ਏਡੀਸੀ ਵੱਲੋਂ ਪਿੰਡਾਂ ਅਤੇ ਕਸਬਿਆਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਯਕੀਨੀ ਬਣਾਉਣ ਦੇ ਨਿਰਦੇਸ਼
ਅਸ਼ੋਕ ਵਰਮਾ
ਬਠਿਡਾ, 14 ਮਈ 2025 : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ ਵੱਲੋਂ ਬਠਿੰਡਾ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਫੂਡ ਸੇਫ਼ਟੀ ਵੈਨ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰਾਂ ਤੋਂ ਇਲਾਵਾ ਪਿੰਡਾਂ/ਕਸਬਿਆਂ ਆਦਿ ਵਿੱਚ ਜਾ ਕੇ ਰੋਜ਼ਾਨਾ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਜਾਅਲੀ ਤਿਆਰ ਕੀਤੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਣੂੰ ਵੀ ਕਰਵਾਇਆ ਜਾਵੇ ਕਿ ਜੇਕਰ ਕਿਸੇ ਦੁਆਰਾ ਕੋਈ ਵਸਤੂ ਦੀ ਕਾਲਾਬਜ਼ਾਰੀ ਜਾਂ ਕੋਈ ਜਾਅਲੀ ਖਾਣ-ਪੀਣ ਦੀਆ ਚੀਜ਼ਾਂ ਤਿਆਰ ਕਰ ਰਿਹਾ ਹੈ ਤਾਂ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਕਿ ਉਨ੍ਹਾਂ ਖਿਲਾਫ਼ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਅੱਜ ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਜਿਵੇਂ ਮਾਲ ਰੋਡ, 100ਫੁੱਟੀ ਰੋਡ, ਪੁੱਡਾ ਮਾਰਕੀਟ ਤੋਂ ਇਲਾਵਾ ਫੂਡ ਦੀਆਂ ਦੁਕਾਨਾਂ ਵਿੱਚ ਤਲਣ ਲਈ ਵਰਤਿਆਂ ਜਾਂਦਾ ਤੇਲ ਤੋਂ ਇਲਾਵਾ ਕੇਕ, ਆਈਸ ਕਰੀਮ, ਫਰੋਜਨ ਚੀਜ ਬਾਲ, ਰੰਗਦਾਰ, ਸੂਗਰ, ਪੇਸਟ ਆਦਿ ਦੇ ਵੀ ਸੈਂਪਲ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਪਲਾਂ ਨੂੰ ਟੈਸਟਿੰਗ ਲਈ ਫੂਲ ਲੈਬਾਰਟਰੀ ਭੇਜਿਆ ਜਾਵੇਗਾ ਅਤੇ ਰਿਪੋਰਟ ਦੇ ਆਧਾਰ ਤੇ ਸਬੰਧਤ ਖਿਲਾਫ਼ ਬਣਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਰੈਸਟੋਰੈਂਟਾਂ ਤੋਂ ਇਲਾਵਾ ਹੋਰ ਦੁਕਾਨਾਂ ਆਦਿ ਨੂੰ ਸਾਫ਼-ਸਫ਼ਾਈ ਰੱਖਣ ਲਈ ਵੀ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਫੂਡ ਟੈਸਟਿੰਗ ਵੈਨ ਤੋਂ ਆਮ ਲੋਕ ਆਪਣੀਆਂ ਘਰੇਲੂ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਤੇਲ, ਪਾਣੀ, ਕਲੋਡ ਡਰਿੰਕ ਆਦਿ ਦੀ ਗੁਣਵੱਤਾ ਸਿਰਫ਼ 50 ਰੁਪਏ ਸਰਕਾਰੀ ਫ਼ੀਸ ਪ੍ਰਤੀ ਸੈਂਪਲ ਦੇ ਕੇ ਚੈਕ ਕਰਵਾ ਸਕਦੇ ਹਨ।