ਜੂਡੋ ਸਿੱਖ ਕੇ ਜਿਸਮਾਨੀ ਤੌਰ 'ਤੇ ਫਿੱਟ ਹੋ ਰਹੀਆਂ ਨੇ ਸਰਹੱਦੀ ਜ਼ਿਲ੍ਹੇ ਦੀਆਂ ਕੁੜੀਆਂ
ਲੜਕੀਆਂ ਦੇ ਸਕੂਲ ਵਿੱਚ ਖੁਲਿਆ ਕੁੜੀਆਂ ਨੂੰ ਜੂਡੋ ਸਿਖਾਉਣ ਦਾ ਸੈਂਟਰ
ਰੋਹਿਤ ਗੁਪਤਾ
ਗੁਰਦਾਸਪੁਰ 8 ਅਪ੍ਰੈਲ ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਲੜਕੀਆਂ ਲਈ ਜੂਡੋ ਟ੍ਰੇਨਿੰਗ ਸੈਂਟਰ ਖੋਲ੍ਹਿਆ ਹੈ ਤਾਂ ਕਿ ਉਹ ਜਿਸਮਾਨੀ ਤੌਰ ਤੇ ਤੰਦਰੁਸਤ ਹੋ ਕੇ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਦਾ ਡੱਟ ਕੇ ਮੁਕਾਬਲਾ ਕਰ ਸਕਣ।
ਇਸ ਸਬੰਧੀ ਮਾਪਿਆਂ ਦੀ ਇੱਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੁਰਦਾਸਪੁਰ ਵਿਖੇ ਬੁਲਾਈ ਗਈ। ਅਤੇ ਸੈਸ਼ਨ 2025-26 ਦੇ ਲਈ ਲੜਕੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਫਾਰਮ ਵੰਡੇ ਗਏਖਿਡਾਰਣਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਆਤਮ ਰੱਖਿਆ ਦੀ ਖੇਡ ਜੂਡੋ ਬੱਚੀਆਂ ਲਈ ਬਹੁਤ ਲਾਹੇਵੰਦ ਹੈ ਜਿਥੇ ਇਹ ਬੱਚੀਆਂ ਦੇ ਉਜਵਲ ਭਵਿੱਖ ਲਈ ਸਹਾਈ ਹੈ। ਉਥੇ ਆਪਣੀ ਰੱਖਿਆ ਲਈ ਦਾਅ ਪੇਚ ਸਿੱਖ ਕੇ ਸਮਾਜ ਵਿਚ ਧੌਣ ਉਠਾ ਕੇ ਚਲਣ ਲਈ ਸਹਾਈ ਹੋਵੇਗੀ। ਉਹਨਾਂ ਦੱਸਿਆ ਕਿ ਬ੍ਰਿਟਿਸ਼ ਸਾਮਰਾਜ ਦਾ ਟਾਕਰਾ ਕਰਨ ਵਾਲੀ ਰਾਣੀ ਲਕਸ਼ਮੀ ਬਾਈ ਇਹਨਾਂ ਖਿਡਾਰਣਾਂ ਦੀ ਪ੍ਰੇਰਨਾ ਸਰੋਤ ਹੋਵੇਗੀ। ਇਸ ਲਈ ਇਸ ਜੂਡੋ ਸੈਂਟਰ ਦਾ ਨਾਮ ਰਾਣੀ ਲਕਸ਼ਮੀ ਬਾਈ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਰੱਖਿਆ ਹੈ।ਜ਼ਿਲ੍ਹਾ ਜੂਡੋ ਐਸੋਸੀਏਸ਼ਨ ਗੁਰਦਾਸਪੁਰ ਦੇ ਜਰਨਲ ਸਕੱਤਰ ਮੈਡਮ ਬਲਵਿੰਦਰ ਕੌਰ ਨੇ ਆਪਣੇ ਸਕੂਲ ਸਮੇਂ ਦੇ ਤਜਰਬੇ ਉਹਨਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਉਹ ਵੀ 1995-96 ਵਿਚ ਇਸੇ ਸਕੂਲ ਦੀ ਵਿਦਿਆਰਥਣ ਸੀ ਅਤੇ ਜੂਡੋ ਖੇਡ ਮੁਹਾਰਤ ਹਾਸਲ ਕਰਕੇ ਅੱਜ ਸਰਕਾਰੀ ਸਕੂਲ ਵਿੱਚ ਹੈਡ ਟੀਚਰ ਦੇ ਅਹੁਦੇ ਤੇ ਕੰਮ ਕਰ ਰਹੀ ਹਾਂ। ਉਹਨਾਂ ਦੱਸਿਆ ਕਿ ਉਸਦੀ ਬੇਟੀ ਹਰ ਪੁਨੀਤ ਕੌਰ ਧੰਨ ਦੇਈ ਡੀ ਏ ਵੀ ਸਕੂਲ ਗੁਰਦਾਸਪੁਰ ਨੇ ਪਿਛਲੇ ਸਾਲ ਨੈਸ਼ਨਲ ਪੱਧਰ ਤੇ ਇੱਕ ਗੋਲਡ ਮੈਡਲ, ਇੱਕ ਸਿਲਵਰ ਮੈਡਲ, ਅਤੇ ਦੋ ਬਰਾਊਨਜ ਮੈਡਲ ਜਿੱਤੇ ਹਨ।
ਉਹ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰਦੀ ਹੈ ਕਿ ਬੇਟੀ ਦੇ ਨਾਲ ਕੇਰਲਾ, ਪੂਨਾ ਮਹਾਰਾਸ਼ਟਰ ਵਿਖੇ ਘੁੰਮਣ ਦਾ ਮੌਕਾ ਮਿਲਿਆ ਹੈ। ਉਹਨਾਂ ਲੜਕੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਹਨਾਂ ਦੇ ਚੰਗੇਰੇ ਭਵਿੱਖ ਲਈ ਹਰ ਸੰਭਵ ਯਤਨ ਕਰਦੀ ਰਹੇਗੀ। ਟੀਮ ਦੇ ਕੋਚ ਅਤੁਲ ਕੁਮਾਰ ਨੇ ਕਿਹਾ ਕਿ ਲੜਕੀਆਂ ਦੀ ਜੂਡੋ ਖੇਡ ਸਿਖਣ ਲਈ ਬੱਚੀਆਂ ਵਿਚ ਬਹੁਤ ਉਤਸ਼ਾਹ ਹੈ। ਜੂਡੋ ਖੇਡ ਦੇ ਪ੍ਰਚਾਰ ਲਈ ਉਹ ਸਕੂਲ ਸਕੂਲ ਜਾ ਕੇ ਬੱਚੀਆਂ ਨੂੰ ਪ੍ਰੇਰਿਤ ਕਰਨਗੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜੇਸ਼ ਸ਼ਰਮਾ ਦੀ ਪ੍ਰੇਰਨਾ ਸਦਕਾ ਇਹ ਸੈਂਟਰ ਖੋਲ੍ਹਿਆ ਗਿਆ ਹੈ। ਖਿਡਾਰਣਾਂ ਨੇ ਪਹਿਲੀ ਵਾਰ ਪੰਜਾਬ ਪੱਧਰ ਤੇ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਡਲ ਜਿੱਤ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ।ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੜਕੀਆਂ ਨੂੰ ਵੱਧ ਤੋਂ ਵੱਧ ਜੂਡੋ ਖੇਡ ਵਿੱਚ ਪਾਉਣ । ਇਸ ਸਬੰਧੀ ਵੱਖ ਵੱਖ ਸੰਸਥਾਵਾਂ ਵਿੱਚ ਲੜਕੀਆਂ ਵੱਲੋਂ ਜੂਡੋ ਦੇ ਪ੍ਰਦਰਸ਼ਨ ਕੀਤੇ ਜਾਣਗੇ।