ਨੌਜਵਾਨ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਦਾ ਪਰਿਵਾਰ ਨਾਲ ਪਿਆ ਪੇਚਾ
ਪਰਿਵਾਰ ਨੇ ਲਾਇਆ ਨਾਜਾਇਜ਼ ਮਾਰ ਕੁਟਾਈ ਦਾ ਦੋਸ਼, ਆਖਿਰ ਜੱਦੋ ਜਹਿਦ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਕਰ ਹੀ ਲਿਆ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 10 ਅਪ੍ਰੈਲ 2025- ਥਾਣਾ ਫਤਿਹਗੜ ਚੂੜੀਆਂ ਅਧੀਨ ਪੈਂਦੇ ਪਿੰਡ ਬੱਦੋਵਾਲ ਖੁੱਰਦ ’ਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਵੱਖ ਵੱਖ 2 ਮਾਮਲਿਆਂ’ਚ ਲੋੜੀਂਦੇ ਨੌਜਵਾਨ ਨੂੰ ਐਸ ਐਚ ਓ ਕਿਰਨਦੀਪ ਸਿੰਘ ਦੀ ਅਗਵਾਈ ’ਚ ਪੁਲਿਸ ਫੜਨ ਗਈ ਤਾਂ ਲੋੜੀਂਦਾ ਲੜਕਾ ਪਿੰਡ ਦੀ ਇੱਕ ਦੁਕਾਨ ’ਚ ਜਾ ਵੜਿਆ। ਪੁਲਿਸ ਵੱਲੋਂ ਵੀ ਉਸ ਦਾ ਪਿੱਛਾ ਕਰਦੇ ਹੋਏ ਦੁਕਾਨ ਅੰਦਰ ਜਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਹੰਗਾਮਾ ਸ਼ੁਰੂ ਹੋ ਗਿਆ ਅਤੇ ਪੁਲਿਸ ਅਤੇ ਪਰਿਵਾਰ ਦੀ ਆਪਸ’ਚ ਤਿੱਖੀ ਤਕਰਾਰ ਬਾਜੀ ਸ਼ੁਰੂ ਹੋ ਗਈ ਪਰ ਫਿਰ ਵੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।
ਗਿ੍ਰਫਤਾਰ ਕੀਤੇ ਨੌਜਵਾਨ ਦੇ ਪਰਿਵਾਰਕ ਮੈਂਬਰ ਜਿੰਨਾਂ’ਚ ਲੜਕੇ ਦੀ ਮਾਂ ਕੰਵਲ, ਭੈਣ ਮੀਨਾ ਅਤੇ ਚਾਚਾ ਭਗਤ ਐਮਨੂਅਲ ਮਸੀਹ ਨੇ ਪੁਲਿਸ ਉਪਰ ਨਜਾਇਜ ਪਰਚਾ ਦਰਜ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਲੜਕੇ ਤੇ ਨਾਜਾਇਜ਼ ਪਰਚਾ ਕਰਨ ਤੋਂ ਬਾਅਦ ਉਨਾਂ ਨੂੰ ਰਾਜੀਨਾਮੇ ਦਾ ਟਾਈਮ ਵੀ ਦਿੱਤਾ ਸੀ ਪਰ ਅੱਜ ਰਾਜੀਨਾਮੇ ਦੇ ਟਾਈਮ ਤੋਂ ਪਹਿਲਾਂ ਹੀ ਪੁਲਿਸ ਨੇ ਪਿੰਡ ਆ ਕੇ ਸਾਡੇ ਲੜਕੇ ਕੁਲਵਿੰਦਰ ਰੋਸ਼ੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਗਿ੍ਰਫਤਾਰ ਕਰਕੇ ਆਪਣੇ ਨਾਲ ਲੈ ਗਈ ਹੈ ਅਤੇ ਪਰਿਵਾਰ ਨੇ ਹੁਣ ਇੰਨਸਾਫ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਜੱਦ ਐਸ ਐਚ ਓ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਨੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕੁਲਵਿੰਦਰ ਰੋਸ਼ੀ ਜੋ 2 ਵੱਖ ਵੱਖ ਮਾਮਲਿਆਂ’ਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਰੋਸ਼ੀ ਪਿੰਡ ਆਇਆ ਹੈ । ਜਦ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰ ਨੇ ਵਿਰੋਧ ਕੀਤਾ ਪਰ ਬੜੀ ਜਹਿਦ ਦੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।