ਪੱਟੀ 'ਚ ਜ਼ਮੀਨੀ ਝਗੜਾ ਬਣਿਆ ਮੌਤ ਦਾ ਕਾਰਨ, ਗੋਲੀ ਮਾਰ ਕੇ ਵਿਅਕਤੀ ਦੀ ਹੱਤਿਆ
ਬਲਜੀਤ ਸਿੰਘ
ਤਰਨਤਾਰਨ, 11 ਅਪ੍ਰੈਲ — ਤਰਨਤਾਰਨ ਦੇ ਪੱਟੀ ਇਲਾਕੇ ਵਿਚ ਇਕ ਪੁਰਾਣੇ ਜ਼ਮੀਨੀ ਵਿਵਾਦ ਨੇ ਖੂਨਖਰਾਬੇ ਦੀ ਸ਼ਕਲ ਲੈ ਲਈ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਕੇ ਬਰਿੰਦਰਬੀਰ ਸਿੰਘ ਦੀ ਮੌਤ ਕਰ ਦਿੱਤੀ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਨ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਰਾਣਾ ਜ਼ਮੀਨੀ ਝਗੜਾ ਬਣਿਆ ਹਮਲੇ ਦੀ ਜੜ੍ਹ
ਜਾਣਕਾਰੀ ਅਨੁਸਾਰ, ਪੱਟੀ ਨਿਵਾਸੀ ਇਸ਼ਟਪ੍ਰਤਾਪ ਸਿੰਘ, ਜੋ ਵਿਦੇਸ਼ ਵਿਚ ਵਸਦਾ ਹੈ, ਦੇ ਦਾਦਾ ਨੇ 16 ਏਕੜ ਜ਼ਮੀਨ ਦਾ ਬਿਆਨਾ ਨਵਤੇਜ ਸਿੰਘ ਤੇ ਜਗਬੀਰ ਸਿੰਘ (ਵਾਸੀ ਬਿਸ਼ੰਬਰਪੁਰ ਜੰਡਿਆਲਾ) ਨੂੰ ਦਿੱਤਾ ਸੀ। ਦਾਦੇ ਦੀ ਮੌਤ ਤੋਂ ਬਾਅਦ ਇਸ਼ਟਪ੍ਰਤਾਪ ਨੇ ਰਜਿਸਟਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਮਾਮਲਾ ਕੋਰਟ 'ਚ ਚੱਲ ਰਿਹਾ ਸੀ।
ਕਮਰੇ 'ਚ ਬੈਠੇ ਲੋਕਾਂ 'ਤੇ ਚਲੀਆਂ ਗੋਲੀਆਂ
ਬਰਿੰਦਰਬੀਰ ਸਿੰਘ, ਜੋ ਕਿ ਇਸ਼ਟਪ੍ਰਤਾਪ ਦਾ ਰਿਸ਼ਤੇਦਾਰ ਹੈ, ਵਿਵਾਦਤ ਜ਼ਮੀਨ 'ਤੇ ਬਣੇ ਕਮਰੇ 'ਚ ਆਪਣੇ ਸਾਥੀਆਂ ਸਮੇਤ ਮੌਜੂਦ ਸੀ। ਅਚਾਨਕ ਇੱਕ ਫਾਰਚੂਨਰ ਗੱਡੀ 'ਚ ਸਵਾਰ ਦੋ ਹਮਲਾਵਰ ਆਏ ਅਤੇ ਗੋਲੀਆਂ ਚਲਾਉਣ ਲੱਗ ਪਏ। ਦੋ ਗੋਲੀਆਂ ਲੱਗਣ ਕਾਰਨ ਬਰਿੰਦਰਬੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹੋਰ ਸਾਥੀ ਸੁਰੱਖਿਅਤ ਢੰਗ ਨਾਲ ਭੱਜ ਗਏ।
ਪੁਲਿਸ ਦੀ ਕਾਰਵਾਈ ਜਾਰੀ
ਥਾਣਾ ਸਿਟੀ ਪੱਟੀ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਦੇ ਡੈੱਡ ਹਾਊਸ ਵਿਚ ਰੱਖਵਾ ਦਿੱਤਾ ਗਿਆ।
ਥਾਣਾ ਮੁਖੀ ਹਰਪ੍ਰੀਤ ਸਿੰਘ ਅਨੁਸਾਰ, ਵਾਰਸਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।