Nursing Staff ਦੀ ਰੌਸ ਰੈਲੀ 21 ਮਈ ਤੱਕ ਮੁਲਤਵੀ
ਚੰਡੀਗੜ੍ਹ : ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ਼ ਪੰਜਾਬ ਵੱਲੋੰ ਆਪਣੀਆਂ ਹੱਕੀ ਮੰਗਾਂ ਲਈ ਚੱਲ ਰਿਹਾ ਰੋਸ ਪਰਦਰਸ਼ਨ ਚੌਥੇ ਦਿਨ ਵੀ ਪੂਰੇ ਜੋਸ਼ - ਜਜ਼ਬੇ ਨਾਲ ਜਾਰੀ ਰਿਹਾ । ਇਸ ਰੋਸ ਪਰਦਰਸ਼ਨ ਦੌਰਾਨ ਸਮੂਹ ਨਰਸਿੰਗ ਕੇਡਰ ਵੱਲੋਂ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਰੱਜ ਕੇ ਨਾਅਰੇਬਾਜੀ ਕਰਦੇ ਹੋਏ ਡਟ ਕੇ ਭੜਾਸ ਕੱਢੀ ਗਈ ।
ਇਸ ਸੰਘਰਸ਼ ਦੌਰਾਨ ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ਼ ਪੰਜਾਬ ਦੇ ਬੈਨਰ ਹੇਠ ਤਿੰਨਾਂ ਮੈਡੀਕਲ ਕਾਲਜਾਂ (ਅੰਮ੍ਰਿਤਸਰ, ਪਟਿਆਲਾ, ਮੋਹਾਲੀ) ਦੇ ਇਕ ਇਕ ਵਫਦ ਵੱਲੋਂ ਮਾਣਯੋਗ ਪ੍ਰਿੰਸੀਪਲ ਸਕੱਤਰ ਕੇ ਰਾਹੁਲ ਅਤੇ ਡਾਇਰੈਕਟਰ ਡੀਆਰਐਮਈ ਅਵਨੀਸ਼ ਕੁਮਾਰ ਜੀ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਉਹਨਾਂ ਵੱਲੋਂ ਸਾਡੀਆਂ ਜਾਇਜ਼ ਮੰਗਾਂ ਨੂੰ ਲੈ ਕੇ 21 ਮਈ 2025 ਦੀ ਸਾਨੂੰ ਪੈਨਲ ਮੀਟਿੰਗ ਦਿੱਤੀ ਗਈ ਹੈ ! ਇਸ ਕਰਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਇਹ ਫੈਸਲਾ ਲਿਆ ਕੇ ਅਸੀਂ ਆਪਣੀ ਰੌਸ ਰੈਲੀ 21 ਮਈ ਤੱਕ ਮੁਲਤਵੀ ਕਰਦੇ ਹਾਂ ਅਤੇ ਜੇਕਰ 21 ਮਈ ਦੀ ਪੈਨਲ ਮੀਟਿੰਗ ਕਿਸੇ ਕਾਰਨ ਕਰਕੇ ਮੁਲਤਵੀ ਕੀਤੀ ਜਾਂਦੀ ਹੈ ਜਾਂ ਇਸ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਇਹ ਰੌਸ ਰੈਲੀ ਫਿਰ 22 ਮਈ 2025 ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ।
ਸਾਨੂੰ ਉਮੀਦ ਹੈ ਕਿ ਇਸ ਪੈਨਲ ਮੀਟਿੰਗ ਵਿੱਚ ਸਮੂਹ ਨਰਸਿੰਗ ਕੇਡਰ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਨਰਸਿੰਗ ਕੇਡਰ ਦੀਆਂ ਮੁੱਖ ਮੰਗਾਂ 4600 ਗ੍ਰੇਡ ਪੇਅ ਦੀ ਪ੍ਰਾਪਤੀ, 2009 ਤੋਂ 2019 ਤੱਕ ਦਾ ਸਮਾਂ ਪ੍ਰਮੋਸ਼ਨ ਵਿੱਚ ਕਾਊਂਟ ਕਰਵਾਉਣਾ, ਮੋਹਾਲੀ ਦੀ ਆਟੋਨੋਮਸ ਸੋਸਾਇਟੀ ਨੂੰ ਪੂਰਨ ਤੌਰ ਤੇ ਪੰਜਾਬ ਸਰਕਾਰ ਦੇ ਅਧੀਨ ਕਰਨਾ, ਨਰਸਿੰਗ ਕੈਡਰ ਦਾ ਨਾਮਕਰਨ ਬਦਲਣ ਸਬੰਧੀ, ਨਰਸਿੰਗ ਅਦਾਰੇ ਦੀਆਂ ਬਹੁਤ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਪ੍ਰਮੋਸ਼ਨ ਦੇ ਆਧਾਰ ਤੇ ਸਿਰਜਣਾ, 4,9,14 ਦੇ ਆਧਾਰ ਤੇ ਪ੍ਰਮੋਸ਼ਨ ਨੀਤੀ ਲਾਗੂ ਕਰਵਾਉਣਾ, ਡੀਆਰਐਮਈ ਤੋਂ ਡੀਐਚਐਸ ਵਿੱਚ ਜਾਣ ਲਈ ਆਪਸ਼ਨ ਜਾਰੀ ਕਰਨਾ ਆਦਿ ਹੈ !