ਇਸ ਤੋਂ ਇਲਾਵਾ ਬਾਰਾਂ ਬੱਚਿਆਂ ਨੇ ਪੰਜਾਬੀ ਵਿਸ਼ੇ ਵਿੱਚ ਸੌ ਵਿੱਚੋਂ ਸੌ ਅਤੇ ਕਈ ਬੱਚਿਆਂ ਨੇ ਸਾਇੰਸ ਵਿਸ਼ੇ ਵਿੱਚੋਂ ਸੌ ਵਿੱਚੋਂ ਸੌ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਾਰੇ ਵਿਦਿਆਰਥੀਆਂ ਨੇ 68% ਤੋਂ ਵੱਧ ਅੰਕ ਹਾਸਿਲ ਕੀਤੇ। ਅਕਾਲ ਅਕੈਡਮੀ ਜੰਡ ਸਾਹਿਬ ਦੇ ਪ੍ਰਿੰਸੀਪਲ ਸੁਸ਼ੀਲ ਸੁਨੀਤਾ ਨੇ ਨਤੀਜਿਆਂ ਦੀ ਘੋਸ਼ਣਾ ਕਰਦਿਆਂ ਕਿਹਾ, "ਇਹ ਸਫਲਤਾ ਸਿਰਫ਼ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਪਰਿਣਾਮ ਹੈ ਅਤੇ ਨਾਲ ਹੀ ਮਾਪਿਆਂ ਦੇ ਸਹਿਯੋਗ ਅਤੇ ਅਕਾਲ ਅਕੈਡਮੀ ਦੀ ਸੰਸਕਾਰਮਈ ਸਿੱਖਿਆ ਦਾ ਵੀ ਨਤੀਜਾ ਹੈ। ਅਕਾਲ ਅਕੈਡਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਅਧਿਆਤਮ ਅਤੇ ਨੈਤਿਕਤਾ ਨਾਲ ਸੰਪੰਨ ਕਰਨਾ ਹੈ।" ਵਿਦਿਆਰਥੀਆਂ ਦੀ ਉਪਲਬਧੀ ਤੋਂ ਖੁਸ਼ ਮਾਪਿਆਂ ਨੇ ਵੀ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ।