ਇਨਕਲਾਬੀ ਕੇਂਦਰ ਵੱਲੋਂ ਦਾਨ ਸਿੰਘ ਵਾਲਾ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ
ਅਸ਼ੋਕ ਵਰਮਾ
ਰਾਮਪੁਰਾ, 22 ਜਨਵਰੀ 2025: ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ’ਚ ਬੀਤੇ ਦਿਨੀਂ ਖੇਤ ਮਜ਼ਦੂਰਾਂ ਦੇ ਘਰ ਸਾੜੇ ਜਾਣ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਸੂਬਾ ਆਗੂ ਮੁਖਤਿਆਰ ਪੂਹਲਾ ਨੇ ਘਟਨਾ ਦਾ ਵਿਸਥਾਰ ਦੱਸਦਿਆਂ ਕਿਹਾ ਕਿ 8-10 ਮਜਦੂਰ ਪ੍ਰੀਵਾਰਾਂ ਨੂੰ ਇੱਕੋ ਸਮੇਂ ਪਟਰੋਲ ਬੰਬਾਂ ਤੱਕ ਦੀ ਵਰਤੋਂ ਕਰਕੇ ਸਾੜਿਆ ਜਾਣਾ ਛੋਟੀ ਘਟਨਾ ਨਹੀਂ ਹੈ। ਇਸ ਦੀ ਤਹਿ ਹੇਠ ਬਹੁਤ ਕੁੱਝ ਛੁਪਿਆ ਹੋਇਆ ਹੈ। ਜਿਸ ਢੰਗ ਨਾਲ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਹਜ਼ੂਮ ਨੇ ਦਾਨ ਸਿੰਘ ਵਾਲਾ ਦੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ, ਘਰਾਂ ਦੀ ਸਾੜ ਫੂਕ ਕੀਤੀ, ਮਜ਼ਦੂਰਾਂ ਨੂੰ ਕੁੱਟਿਆ, ਅਜਿਹੀ ਵਾਰਦਾਤ ਨੂੰ ਅੰਜਾਮ ਆਮ ਲੋਕ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਨਸ਼ੇ ਦੇ ਤਸਕਰਾਂ ਦੀਆਂ ਤੰਦਾਂ ਪੁਲਿਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਨਾਲ ਬਹੁਤ ਨੇੜਿਓਂ ਜੁੜੀਆਂ ਹੋਈਆਂ ਹਨ।
ਉਹਨਾਂ ਕਿਹਾ ਕਿ ਇਸ ਗੱਠਜੋੜ ਦੇ ਰਾਹ ਵਿੱਚ ਜੋ ਵੀ ਰੋੜਾ ਬਣਦਾ ਹੈ,ਉਸ ਨੁੰ ਰਸਤਿਓਂ ਹਟਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ। ਕਿਉਂਕਿ ਇਹ ਲੋਕ ਜਾਣਦੇ ਹਨ ਕਿ ਸਾਰਾ ਪ੍ਰਸ਼ਾਸਨ ਉਨ੍ਹਾਂ ਦੀ ਪਿੱਠ 'ਤੇ ਹੈ। ਇਸ ਦਾ ਸਬੂਤ ਹੀ ਹੈ ਕਿ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਦੋਸ਼ੀਆਂ ਖਿਲਾਫ ਮਾਮੂਲੀ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ। ਇੱਥੋਂ ਤੱਕ ਕਿ ਘਟਨਾ ਨੂੰ ਨਿੱਜੀ ਰੰਜ਼ਿਸ਼ ਕਰਾਰ ਦੇਕੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਆਗੂਆਂ ਜਗਜੀਤ ਸਿੰਘ ਲਹਿਰਾ ਮੁਹੱਬਤ, ਜਸਵੰਤ ਸਿੰਘ ਜੀਰਖ ਨੇ ਮੰਗ ਕੀਤੀ ਕਿ ਮੁਲਜ਼ਮਾਂ ’ਤੇ ਦਰਜ ਪਰਚਿਆਂ ’ਚ ਸਖ਼ਤ ਧਾਰਾਵਾਂ ਜੋੜੀਆਂ ਜਾਣ, ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਮਦਦ ਕੀਤੀ ਜਾਵੇ, ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ ਅਤੇ ਲੁੱਟਿਆ ਗਿਆ ਘਰੇਲੂ ਸਾਮਾਨ ਬਰਾਮਦ ਕਰਵਾ ਕੇ ਮਜ਼ਦੂਰਾਂ ਨੂੰ ਵਾਪਸ ਕੀਤਾ ਜਾਵੇ।
ਆਗੂਆਂ ਕਿਹਾ ਕਿ ਅਸਲ ਵਜਾਹ ਇਹ ਹੈ ਕਿ ਤਸ਼ੱਦਦ ਦਾ ਸ਼ਿਕਾਰ ਹੋਏ ਮਜ਼ਦੂਰ ਚਿੱਟੇ ਦੇ ਨਸ਼ੇ ਦਾ ਵਿਰੋਧ ਕਰਦੇ ਸਨ। ਆਗੂਆਂ ਨੇ ਮੰਗ ਕੀਤੀ ਕਿ ਨਸ਼ੇ ਦੀ ਅਲਾਮਤ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਥੋੜੀ ਬਹੁਤੀ ਵੀ ਸ਼ਰਮ ਹਿਆ ਬਚੀ ਹੈ ਤਾਂ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਦੋਸ਼ੀਆਂ, ਉਨ੍ਹਾਂ ਦੀ ਪਿੱਠ ਪੂਰਨ ਵਾਲੇ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਨੂੰ ਬੇਨਕਾਬ ਕੀਤਾ ਜਾਵੇ। ਆਗੂਆਂ ਮੰਗ ਕੀਤੀ ਕਿ ਇਸ ਨਸ਼ਿਆਂ ਦੇ ਸੌਦਾਗਰਾਂ ਦੇ ਗੱਠਜੋੜ ਨੂੰ ਬੇਨਕਾਬ ਕਰਦਿਆਂ ਦੋਸ਼ੀਆਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।