ਜਗਰਾਓਂ 'ਚ ਗਰਜੇ ਚੰਨੀ! ਕਿਹਾ- ਪੰਜਾਬ 'ਚ ਕਾਨੂੰਨ ਨਹੀਂ, ਗੋਲੀਆਂ ਦਾ ਰਾਜ
ਲੋਕ ਘਰਾਂ 'ਚੋਂ ਨਿਕਲਣ ਤੋਂ ਵੀ ਡਰਨ ਲੱਗੇ
ਜਗਰਾਓ, (ਦੀਪਕ ਜੈਨ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਜਗਰਾਓਂ ਫੇਰੀ ਦੌਰਾਨ ਸੂਬੇ ਦੀ ‘ਆਪ’ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਲੜਖੜਾ ਗਿਆ ਹੈ।
"ਸਰਕਾਰ ਇਸ਼ਤਿਹਾਰਾਂ 'ਚ ਮਸਤ, ਪੰਜਾਬ ਗੈਂਗਸਟਰਾਂ ਦੇ ਹਵਾਲੇ"
ਪਿੰਡ ਭੈਣੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਬੇਬਾਕੀ ਨਾਲ ਕਿਹਾ ਕਿ ਅੱਜ ਪੰਜਾਬ ਦੀ ਫਿਜ਼ਾ ਵਿੱਚ ਰੋਜ਼ਾਨਾ ਗੋਲੀਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੈਂਗਸਟਰ ਸ਼ਰੇਆਮ ਧਮਕੀਆਂ ਦੇ ਰਹੇ ਹਨ, ਜਦਕਿ ਸਰਕਾਰ ਮੂਕ ਦਰਸ਼ਕ ਬਣੀ ਤਮਾਸ਼ਾ ਦੇਖ ਰਹੀ ਹੈ। ਚੰਨੀ ਨੇ ਤੰਜ ਕੱਸਦਿਆਂ ਕਿਹਾ ਕਿ ਮਾਨ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਰਾਹੀਂ ਆਪਣੀ ਪਿੱਠ ਥਾਪੜ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਆਦਮੀ ਦਾ ਜਿਉਣਾ ਮੁਹਾਲ ਹੋ ਗਿਆ ਹੈ।
ਚਿੱਟੇ ਦੇ ਕਹਿਰ ਨੇ ਉਜਾੜੇ ਹੱਸਦੇ-ਵੱਸਦੇ ਘਰ
ਨਸ਼ਿਆਂ ਖਿਲਾਫ਼ ਸਰਕਾਰ ਦੀ ਮੁਹਿੰਮ ਨੂੰ ‘ਕੋਰਾ ਝੂਠ’ ਕਰਾਰ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਇੱਕ ਦਿਲ ਕੰਬਾਊ ਉਦਾਹਰਣ ਪੇਸ਼ ਕੀਤੀ। ਉਨ੍ਹਾਂ ਸਿੱਧਵਾਂ ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਦਾ ਜ਼ਿਕਰ ਕਰਦਿਆਂ ਕਿਹਾ, "ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ, ਪਰ ਹਕੀਕਤ ਇਹ ਹੈ ਕਿ ਇੱਕ ਹੀ ਪਰਿਵਾਰ ਦੇ ਛੇ ਨੌਜਵਾਨ ਪੁੱਤ ਨਸ਼ੇ ਦੀ ਭੇਂਟ ਚੜ੍ਹ ਗਏ। ਕੀ ਇਹੀ ਹੈ ਬਦਲਾਅ?" ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਲਾਸ਼ਾਂ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ।
ਕਿਸਾਨ-ਮਜ਼ਦੂਰਾਂ ਦੀ ਆਵਾਜ਼ ਬਣੇ ਚੰਨੀ
ਇਸ ਮੌਕੇ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ—ਚਾਹੇ ਉਹ ਕਿਸਾਨ ਹੋਵੇ, ਮਜ਼ਦੂਰ ਜਾਂ ਵਪਾਰੀ—ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੈ। ਮੌਕੇ 'ਤੇ ਮੌਜੂਦ ਕਿਸਾਨਾਂ ਅਤੇ ਮਜ਼ਦੂਰਾਂ ਨੇ ਸੰਸਦ ਵਿੱਚ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ 'ਤੇ ਚੰਨੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਸਿਆਸੀ ਗਲਿਆਰਿਆਂ 'ਚ ਹਲਚਲ
ਆਪਣੀ ਇਸ ਫੇਰੀ ਦੌਰਾਨ ਚੰਨੀ ਨੇ ਆਪਣੇ ਕਰੀਬੀ ਸਾਥੀ ਸੁਖਵਿੰਦਰ ਸਿੰਘ ਸਿੱਧੂ ਅਤੇ ਕਾਂਗਰਸੀ ਆਗੂ ਰਵਿੰਦਰਪਾਲ ਸਿੰਘ 'ਰਾਜੂ ਕਾਮਰੇਡ' ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ। ਉਹ ਸਵਰਗਵਾਸੀ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਮੇਜਰ ਸਿੰਘ ਭੈਣੀ ਨਾਲ ਦੁੱਖ ਸਾਂਝਾ ਕਰਨ ਵੀ ਪਹੁੰਚੇ। ਚੰਨੀ ਦੀ ਇਸ ਸਰਗਰਮੀ ਨੂੰ ਸਿਆਸੀ ਪੰਡਿਤ ਆਉਣ ਵਾਲੀਆਂ ਚੋਣਾਂ ਦੀਆਂ ਨਵੀਆਂ ਸਮੀਕਰਨਾਂ ਅਤੇ ਕਾਂਗਰਸ ਦੀ ਮਜ਼ਬੂਤੀ ਨਾਲ ਜੋੜ ਕੇ ਦੇਖ ਰਹੇ ਹਨ।