ਚੌਕੇ ਸਕੂਲ ਅੱਗੋਂ ਧਰਨਾ ਚੁਕਾਉਣ ਦੌਰਾਨ ਪੁਲਿਸ ਕੁੱਟਮਾਰ ਦਾ ਸ਼ਿਕਾਰ ਕਿਸਾਨ ਆਗੂ ਹਸਪਤਾਲ ਚ ਦਾਖਲ
ਅਸ਼ੋਕ ਵਰਮਾ
ਬਠਿੰਡਾ, 11ਅਪ੍ਰੈਲ 2025:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਹੈ ਕਿ ਬੀਤੇ ਦਿਨੀਂ ਚਾਉਕੇ ਆਦਰਸ਼ ਸਕੂਲ ਦੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਜੇਲ੍ਹ 'ਚ ਬੰਦ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖਲ ਹੋਣ ਤੇ ਡਾਕਟਰਾਂ ਵੱਲੋਂ ਰੁੱਕਾ ਭੇਜਣ ਦੇ ਬਾਵਜੂਦ ਕੋਈ ਪੁਲਿਸ ਕਰਮਚਾਰੀ ਉਹਨਾਂ ਦੇ ਬਿਆਨ ਲਿਖਣ ਨਹੀਂ ਪਹੁੰਚਿਆ ਹੈ। ਵੀਰਵਾਰ ਦੇਰ ਸ਼ਾਮ ਜੇਲ੍ਹ ਚੋਂ ਰਿਹਾਅ ਹੋਣ ਤੋਂ ਬਾਅਦ ਸਿਵਲ ਹਸਪਤਾਲ 'ਚ ਦਾਖਲ ਪਰਮਜੀਤ ਕੌਰ ਪਿੱਥੋ ਤੇ ਹਰਿੰਦਰ ਬਿੰਦੂ ਦਾ ਪਤਾ ਲੈਣ ਪਹੁੰਚੇ ਝੰਡਾ ਸਿੰਘ ਜੇਠੂਕੇ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੰਜ ਅਪ੍ਰੈਲ ਨੂੰ ਚੌਕੇ ਸਕੂਲ ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਵਿਰੋਧ ਕਰਨ ਤੇ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਅਤੇ ਮਹਿਲਾ ਇੰਸਪੈਕਟਰ ਵੱਲੋਂ ਹਰਿੰਦਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੂੰ ਗਿਣ ਮਿਥ ਕੇ ਜ਼ਬਰ ਦਾ ਨਿਸ਼ਾਨਾ ਬਣਾਇਆ ਗਿਆ।
ਉਹਨਾਂ ਆਖਿਆ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਇਹਨਾਂ ਮਹਿਲਾ ਕਿਸਾਨ ਆਗੂਆਂ ਤੇ ਕੁੱਟਮਾਰ ਦੇ ਨਿਸ਼ਾਨ ਮੌਜੂਦ ਹਨ ਅਤੇ ਸੱਟਾਂ ਕਾਰਨ ਅੱਜ ਵੀ ਦਰਦ ਹੋ ਰਿਹਾ ਹੈ। ਉਹਨਾਂ ਆਖਿਆ ਕਿ ਪਰਮਜੀਤ ਕੌਰ ਦੀ ਰੀੜ੍ਹ ਦੀ ਹੱਡੀ ਨੂੰ ਨਕਾਰਾ ਕਰਨ ਦੇ ਮਕਸਦ ਨਾਲ ਉਸਦੀ ਰੀੜ੍ਹ ਹੱਡੀ ਤੇ ਸੱਟਾਂ ਮਾਰੀਆਂ ਗਈਆਂ ਅਤੇ ਹਰਿੰਦਰ ਬਿੰਦੂ ਦੇ ਸਿਰ ਨੂੰ ਗਿਣ ਮਿਥ ਕੇ ਨਿਸ਼ਾਨਾ ਬਣਾਇਆ ਗਿਆ। ਹਸਪਤਾਲ 'ਚ ਦਾਖਲ ਹਰਿੰਦਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਮਰਦ ਪੁਲਿਸ ਕਰਮਚਾਰੀਆਂ ਵੱਲੋਂ ਵੀ ਕੁੱਟਿਆ ਗਿਆ ਅਤੇ ਜੇਲ੍ਹ ਦੇ ਅੰਦਰ ਵੀ ਉਹਨਾਂ ਨੂੰ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ।
ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇ ਵਾਲਾ ਨੇ ਆਖਿਆ ਕਿ ਅਜੇ ਵੀ ਗਿਰਫ਼ਤਾਰ ਕੀਤੇ 27 ਦੇ ਕਰੀਬ ਕਿਸਾਨ ਤੇ ਅਧਿਆਪਕ ਬਠਿੰਡਾ ਜੇਲ੍ਹ ਚ ਬੰਦ ਹਨ। ਉਹਨਾਂ ਆਖਿਆ ਕਿ ਗਿਰਫ਼ਤਾਰ ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਾਉਣ, ਕੁੱਟਮਾਰ ਦੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਾਉਣ, ਨੌਕਰੀ ਤੋਂ ਕੱਢੇ ਅਧਿਆਪਕਾਂ ਨੂੰ ਬਹਾਲ ਕਰਾਉਣ ਅਤੇ ਚਾਉਕੇ ਸਕੂਲ ਦੀ ਭਿਰਸ਼ਟ ਮੈਨੇਜਮੈਂਟ 'ਤੇ ਕੇਸ ਦਰਜ਼ ਕਰਵਾ ਕੇ ਗਿਰਫ਼ਤਾਰ ਕਰਾਉਣ ਵਰਗੀਆਂ ਮੰਗਾਂ ਨੂੰ ਲੈ ਕੇ 12 ਅਪ੍ਰੈਲ ਨੂੰ ਜਨਤਕ ਜਥੇਬੰਦੀਆਂ ਵੱਲੋਂ ਰਾਮਪੁਰਾ ਦੀ ਦਾਣਾ ਚ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਉਹਨਾਂ ਸਮੂਹ ਇਨਸਾਫਪਸੰਦ ਲੋਕਾਂ ਨੂੰ ਰਾਮਪੁਰਾ ਵਿਖੇ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।