ਨੌਜਵਾਨ ਨੂੰ ਛੁਰੀਆਂ ਮਾਰਨ ਦਾ ਮਾਮਲਾ: ਪੁਲਿਸ ਕਾਰਵਾਈ ਨਾ ਹੋਣ ਦੇ ਚੱਲਦੇ ਲੋਕਾਂ ਨੇ ਕੀਤਾ ਵੱਡਾ ਇਕੱਠ
ਰੋਹਿਤ ਗੁਪਤਾ
ਗੁਰਦਾਸਪੁਰ 10 ਅਪ੍ਰੈਲ, ਕਸਬਾ ਦੀਨਾ ਨਗਰ ਦੇ ਤਹਿਤ ਆਉਂਦੇ ਪਿੰਡ ਪਨਿਆੜ ਦੇ ਰਹਿਣ ਵਾਲੇ ਸਾਂਸੀ ਬਿਰਾਦਰੀ ਨਾਲ ਸੰਬੰਧਿਤ ਇੱਕ ਨੌਜਵਾਨ ਪ੍ਰਵੀਨ ਕੁਮਾਰ ਜੋ ਛੋਟਾ ਜਿਹਾ ਸਲੂਨ ਚਲਾਉਂਦਾ ਹੈ, ਨੂੰ ਪਿਛਲੇ ਮਹੀਨੇ ਕੁਝ ਨੌਜਵਾਨਾਂ ਨੇ ਮਾਮੂਲੀ ਜਿਹੇ ਵਿਵਾਦ ਦੇ ਚਲਦੇ ਛੁਰੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਜੋ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਮਾਮਲੇ ਵਿੱਚ ਪੁਲਿਸ ਕਾਰਵਾਈ ਨਾ ਹੋਣ ਦੇ ਚਲਦੇ ਨੌਜਵਾਨ ਦੇ ਪਰਿਵਾਰ ਅਤੇ ਸਾਂਸੀ ਬਿਰਾਦਰੀ ਵੱਲੋਂ ਸ਼ਹਿਰ ਦੇ ਗੁਰੂ ਨਾਨਕ ਪਾਰਕ ਤੋਂ ਲੈ ਕੇ ਐਸਐਸਪੀ ਦਫਤਰ ਤੱਕ ਰੋਸ਼ ਮਾਰਚ ਕੀਤਾ ਗਿਆ ਤੇ ਪੁਲਿਸ ਦੇ ਵਿੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਜਖਮੀ ਨੌਜਵਾਨ ਦੀ ਪ੍ਰਵੀਨ ਕੁਮਾਰ ਦੀ ਭਰਜਾਈ ਅਤੇ ਸਾਂਸੀ ਬਰਾਦਰੀ ਦੇ ਆਗੂ ਨੇ ਦੱਸਿਆ ਕਿ ਪਾਣੀ ਦੇ ਝਗੜੇ ਨੂੰ ਲੈ ਕੇ ਉਹਨਾਂ ਦੀ ਗੁਆਂਢੀਆਂ ਨਾਲ ਮਾਮੂਲੀ ਤਕਰਾਰਬਾਜ਼ੀ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਗੁਆਂਡੀ ਨੌਜਵਾਨ ਕੁਝ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਪ੍ਰਵੀਨ ਕੁਮਾਰ ਦੇ ਸਲੂਨ ਤੇ ਚਲਾ ਗਿਆ ਤੇ ਉਸ ਨੂੰ ਛੁਰੀਆਂ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਤੇ ਦੁਕਾਨ ਦੀ ਵੀ ਭੰਨ ਤੋੜ ਕੀਤੀ । ਉਹਨਾਂ ਦੋਸ਼ ਲਗਾਇਆ ਕਿ ਮਾਮਲੇ ਚ ਦੀਨਾ ਨਗਰ ਪੁਲਿਸ ਨੇ ਇਰਾਦਾ ਕਤਲ ਦੀ ਧਾਰਾ ਨਹੀਂ ਜੋੜੀ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਕਾਰਨ ਦੋਸ਼ੀ ਅੱਜ ਵੀ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਸਰੇਆਮ ਕਹਿ ਰਹੇ ਹਨ ਕਿ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਉਹਨਾਂ ਕਿਹਾ ਕਿ ਪੁਲਿਸ ਗਰੀਬ ਪਰਿਵਾਰ ਦੀ ਸੁਣਵਾਈ ਨਹੀਂ ਕਰ ਰਹੀ ਜਿਸ ਕਾਰਨ ਉਹਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।