ਪੈਨਸ਼ਨਰਾਂ ਦੇ ਬਕਾਇਆ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੂੰ ਦਿੱਤਾ ਮੰਗ ਪੱਤਰ
- ਡੈਮੋਕ੍ਰੇਟਿਕ ਪੈਨਸ਼ਨਰਜ਼ ਫਰੰਟ ਨੇ ਉਠਾਇਆ ਕਮਾਈ ਛੁੱਟੀ ਦੇ ਬਕਾਏ ਵਿਚ ਦੇਰੀ ਦਾ ਮੁੱਦਾ
ਰੋਹਿਤ ਗੁਪਤਾ
ਗੁਰਦਾਸਪੁਰ 6 ਮਈ 2025 - ਲੰਮੀ ਇੰਤਜ਼ਾਰ ਕਰਨ ਤੋਂ ਬਾਅਦ ਮੁਲਾਜ਼ਮਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਰਾਸ਼ੀ ਦੇਣ 18 ਮਾਰਚ ਨੂੰ ਇੱਕ ਪੱਤਰ ਜਾਰੀ ਕੀਤਾ ਸੀ। ਜਿਸ ਅਨੁਸਾਰ 1-1-16 ਤੋਂ 30-6-21 ਦੀ ਸੇਵਾ ਮੁਕਤ ਕਰਮਚਾਰੀਆਂ ਨੂੰ ਬਣਦੀ ਕਮਾਈ ਛੁੱਟੀ ਦੇ ਵਧੇ ਪੈਸੇ ਚਾਰ ਕਿਸ਼ਤਾਂ ਵਿੱਚ ਅਦਾ ਕਰਨੇ ਸੀ। ਜਿਸ ਦੀ ਪਹਿਲੀ ਕਿਸ਼ਤ ਅਪ੍ਰੈਲ ਮਹੀਨੇ ਤੋਂ ਦੇਣੀ ਬਣਦੀ ਹੈ ਪਰ ਸਕੂਲਾਂ ਦੇ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਲੋਂ ਅਜੇ ਤੱਕ ਕੋਈ ਤਸੱਲੀਬਖ਼ਸ਼ ਕਾਰਵਾਈ ਨਾ ਹੋਣ ਕਰਕੇ ਡੈਮੋਕ੍ਰੇਟਿਕ ਪੈਨਸ਼ਨਰਜ਼ ਫਰੰਟ ਨੂੰ ਵੱਖ ਵੱਖ ਅਧਿਕਾਰੀਆਂ ਨੂੰ ਮਿਲਣਾ ਪਿਆ ਅਤੇ ਇਸ ਸਬੰਧੀ ਕੰਮ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ।
ਫਰੰਟ ਦੇ ਪ੍ਰਧਾਨ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਦੀ ਅਗਵਾਈ ਹੇਠ ਜ਼ਿਲ੍ਹਾ ਖਜ਼ਾਨਾ ਅਫ਼ਸਰ ਗੁਰਦਾਸਪੁਰ ਨੂੰ ਮਿਲ ਕੇ ਕਮਾਂਈ ਛੁੱਟੀ ਦੇ ਵਧੇ ਪੈਸੇ ਜਲਦੀ ਦੇਣ ਦਾ ਮੁੱਦਾ ਉਠਾਇਆ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਸਕੈਡੰਰੀ ਸਿਖਿਆ ਨੂੰ ਵੀ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਸਕੂਲ ਮੁਖੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਜ਼ ਦੇ ਬਕਾਏ ਦੇਣ ਲਈ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ। ਦਫ਼ਤਰ ਵਲੋਂ ਦੱਸਿਆ ਕਿ ਇਸ ਸਬੰਧੀ ਸਕੂਲ ਮੁਖੀਆਂ ਨੂੰ 16 ਅਪ੍ਰੈਲ ਨੂੰ ਇੱਕ ਵਿਸਥਾਰਤ ਪੱਤਰ ਜਾਰੀ ਕੀਤਾ ਗਿਆ ਹੈ। ਹੁਣ ਦੇਰੀ ਲਈ ਸਕੂਲ ਮੁਖੀ ਜ਼ਿਮੇਵਾਰ ਹਨ। ਦਫ਼ਤਰ ਵਲੋਂ ਸਾਰੇ ਸਾਬਕਾ ਪ੍ਰਿੰਸੀਪਲ ਅਤੇ ਸਕੂਲ ਹੈਡਮਾਸਟਰ ਨੂੰ ਆਪਣੀ ਪਹਿਲਾਂ ਲਈ ਕਮਾਈ ਛੁੱਟੀ ਦੇ ਬਾਉਚਰ ਨੰਬਰ ਅਤੇ ਮਿੱਤੀ ਬਾਰੇ ਜਾਣਕਾਰੀ ਦੇਣ ਲਈ ਵੀ ਬੇਨਤੀ ਕੀਤੀ ਹੈ ਤਾਂ ਕਿ ਮੁੱਖੀਆਂ ਦੀਆਂ ਸੈਕਸ਼ਨਾਂ ਸਮੇਂ ਸਿਰ ਜਾਰੀ ਕੀਤੀਆਂ ਜਾ ਸਕਣ।
ਜਥੇਬੰਦੀ ਵੱਲੋਂ ਦਫ਼ਤਰ ਦੇ ਜੂਨੀਅਰ ਸਹਾਇਕ ਗੁਰਜੀਤ ਸਿੰਘ ਖਿਲਾਫ ਕੀਤੀ ਸ਼ਿਕਾਇਤ ਉਪਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਪ੍ਰਿੰਸੀਪਲ ਰਮੇਸ਼ ਕੁਮਾਰ, ਅਤੇ ਰਾਜ ਕੁਮਾਰ ਲੈਕਚਰਾਰ ਹਾਜ਼ਰ ਸਨ।