Nagar Nigam Election: ਭਾਜਪਾ ਆਗੂ ਸਰੂਪ ਚੰਦ ਸਿੰਗਲਾ 'ਤੇ ਹਮਲਾ, ਪੁੱਤਰ ਵੀ ਜ਼ਖ਼ਮੀ
ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਦੇ ਗੁੱਝੀਆਂ ਸੱਟਾਂ
ਅਸ਼ੋਕ ਵਰਮਾ
ਬਠਿੰਡਾ, 26 ਮਈ 2026 : ਬਠਿੰਡਾ ਨਗਰ ਨਿਗਮ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਖਤਮ ਹੋਣ ਤੋਂ ਬਾਅਦ ਇੱਕ ਵਾਰਡ ਦੇ ਬਾਹਰ ਕਿਸੇ ਗੱਲ ਨੂੰ ਲੈਕੇ ਹੋਈਆਂ ਦੋ ਸਿਆਸੀ ਧਿਰਾਂ ਦੇ ਕਾਰਕੁੰਨਾਂ ਦਰਮਿਆਨ ਤਿੱਖੀਆਂ ਝੜਪਾਂ ਦੌਰਾਨ ਜਿਲ੍ਹਾ ਪ੍ਰਧਾਨ ਭਾਜਪਾ ਸਰੂਪ ਚੰਦ ਸਿੰਗਲਾ ਤੇ ਉਨ੍ਹਾਂ ਦਾ ਲੜਕਾ ਦੀਨਵ ਸਿੰਗਲਾ ਜਖਮੀ ਹੋਏ ਹਨ। ਇਸ ਮੌਕੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਿੰਗਲਾ ਦੇ ਗੰਨਮੈਨ ਨੂੰ ਬਚਾਅ ’ਚ ਗੋਲੀ ਚਲਾਉਣੀ ਪਈ । ਸਰੂਪ ਸਿੰਗਲਾ ਸਮੇਤ ਸਮੂਹ ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਇਲਾਕੇ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਡੀਆਈਜੀ ਹਰਜੀਤ ਸਿੰਘ ਅਤੇ ਐਸਐਸਪੀ ਜਯੋਤੀ ਯਾਦਵ ਮੌਕੇ ਤੇ ਪੁੱਜ ਗਏ ਹਨ। ਸਰੂਪ ਚੰਦ ਸਿੰਗਲਾ ਦੇ ਜਖਮੀ ਹੋਣ ਕਾਰਨ ਸਵੇਰ ਤੋਂ ਤਕਰੀਬਨ ਸ਼ਾਂਤ ਰਹੇ ਸ਼ਹਿਰ ’ਚ ਤਣਾਅ ਅਤੇ ਦਹਿਸ਼ਤ ਦਾ ਮਹੌਲ ਬਣ ਗਿਆ ਹੈ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਸਿੰਗਲਾ ਅਤੇ ਹੋਰ ਵਿਅਕਤੀਆਂ ਦੇ ਜਖਮੀ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਓਧਰ ਇਸ ਵੱਡੀ ਘਟਨਾ ਨੂੰ ਛੱਡਕੇ ਚੋਣ ਅਮਲ ਬਾਕੀ ਥਾਵਾਂ ’ਤੇ ਤਕਰੀਬਨ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਹਾਲਾਂਕਿ ਕਈ ਵਾਰਡ ਅਜਿਹੇ ਵੀ ਸਨ ਜਿੰਨ੍ਹਾਂ ਵਿੱਚ ਪੂਰਾ ਦਿਨ ਤਣਾਅ ਦਾ ਮਹੌਲ ਬਣਿਆ ਰਿਹਾ ਪਰ ਜਿਆਦਾਤਰ ’ਚ ਸ਼ਾਂਤੀ ਰਹੀ। ਇੰਨ੍ਹਾਂ ਚੋਣਾਂ ਦੌਰਾਨ ਔਰਤ ਉਮੀਦਵਾਰਾਂ ਦੀ ਗਿਣਤੀ ਵਧਣ ਕਾਰਨ ‘ਡੌਲੇ ਫਰਕਾਉਣ’ ਦਾ ਰੁਝਾਨ ਤਾਂ ਸੀ ਪਰ ਘੱਟ ਰਿਹਾ। ਵੇਰਵਿਆਂ ਮੁਤਾਬਕ ਨਗਰ ਨਿਗਮ ਦੇ 50 ਵਾਰਡਾਂ ਦੀ ਚੋਣ ਲਈ 214 ਪੋਲਿੰਗ ਬੂਥ ਬਣਾਏ ਗਏ ਸਨ। ਨਗਰ ਨਿਗਮ ਬਠਿੰਡਾ ਦੀ ਚੋਣ ਲਈ ਕੁੱਲ 2 ਲੱਖ 31 ਹਜ਼ਾਰ ਵੋਟਰ ਸਨ ਜਿੰਨ੍ਹਾਂ ਚੋਂ 1 ਲੱਖ 19 ਹਜ਼ਾਰ 462 ਪੁਰਸ਼ ਵੋਟਰ ਅਤੇ ਔਰਤ ਵੋਟਰਾਂ ਦੀ ਗਿਣਤੀ 1 ਲੱਖ 12 ਹਜ਼ਾਰ 132 ਸੀ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਵਾਰਡ ਨੰਬਰ 46 ਤੋਂ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਸ਼ਹਿਰ ਦੇ ਵੋਟਰਾਂ ਨੇ 11 ਸਾਲ ਦੇ ਲੰਬੇ ਅਰਸੇ ਬਾਅਦ ਬੈਲਟ ਪੇਪਰ ਰਾਹੀਂ ਆਪਣੀਆਂ ਵੋਟਾਂ ਪਾਈਆਂ ਹਨ। ਹਾਲਾਂਕਿ ਇਸ ਢੰਗ ਨਾਲ ਸਮਾਂ ਜਿਆਦਾ ਲੱਗਿਆ ਪਰ ਬਹੁਤੀ ਥਾਈਂ ਵੋਟਰਾਂ ਨੇ ਆਪਣੀ ਮਰਜੀ ਦੇ ਚੋਣ ਨਿਸ਼ਾਨ ’ਤੇ ਮੋਹਰ ਲਾਉਣ ਪ੍ਰਤੀ ਖੁਸ਼ੀ ਜਤਾਈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸਵੇਰੇ 8 ਵਜੇ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਦੇਖਦਿਆਂ ਹੀ ਦੇਖਦਿਆਂ ਵੋਟਰਾਂ ਦੀਆਂ ਲਾਈਨਾਂ ਲੱਗ ਗਈਆਂ ਅਤੇ ਵੋਟਾਂ ਪਾਉਣ ਦਾ ਕੰਮ ਸ਼ਾਮ 5 ਤੱਕ ਜਾਰੀ ਰਿਹਾ । ਕਈ ਵਾਰਡਾਂ ’ਚ ਮਿਥੇ ਸਮੇਂ ਤੋਂ ਬਾਅਦ ਵੀ ਵੋਟਰ ਲਈਨਾਂ ’ਚ ਖਲੋਤੇ ਹੋਏ ਸਨ ਉਨ੍ਹਾਂ ਦੀਆਂ ਵੋਟਾਂ ਪੁਆਈਆਂ ਜਾਣਗੀਆਂ। ਇਸ ਚੋਣ ਪ੍ਰਕਿਰਿਆ ਤੋਂ ਬਾਅਦ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਪੁਲਿਸ ਦੇ ਸਖਤ ਪਹਿਰੇ ਹੇਠ ਰੱਖੇ ਬਕਸਿਆਂ ’ਚ ਬੰਦ ਹੋ ਗਿਆ ਹੈ।
ਇੰਨ੍ਹਾਂ ਉਮੀਦਵਾਰਾਂ ’ਚ ਮੁੱਖ ਤੌਰ ’ਤੇ ਵਾਰਡ ਨੰਬਰ ਵਾਰਡ ਨੰਬਰ 40 ਤੋਂ ‘ਆਪ ਉਮੀਦਵਾਰ ਸੰਜੀਵ ਕੁਮਾਰ ਉਰਫ ਸੋਨੀ ਪ੍ਰਧਾਨ, ਇਸੇ ਵਾਰਡ ਤੋਂ ਅਕਾਲੀ ਦਲ ਦੇ ਵਿਜੇ ਕੁਮਾਰ ਸ਼ਰਮਾ, ਵਾਰਡ ਨੰਬਰ 27 ਤੋਂ ਖੂਨਦਾਨੀ ਬੀਰੂ ਬਾਂਸਲ ਦੀ ਪਤਨੀ ਸਵਿਤਾ ਬਾਂਸਲ, ਵਾਰਡ ਨੰਬਰ 8 ਤੋਂ ਭਾਜਪਾ ਆਗੂ ਅਸ਼ੋਕ ਬਾਲਿਆਂ ਵਾਲੀ, ਆਪ ਦੇ ਸਾਬਕਾ ਆਗੂ ਡਾ ਤਰਸੇਮ ਗਰਗ ਦੀ ਭਾਜਪਾ ਉਮੀਦਵਾਰ ਪਤਨੀ ਰਜਨੀ ਜਿੰਦਲ, ਆਪ ਉਮੀਦਵਾਰ ਮਨਦੀਪ ਕੌਰ ਅਤੇ ਅਕਾਲੀ ਉਮੀਦਵਾਰ ਸ਼ੈਰੀ ਗੋਇਲ ਆਦਿ ਸ਼ਾਮਲ ਹਨ। ਵੋਟਾਂ ਦੌਰਾਨ ਝੜਪ ਦਾ ਵੱਡਾ ਮਾਮਲਾ ਵਾਰਡ ਨੰਬਰ 23 ’ਚ ਸਾਹਮਣੇ ਆਇਆ ਜਿੱਥੇ ਵਾਰਡ ਵਾਸੀਆਂ ਨੇ ਪ੍ਰੀਜ਼ਾਈਡਿੰਗ ਅਫਸਰ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਧਰਨਾ ਦਿੱਤਾ। ਇਸ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਵਾਰਡ ਨੰਬਰ 13 ਵਿਚਲੀ ਵੋਟ ਪ੍ਰਕਿਰਿਆ ’ਤੇ ਉੱਂਗਲ ਚੁੱਕੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸ਼ਨ ਸੱਤਾਧਾਰੀ ਧਿਰ ਦੇ ਚੋਣ ਏਜੰਟ ਵਜੋਂ ਕੰਮ ਕਰ ਰਿਹਾ ਹੈ।

ਵਾਰਡ ਨੰਬਰ 37 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਵਿਤਾ ਬਾਂਸਲ ਦੇ ਪਤੀ ਬੀਰੂ ਬਾਂਸਲ ਨੇ ਕਿਹਾ ਕਿ ਇਸ ਵਾਰਡ ’ਚ ਜਾਅਲੀ ਵੋਟਾਂ ਪੁਆਈਆਂ ਜਾ ਰਹੀਆਂ ਹਨ। ਉਨ੍ਹਾਂ ਮਾਨਸਾ ਤੋਂ ਵੋਟ ਪਾਉਣ ਆਈ ਇੱਕ ਔਰਤ ਦਾ ਹਵਾਲਾ ਵੀ ਦਿੱਤਾ ਜਿਸਦੀ ਵੋਟ ਪਹਿਲਾਂ ਹੀ ਭੁਗਤ ਚੁੱਕੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸ਼ਨ ਲੋਕਤੰਤਰ ਦੀਆਂ ਧੱਜੀਆਂ ਉਡਾ ਰਿਹਾ ਹੈ। ਵਾਰਡ ਨੰਬਰ 33 ’ਚ ਵੀ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲੱਗੇ ਹਨ ਜਿੱਥੇ ਰੋਹਿਤ ਕੁਮਾਰ ਦੇ ਨੌਜਵਾਨ ਦੀ ਸ਼ਕਾਇਤ ਸੀ ਕਿ ਉਸ ਦੀ ਵੋਟ ਕੋਈ ਹੋਰ ਪਾ ਗਿਆ। ਵਾਰਡ ਨੰਬਰ 40 ’ਚ ਸੋਨੀ ਪ੍ਰਧਾਨ ਅਤੇ ਵਿਜੇ ਸ਼ਰਮਾ ਦੇ ਆਹਮੋ ਸਾਹਮਣੇ ਹੋਣ ਕਾਰਨ ਪੂਰਾ ਦਿਨ ਤਣਾਅ ਬਣਿਆ ਰਿਹਾ । ਇਸ ਤੋਂ ਇਲਾਵਾ ਵੱਖ ਵੱਖ ਵਾਰਡਾਂ ਤੋਂ ਵੀ ਆਪਸੀ ਬਹਿਸਬਾਜੀ ਦੀਆਂ ਖਬਰਾਂ ਹਨ।
ਪੁਲਿਸ ਪੂਰੀ ਤਰਾਂ ਚੌਕਸ :ਐਸਪੀ
ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਵੋਟਿੰਗ ਦੌਰਾਨ ਕੋਈ ਗੜਬੜ ਨਹੀਂ ਹੋਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ੱਕੀ ਥਾਵਾਂ ’ਤੇ ਵਾਧੂੰ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ। ਵਾਰਡ ਨੰਬਰ 3 ’ਚ ਗੋਲੀ ਚੱਲਣ ਦੀ ਚਰਚਾ ਨੂੰ ਐਸਪੀ ਸਿਟੀ ਨੇ ਅਫਵਾਹ ਕਰਾਰ ਦਿੱਤਾ ਅਤੇ ਕਿਹਾ ਕਿ ਪੁਲਿਸ ਪੂਰੀ ਤਰਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਇੱਕ ਘਟਨਾ ਨੂੰ ਛੱਡਕੇ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਿਆ ਹੈ।
- Download Babushahi App
-
-