ਸੁਲਤਾਨਪੁਰ ਲੋਧੀ ਵਿਖੇ ਬਿਜਲੀ ਦੇ ਵੱਡੇ - ਵੱਡੇ ਕੱਟ , ਸਟਰੀਟ ਲਾਈਟਾਂ ਦੀ ਦਿਨੇ ਦੀਵਾਲੀ
ਸ਼ਹਿਰ ਦੇ ਕਈ ਹਿੱਸਿਆਂ ਵਿੱਚ ਦਿਨੇ ਹੀ ਜੱਗ ਮਗਾਉਂਦੀਆਂ ਹਨ ਸਟਰੀਟ ਲਾਈਟਾਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 18 ਅਪ੍ਰੈਲ 2025
ਪੰਜਾਬ ਵਿੱਚ ਇਸ ਸਮੇਂ ਗਰਮੀ ਪੈ ਰਹੀ ਹੈ। ਮਨੁੱਖਤਾ, ਜੀਵ-ਜੰਤੂ ਅਤੇ ਬਨਾਸਪਤੀ ਪਾਣੀ ਦੀ ਘਾਟ ਨਾਲ ਮੁਰਝਾਅ ਸ਼ੁਰੂ ਹੋ ਗਏ ਹਨ। ਖੇਤਾਂ ਵਿੱਚ ਕਿਸਾਨਾਂ ਵੱਲੋਂ ਦੇਸ਼ ਦੀ ਜਨਤਾ ਦਾ ਢਿੱਡ ਭਰਨ ਲਈ ਕਣਕ ਦੀ ਕਟਾਈ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਫਸਲ ਦੀ ਬੀਜਾਈ ਦੀ ਤਿਆਰੀ ਸ਼ੁਰੂ ਕਰ ਰਹੇ ਹਨ ਅਤੇ ਮੱਕੀ ਨੂੰ ਪਾਣੀ ਲਗਾ ਰਹੇ ਹਨ। ਹਰ ਰੋਜ਼ ਤਾਪਮਾਨ ਤਕਰੀਬਨ 40 ਡਿਗਰੀ ਦੇ ਪਾਰ ਹੋ ਜਾਂਦਾ ਹੈ । ਇਸ ਦੇ ਨਾਲ ਹੀ ਹਰ ਪਾਸੇ ਬਿਜਲੀ ਦੀ ਮੰਗ ਧੜਾ ਧੜ ਵੱਧ ਰਹੀ ਹੈ। ਸ਼ਹਿਰ ਅਤੇ ਪਿੰਡਾਂ ਵਿੱਚ ਲੰਮੇ ਲੰਮੇ ਬਿਜਲੀ ਦੇ ਕੱਟ ਲੱਗ ਰਹੇ ਹਨ ਪਰ ਕੁਝ ਥਾਂਵਾਂ ਅਜਿਹੀਆਂ ਵੀ ਹਨ, ਜਿਥੇ ਬਿਜਲੀ ਦੀ ਵਰਤੋਂ ਬੇਦਰਦੀ ਨਾਲ ਹੁੰਦੀ ਹੈ। ਇਸ ਕੜੀ ਅਧੀਨ ਸੁਲਤਾਨਪੁਰ ਲੋਧੀ ਸਹਿਰ ਦੀਆਂ ਸਟਰੀਟ ਲਾਈਟਾਂ ਵੀ ਆਉਂਦੀਆਂ ਹਨ, ਜੋ ਦਿਨ ਵੇਲੇ ਵੀ ਰੋਸ਼ਨੀਆਂ ਬਖੇਰਦੀਆਂ ਨਜ਼ਰ ਆਉਂਦੀਆਂ ਹਨ। ਪੱਤਰਕਾਰ ਵੱਲੋਂ ਸ਼ਹਿਰ ਦੀ ਕਪੂਰਥਲਾ ਰੋਡ ਉੱਤੇ ਨੇੜੇ ਬੀਡੀਪੀ ਦਫਤਰ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੀ ਸੜਕ ਜਾਦੀ ਹੈ ਉਸ ਉਤੇ ਲੱਗੀਆਂ ਸਟਰੀਟ ਲਾਈਟਾਂ ਇੱਕ ਅੱਧੀ ਨੂੰ ਛੱਡ ਕੇ ਸਾਰੀਆਂ ਹੀ ਜੱਗ ਰਹੀਆਂ ਸਨ। ਸ਼ਾਇਦ ਉਹਨਾਂ ਨੂੰ ਬੰਦ ਕਰਨਾ ਭੁੱਲ ਗਏ ਹੋਣਗੇ ਪਰ ਦਿਨ ਭਰ ਸਟਰੀਟ ਲਾਈਟਾਂ ਵੱਡੀ ਮਕਦਾਰ ਵਿੱਚ ਬਿਜਲੀ ਦੀ ਖਪਤ ਕਰਦੀਆਂ ਹਨ, ਜੋ ਅਜਾਈ ਜਾ ਰਹੀ ਸੀ। ਦੂਜੇ ਪਾਸੇਂ ਘਰੇਲੂ ਖਪਤਕਾਰਾਂ ਤੇ ਮਹਿਕਮੇ ਵੱਲੋਂ ਪੂਰੀ ਸਖਤੀ ਕੀਤੀ ਜਾ ਰਹੀ ਹੈ। ਲੋਕਾਂ ਦੇ ਮੀਟਰ ਪੁੱਟੇ ਜਾ ਰਹੇ ਹਨ ਪਰ ਬੇਕਾਰ ਜਾ ਰਹੀ ਬਿਜਲੀ ਵੱਲ ਕਿਸੇ ਦਾ ਧਿਆਨ ਨਹੀਂ ਹੈ। ਪੱਤਰਕਾਰ ਵੱਲੋਂ ਇਸ ਸਬੰਧੀ ਨਗਰ ਕੌਸਲ ਸੁਲਤਾਨਪੁਰ ਲੋਧੀ ਦੇ ਈਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਨਾਲ ਰਾਬਤਾ ਨਹੀਂ ਹੋ ਸਕਿਆ।