Punjab : ਸੰਘਣੀ ਧੁੰਦ ਬਣੀ ਸੜਕ ਹਾਦਸਿਆਂ ਦਾ ਕਾਰਨ, ਕਾਰ ਨੂੰ ਬਚਾਉਂਦਿਆਂ ਡਿਵਾਈਡਰ ਟੱਪ ਕੇ ਪਲਟਿਆ ਟਰੱਕ
ਦੇਰ ਸ਼ਾਮ ਕਾਰਾਂ ਦੀ ਵੀ ਹੋਈ ਟੱਕਰ
ਰੋਹਿਤ ਗੁਪਤਾ
ਗੁਰਦਾਸਪੁਰ, 20 ਦਸੰਬਰ 2025: ਜ਼ਿਲ੍ਹੇ ਵਿੱਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪਠਾਨਕੋਟ–ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਬੱਬਰੀ ਬਾਈਪਾਸ, ਜਿੱਥੇ ਅਕਸਰ ਪੁਲਿਸ ਦਾ ਹਾਈਟੈਕ ਨਾਕਾ ਵੀ ਲੱਗਿਆ ਰਹਿੰਦਾ ਹੈ, ਉੱਥੇ ਖਤਰਨਾਕ ਮੋੜ ਹੋਣ ਕਾਰਨ ਅਕਸਰ ਦੁਰਘਟਨਾਵਾਂ ਵਾਪਰ ਰਹੀਆਂ ਹਨ।
ਸਵੇਰੇ ਕਰੀਬ 8:30 ਵਜੇ ਸੰਘਣੀ ਧੁੰਦ ਕਾਰਨ ਅੱਗੇ ਅਚਾਨਕ ਆਈ ਇੱਕ ਕਾਰ ਨੂੰ ਬਚਾਉਂਦਿਆਂ ਕਾਗਜ਼ ਦੇ ਰੂਲਿਆਂ ਨਾਲ ਭਰਿਆ ਇੱਕ ਟਰੱਕ ਬੇਕਾਬੂ ਹੋ ਗਿਆ। ਟਰੱਕ ਡਿਵਾਈਡਰ ਟੱਪ ਕੇ ਰੋਂਗ ਸਾਈਡ ਦੇ ਵਨ-ਵੇ ’ਚ ਪਲਟ ਗਿਆ। ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰੱਕ ਨੂੰ ਭਾਰੀ ਨੁਕਸਾਨ ਪਹੁੰਚਿਆ।
ਡਰਾਈਵਰ ਨੇ ਦੱਸੀ ਘਟਨਾ
ਟਰੱਕ ਚਾਲਕ ਸੰਜੀਵ ਸਿੰਘ ਨੇ ਦੱਸਿਆ ਕਿ ਉਹ ਜੰਮੂ ਤੋਂ ਰਾਜਸਥਾਨ ਦੇ ਭੀਲਵਾੜਾ ਵੱਲ ਕਾਗਜ਼ ਦੇ ਰੂਲੇ ਲੈ ਕੇ ਜਾ ਰਿਹਾ ਸੀ। ਜਦੋਂ ਉਹ ਬੱਬਰੀ ਬਾਈਪਾਸ ’ਤੇ ਪਹੁੰਚਿਆ ਤਾਂ ਧੁੰਦ ਬਹੁਤ ਜ਼ਿਆਦਾ ਹੋਣ ਕਾਰਨ ਅੱਗੇ ਚੱਲ ਰਹੀ ਗੱਡੀ ਨਜ਼ਰ ਨਹੀਂ ਆਈ। ਜਿਵੇਂ ਹੀ ਗੱਡੀ ਨਜ਼ਰ ਆਈ, ਉਸਨੇ ਤੁਰੰਤ ਬਰੇਕ ਮਾਰੀ, ਜਿਸ ਨਾਲ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਪਲਟੀਆਂ ਖਾਂਦਾ ਹੋਇਆ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਜਾ ਡਿੱਗਿਆ।
ਦੇਰ ਰਾਤ ਵੀ ਹੋਇਆ ਹਾਦਸਾ
ਇਸੇ ਥਾਂ ’ਤੇ ਬੀਤੀ ਦੇਰ ਰਾਤ ਦੋ ਕਾਰਾਂ ਦੀ ਆਪਸੀ ਟੱਕਰ ਵੀ ਹੋਈ ਸੀ। ਹਾਲਾਂਕਿ ਇਸ ਘਟਨਾ ਵਿੱਚ ਵੱਡਾ ਜਾਨੀ ਨੁਕਸਾਨ ਟਲ ਗਿਆ ਅਤੇ ਦੋਵੇਂ ਕਾਰਾਂ ਦੇ ਸਵਾਰਾਂ ਨੂੰ ਮਾਮੂਲੀ ਸੱਟਾਂ ਹੀ ਆਈਆਂ।
ਪੁਲਿਸ ਨੇ ਕਰਵਾਈ ਆਵਾਜਾਈ ਬਹਾਲ
ਮੌਕੇ ’ਤੇ ਪਹੁੰਚੇ ਏਐਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਟਰੱਕ ਪਲਟਣ ਕਾਰਨ ਕਾਗਜ਼ ਦੇ ਰੂਲੇ ਸੜਕ ’ਤੇ ਖਿੱਲਰ ਗਏ ਸਨ, ਜਿਸ ਨਾਲ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਰੂਲਿਆਂ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਟ੍ਰੈਫਿਕ ਬਹਾਲ ਕਰ ਦਿੱਤੀ ਗਈ। ਟਰੱਕ ਮਾਲਕ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਟਰੱਕ ਨੂੰ ਸੜਕ ਤੋਂ ਹਟਾ ਲਿਆ ਜਾਵੇਗਾ।