ਬਠਿੰਡਾ ਜ਼ਿਲ੍ਹੇ ਦੀ ਚਰਚਿਤ ਕਹਾਣੀਕਾਰ ਅੰਮ੍ਰਿਤਪਾਲ ਕੌਰ ਕਲੇਰ ਨਾਲ਼ ਗੁਫ਼ਤਗੂ
ਅਸ਼ੋਕ ਵਰਮਾ
ਬਠਿੰਡਾ, 14 ਮਈ 2025 : ਪੰਜਾਬੀ ਦੇ ਇੱਕ ਯੂਟਿਊਬ ਵੈਬ ਚੈਨਲ ਨੇ'ਸਾਹਿਤਕ ਮੰਚ ਭਗਤਾ" ਦੇ ਜਨਰਲ ਸਕੱਤਰ ਅਤੇ ਸਮਕਾਲ ਦੇ ਚਰਚਿਤ ਕਹਾਣੀਕਾਰਾ ਅੰਮ੍ਰਿਤਪਾਲ ਕਲੇਰ ਨਾਲ ਗੁਫ਼ਤਗੂ ਕੀਤੀ । ਅੰਮ੍ਰਿਤਪਾਲ ਕਲੇਰ ਨੇ ਆਪਣਾ ਲਿਖਿਆ ਗੀਤ "ਆ ਬੁੱਲ੍ਹਿਆ ਦਿਲ ਹੌਲ਼ਾ ਕਰੀਏ" ਤਰੰਨਮ ਵਿੱਚ ਸੁਣਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। 'ਗੁਫਤਗੂ' ਉਹਨਾਂ ਦੀ ਗੀਤ ਵਿਧਾ ਅਤੇ ਲਿਖਣ ਉੱਤੇ ਆਧਾਰਤ ਸੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਖੇਤਪਾਲ ਸਿੰਘ 'ਦੀਪ' ਨੇ ਪ੍ਰੋਗਰਾਮ ਦੀ ਰੂਪਰੇਖਾ ਦੱਸੀ। ਪ੍ਰੋਗਰਾਮ ਇੰਚਾਰਜ ਡਾ. ਹਰੀਸ਼ ਗਰੋਵਰ ਨੇ ਅੰਮ੍ਰਿਤਪਾਲ ਕਲੇਰ ਦੀ ਕਹਾਣੀ ਤੋਂ ਹਟ ਕੇ ਗੀਤ ਅਤੇ ਕਵਿਤਾ ਦੇ ਵਿਸ਼ੇ ਉੱਤੇ ਗੱਲ ਕੀਤੀ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਅੰਮ੍ਰਿਤਪਾਲ ਕਲੇਰ ਦੇ ਪਲੇਠੇ ਕਹਾਣੀ ਸੰਗ੍ਰਹਿ "ਜੁ਼ਮੈਟੋ ਗਰਲ" ਉੱਤੇ ਵਿਚਾਰ ਚਰਚਾ ਪੇਸ਼ ਕਰ ਚੁੱਕੇ ਹਾਂ। ਉਹਨਾਂ ਨੇ ਗੁਫ਼ਤਗੂ ਦੇ ਦੌਰਾਨ ਪੁੱਛਿਆ ਕਿ ,'ਸੰਸਾਰ ਪ੍ਰਸਿੱਧ ਕਲਾਸੀਕਲ ਸਾਹਿਤ ਦੇ ਬਰਾਬਰ ਦਾ ਕੀ ਸਾਡਾ ਪੰਜਾਬੀ ਸਾਹਿਤ ਹੈ?"ਡਾ. ਅਮਰਜੋਤੀ ਮਾਂਗਟ ਨੇ ਗੀਤਕਾਰੀ ਦੇ ਸ਼ਬਦ ਚੋਣ ਨੂੰ ਪ੍ਰਮੁੱਖਤਾ ਦਿੱਤੀ। ਕਿਰਨਜੀਤ ਕੌਰ ਨੇ ਸੋਸ਼ਲ ਮੀਡੀਆ ਦੀ ਹਲਕੀ ਗੀਤਕਾਰੀ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੀ ਸੰਪੂਰਨਤਾ ਤੇ ਅੰਮ੍ਰਿਤਪਾਲ ਕਲੇਰ ਨੇ ਨੌਜਵਾਨਾਂ ਨੂੰ ਯਥਾਰਥਵਾਦੀ ਸਾਹਿਤ ਪੜ੍ਹਨ ਵੱਲ ਪ੍ਰੇਰਿਤ ਕੀਤਾ।