ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੀ ਮੀਟਿੰਗ ਦੌਰਾਨ ਸਮਾਰਟ ਫੋਨ ਦੇਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ , 9 ਅਪ੍ਰੈਲ 2025: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੀ ਮੀਟਿੰਗ ਅੱਜ ਯੂਨੀਅਨ ਦੀ ਬਲਾਕ ਪ੍ਰਧਾਨ ਲੀਲਾਵਤੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਦੌਰਾਨ ਇਹ ਮੁੱਦਾ ਸਾਹਮਣੇ ਆਇਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਸੁਪਰਵਾਈਜਰਾਂ ਰਾਹੀਂ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ ਕਿ ਆਂਗਣਵਾੜੀ ਵਰਕਰਾਂ ਲਾਭਪਾਤਰੀਆਂ ਦੀ ਕੇ ਵਾਈ ਸੀ ਕਰਨ ਅਤੇ ਪੋਸ਼ਣ ਟਰੈਕ ਤੇ ਫੋਟੋਆਂ ਪਾਉਣ ਜਦੋਂ ਕਿ ਆਂਗਣਵਾੜੀ ਵਰਕਰਾਂ ਨੂੰ ਪਿਛਲੇਂ 8 ਸਾਲਾਂ ਤੋਂ ਸਮਾਰਟ ਫੋਨ ਹੀ ਨਹੀਂ ਦਿੱਤੇ ਜਾ ਰਹੇ ਅਤੇ ਉਹਨਾਂ ਦੇ ਕੋਲ ਫੋਨ ਹੀ ਨਹੀਂ ਹਨ ਤਾਂ ਉਹ ਇਹ ਕੰਮ ਕਿਵੇਂ ਕਰਨ । ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵਿਭਾਗ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਪਹਿਲਾਂ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ। ਉਸ ਤੋਂ ਬਾਅਦ ਹੀ ਵਰਕਰਾਂ ਇਹ ਕੰਮ ਕਰਨਗੀਆਂ ।
ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਵੋਟਾਂ ਵੇਲੇ ਵਾਅਦਾ ਤਾਂ ਇਹ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ । ਪਰ ਅਸਲੀਅਤ ਇਹ ਹੈ ਕਿ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਮਾਣ ਭੱਤਾ ਨਹੀਂ ਮਿਲ ਰਿਹਾ । ਅਜਿਹਾ ਪਿਛਲੇਂ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ ਤੇ ਪੰਜਾਬ ਦੇ ਫੇਲ ਸਾਬਤ ਹੋ ਰਹੀ ਹੈ । ਉਹਨਾਂ ਮੰਗ ਕੀਤੀ ਕਿ ਨਵੀ ਵਿਦਿਆ ਨੀਤੀ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਬਣਦੇ ਗਰੇਡ ਦਿੱਤੇ ਜਾਣ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਨਾ ਤਾਂ ਬੱਚੇ ਹਨ ਤੇ ਨਾ ਹੀ ਰਾਸ਼ਨ ਬਣ ਰਿਹਾ ਹੈ । ਸਾਲ 2017 ਵਿੱਚ ਪੰਜਾਬ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਲੱਖਾ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਜਮਾਤਾਂ ਸ਼ੁਰੁ ਕਰਕੇ ਦਾਖਲ ਕਰ ਲਿਆ ਸੀ ਤੇ ਆਂਗਣਵਾੜੀ ਸੈਂਟਰ ਖਾਲੀ ਹੋ ਗਏ ਸਨ ।
ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ ਅਤੇ ਮਾਣ ਭੱਤਾ ਹਰ ਮਹੀਨੇ ਸਮੇਂ ਸਿਰ ਦਿੱਤਾ ਜਾਵੇ । ਉਹਨਾਂ ਕਿਹਾ ਕਿ ਪਿਛਲੇਂ 50 ਸਾਲਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵਿਭਾਗ ਵਿੱਚ ਪੱਕਾ ਨਹੀਂ ਕੀਤਾ ਗਿਆ ਅਤੇ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨਦੀ ਨਹੀਂ ਉਦੋਂ ਤੱਕ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ । ਉਹਨਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਆ ਰਿਹਾ ਰਾਸ਼ਨ ਬੇਹੱਦ ਘਟੀਆ ਕੁਆਲਿਟੀ ਦਾ ਹੈ । ਇਹ ਰਾਸ਼ਨ ਆਂਗਣਵਾੜੀ ਸੈਂਟਰਾਂ ਵਿੱਚ ਵੱਡੀ ਪੱਧਰ ਤੇ ਸੁੱਟਿਆ ਜਾ ਰਿਹਾ ਹੈ ਤੇ ਲੋਕ ਇਸ ਰਾਸ਼ਨ ਨੂੰ ਲੈਣ ਤੋਂ ਇਨਕਾਰੀ ਹਨ ।
ਉਹਨਾਂ ਕਿਹਾ ਕਿ ਸੈਂਟਰ ਵੱਲੋਂ ਭੇਜੇ ਜਾ ਰਹੇ ਕਰੋੜਾਂ ਰੁਪਏ ਦੇ ਫੰਡਾਂ ਦੀ ਦੁਰਵਰਤੋ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਰਲ ਮਿਲ ਕੇ ਫੰਡਾਂ ਦੀ ਲੁੱਟ ਕੀਤੀ ਜਾ ਰਹੀ ਹੈ । ਇਸ ਮੀਟਿੰਗ ਦੌਰਾਨ ਸ਼ਮਿੰਦਰ ਕੌਰ ਦੀ ਅਗਵਾਈ ਹੇਠ ਇੱਕ ਦਰਜਨ ਨਵੀਆਂ ਆਂਗਣਵਾੜੀ ਵਰਕਰਾਂ ਨੇ ਹਰਗੋਬਿੰਦ ਕੌਰ ਦੀ ਯੂਨੀਅਨ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਉਹ ਜਥੇਬੰਦੀ ਦੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ । ਇਸ ਮੌਕੇ ਮਨਪ੍ਰੀਤ ਕੌਰ ਸਿਵੀਆ , ਬਲਵੀਰ ਕੌਰ ਭੋਖੜਾ , ਸੁਨੈਣਾ ਗੋਨੇਆਣਾ , ਰਣਜੀਤ ਕੌਰ ਨਰੂਆਣਾ , ਰੇਖਾ ਰਾਣੀ ਜੀਂਦਾ , ਕੁਲਦੀਪ ਕੌਰ ਝੁੱਬੇ , ਦਰਸ਼ਨਾਂ ਕੌਰ ਬਠਿੰਡਾ , ਗੁਰਵਿੰਦਰ ਕੌਰ ਬਠਿੰਡਾ , ਜਸਵੰਤ ਕੌਰ ਬਠਿੰਡਾ , ਕਮਲਜੀਤ ਕੌਰ ਬਠਿੰਡਾ ਆਦਿ ਆਗੂ ਮੌਜੂਦ ਸਨ ।