Holiday Alert: ਪੰਜਾਬ 'ਚ 18 ਅਪ੍ਰੈਲ ਨੂੰ ਛੁੱਟੀ ਦਾ ਐਲਾਨ; ਵਿਦਿਅਕ ਅਦਾਰੇ, ਸਰਕਾਰੀ ਦਫ਼ਤਰ ਤੇ ਬੈਂਕ ਰਹਿਣਗੇ ਬੰਦ
ਚੰਡੀਗੜ੍ਹ, 17 ਅਪ੍ਰੈਲ 2025: ਪੰਜਾਬ ਵਿੱਚ ਅਪ੍ਰੈਲ ਮਹੀਨੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਲਗਾਤਾਰ ਆ ਰਹੀਆਂ ਹਨ। ਪੰਜਾਬ ਵਿੱਚ ਕੱਲ੍ਹ ਯਾਨੀ 18 ਅਪ੍ਰੈਲ ਨੂੰ ਗੁੱਡ ਫ੍ਰਾਈਡੇ ਦੇ ਮੌਕੇ 'ਤੇ ਸਰਕਾਰੀ ਛੁੱਟੀ ਹੋਵੇਗੀ। ਇਸ ਦੌਰਾਨ ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਆਦਿ ਬੰਦ ਰਹਿਣਗੇ। ਇਸ ਸਬੰਧੀ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਹੁਣ ਲੋਕਾਂ ਦੇ ਸਰਕਾਰੀ ਦਫ਼ਤਰ ਨਾਲ ਸਬੰਧਤ ਕੰਮ ਸੋਮਵਾਰ ਨੂੰ ਹੀ ਹੋਣਗੇ ਕਿਉਂਕਿ 19 ਅਤੇ 20 ਅਪ੍ਰੈਲ ਨੂੰ ਸ਼ਨੀਵਾਰ ਅਤੇ ਐਤਵਾਰ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਅੱਜ ਹੀ ਆਪਣੇ ਸਰਕਾਰੀ ਦਫ਼ਤਰ ਨਾਲ ਸਬੰਧਤ ਕੰਮ ਪੂਰੇ ਕਰਨੇ ਪੈਣਗੇ।
ਘੁੰਮਣ ਦਾ ਬਣਾ ਸਕਦੇ ਹੋ ਪ੍ਰੋਗਰਾਮ
ਤੁਹਾਨੂੰ ਦੱਸ ਦੇਈਏ ਕਿ 18 ਅਪ੍ਰੈਲ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਹੋਣ ਕਰਕੇ ਲੋਕ ਲਾਂਗ ਵੀਕੈਂਡ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਬਾਅਦ 19 ਅਤੇ 20 ਅਪ੍ਰੈਲ ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ ਹੋਵੇਗੀ, ਜਿਸ ਨਾਲ ਤੁਹਾਨੂੰ ਤਿੰਨ ਦਿਨਾਂ ਦਾ ਵੀਕੈਂਡ ਮਿਲੇਗਾ। ਇਸ ਲਈ ਜੇਕਰ ਤੁਸੀਂ ਪਰਿਵਾਰ ਦੇ ਨਾਲ ਕਿਤੇ ਘੁੰਮਣ ਦਾ ਪਲਾਨ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਇੱਕ ਚੰਗਾ ਮੌਕਾ ਹੈ।
ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ
ਇਨ੍ਹਾਂ ਦੋ ਦਿਨਾਂ 'ਤੇ ਸਰਕਾਰੀ ਦਫ਼ਤਰ ਪਹਿਲਾਂ ਹੀ ਬੰਦ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ, ਪੁਲਿਸ, ਸਿਹਤ ਅਤੇ ਹੋਰ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਗੁੱਡ ਫਰਾਈਡੇ ਦਾ ਮਹੱਤਵ
ਗੁੱਡ ਫਰਾਈਡੇ, ਜੋ ਇਸ ਸਾਲ 18 ਅਪ੍ਰੈਲ, 2025 ਨੂੰ ਮਨਾਇਆ ਜਾਵੇਗਾ, ਈਸਾਈ ਧਰਮ ਵਿੱਚ ਇੱਕ ਮਹੱਤਵਪੂਰਨ ਦਿਨ ਹੈ। ਇਹ ਦਿਨ ਯਿਸੂ ਮਸੀਹ ਦੇ ਸਲੀਬ ‘ਤੇ ਚੜ੍ਹਾਏ ਗਏ ਬਲੀਦਾਨ ਅਤੇ ਮੌਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਭਾਰਤ ਵਿੱਚ, ਗੁੱਡ ਫਰਾਈਡੇ ਨੂੰ ਕਈ ਰਾਜਾਂ ਵਿੱਚ ਜਨਤਕ ਛੁੱਟੀ ਵਜੋਂ ਮਾਨਤਾ ਪ੍ਰਾਪਤ ਹੈ, ਅਤੇ ਇਸ ਦਿਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬਹੁਤ ਸਾਰੇ ਨਿੱਜੀ ਅਦਾਰੇ ਬੰਦ ਰਹਿੰਦੇ ਹਨ।