Crime Special ਕੁੜੀਆਂ ਚਿੜੀਆਂ ਨਹੀਂ : ਕੁਟਾਪਾ ਚਾੜ੍ਹਨ ਪਿੱਛੋਂ ਮੁੰਡੇ ਨੂੰ ਅਗਵਾ ਕਰਨ ਵਾਲੀ ਨਣਦ ਭਰਜਾਈ ਕਾਬੂ
ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ 2026 : ਕੁੜੀਆਂ ਹੁਣ ਚਿੜੀਆਂ ਨਹੀਂ ਨੂੰ ਸੱਚ ਕਰਦਿਆਂ ਇੱਕ ਔਰਤ ਵੱਲੋਂ ਭਰਾ ਭਰਜਾਈ ਨਾਲ ਮਿਲਕੇ ਲਿਵ ਇਨ ਪਾਰਟਨਰ ਨੌਜਵਾਨ ਨੂੰ ਅਗਵਾ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਸਿਰਫ ਅਗਵਾ ਹੀ ਨਹੀਂ ਕੀਤਾ ਬਲਕਿ ਇਸ ਤੋਂ ਪਹਿਲਾਂ ਮੁਲਜਮਾਂ ਨੇ ਉਸ ਦੀ ਜੰਮਕੇ ਕੁੱਟਮਾਰ ਕੀਤੀ । ਇਹ ਔਰਤ ਐਨੀ ਜਿਆਦਾ ਹਰਖੀ ਹੋਈ ਸੀ ਕਿ ਉਸ ਦੇ ਕਹਿਣ ’ਤੇ ਨੌਜਵਾਨ ਨੂੰ ਬਚਾਉਣ ਆਏ ਉਸ ਦੇ ਜੀਜੇ ਨੂੰ ਵੀ ਕੁਟਾਪਾ ਚਾੜ੍ਹ ਦਿੱਤਾ ਗਿਆ। ਇਹ ਦੀਦਾ ਦਲੇਰੀ ਹੀ ਕਹੀ ਜਾ ਸਕਦੀ ਹੈ ਕਿ ਔਰਤ ਨੇ ਆਪਣੇ ਸਾਥੀਆਂ ਨਾਲ ਨੌਜਵਾਨ ਨੂੰ ਬਲੈਰੋ ’ਚ ਸੁੱਟ ਲਿਆ ਅਤੇ ਅਗਵਾ ਕਰਕੇ ਲੈ ਗਏ। ਪੁਰਸ਼ਾਂ ਵੱਲੋਂ ਔਰਤਾਂ ਨੂੰ ਅਗਵਾ ਦੀਆਂ ਵਾਰਦਾਤਾਂ ਤਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਆਪਣੀ ਕਿਸਮ ਦਾ ਇਹ ਨਿਵੇਕਲਾ ਮਾਮਲਾ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਘਟਨਾ ਵਾਪਰਨ ਤੋਂ ਬਾਅਦ ਨੌਜਵਾਨ ਦਾ ਜੀਜਾ ਸੁਰੇਸ਼ ਕੁਮਾਰ ਵਾਸੀ ਠਾਕੁਰ ਬਸਤੀ ਥਾਣੇ ਪੁੱਜਿਆ ਅਤੇ ਪੁਲਿਸ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ। ਸੂਚਨਾ ਮਿਲਦਿਆਂ ਹਰਕਤ ’ਚ ਆਈ ਪੁਲਿਸ ਰਾਤ ਨੂੰ ਹੀ ਡੱਬਵਾਲੀ ਪੁੱਜੀ ਅਤੇ ਅਗਵਾ ਨੌਜਵਾਨ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਇਸ ਨੌਜਵਾਨ ਦੀ ਲਿਵ ਇਨ ਪਾਰਟਨਰ ਔਰਤ ਅਤੇ ਉਸ ਦੀ ਭਾਬੀ ਨੂੰ ਗ੍ਰਿਫਤਾਰ ਕਰ ਲਿਆ ਜਦੋਂਕਿ ਇਸ ਮਾਮਲੇ ’ਚ ਸ਼ਾਮਲ ਬਾਕੀ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜਮ ਔਰਤਾਂ ਦੀ ਪਛਾਣ ਮੋਨਿਕਾ ਉਰਫ ਸੋਨਿਕਾ ਅਤੇ ਉਸ ਦੀ ਭਾਬੀ ਪਾਇਲ ਨੂੰ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੋਵਾਂ ਔਰਤਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੇ ਅਗਲੀ ਜਾਂਚ ਲਈ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਜਾਣਕਾਰੀ ਮੁਤਾਬਕ ਅਗਵਾ ਨੌਜਵਾਨ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਜਦੋਂਕਿ ਉਸ ਦੀ ਲਿਵ ਇੰਨ ਪਾਰਟਨਰ ਪਹਿਲਾਂ ਹੀ ਤਲਾਕਸ਼ੁਦਾ ਸੀ।
ਜਾਣਕਾਰੀ ਅਨੁਸਾਰ ਸੁਰਿੰਦਰ ਨਾਮੀ ਇਸ ਨੌਜਵਾਨ ਦਾ ਵਿਆਹ 2009 ’ਚ ਹੋਇਆ ਸੀ ਜੋ ਕੁੱਝ ਦਿਨ ਤਾਂ ਠੀਕ ਚੱਲਿਆ ਪਰ ਮਗਰੋਂ ਦੋਵਾਂ ਵਿਚਕਾਰ ਅਣਬਣ ਹੋ ਗਈ ਸੀ। ਇਸੇ ਵਿਵਾਦ ਦੇ ਚੱਲਦਿਆਂ ਸੁਰਿੰਦਰ ਦੀ ਪਤਨੀ ਉਸ ਨਾਲੋਂ ਵੱਖ ਹੋਕੇ ਅਬੋਹਰ ਵਿਖੇ ਰਹਿਣ ਲੱਗ ਪਈ। ਪਤਨੀ ਦੇ ਜਾਣ ਤੋਂ ਬਾਅਦ ਦੋਵਾਂ ਵਿਚਕਾਰ ਤਲਾਕ ਦਾ ਮਾਮਲਾ ਅਦਾਲਤ ’ਚ ਪੁੱਜ ਗਿਆ ਜੋ ਹਾਲੇ ਤੱਕ ਵੀ ਚੱਲ ਰਿਹਾ ਹੈ। ਨੌਜਵਾਨ ਦੀ ਭੈਣ ਵੀ ਅਬੋਹਰ ਰਹਿੰਦੀ ਹੈ । ਇਸ ਦੌਰਾਨ ਇਹ ਨੌਜਵਾਨ ਡੱਬਵਾਲੀ ਦੀ ਇੰਕ ਤਲਾਕਸ਼ੁਦਾ ਔਰਤ ਦੇ ਸੰਪਰਕ ’ਚ ਆ ਗਿਆ। ਪੁਲਿਸ ਅਨੁਸਾਰ ਕਰੀਬ ਤਿੰਨ ਸਾਲ ਉਹ ਇਸ ਔਰਤ ਦੇ ਨਾਲ ਰਿਹਾ ਅਤੇ ਮਗਰੋਂ ਉਸ ਨੂੰ ਛੱਡ ਦਿੱਤਾ । ਡੱਬਵਾਲੀ ਤੋਂ ਆਪਣੀ ਭੈਣ ਦੇ ਘਰ ਅਬੋਹਰ ਆਏ ਸੁਰਿੰਦਰ ਨੂੰ 25 ਅਪ੍ਰੈਲ ਨੂੰ ਉਸ ਦੇ ਜੀਜੇ ਨੇ ਉਸ ਨੂੰ ਕੋਈ ਸਮਾਨ ਲੈਣ ਲਈ ਦੁਕਾਨ ਤੇ ਭੇਜਿਆ ਸੀ।
ਇਸ ਦੌਰਾਨ ਇੱਕ ਬੋਲੈਰੋ ’ਚ ਆਈ ਜਿਸ ’ਚ ਸੁਰਿੰਦਰ ਦੀ ਲਿਵ ਇਨ ਪਾਰਟਨਰ ਔਰਤ , ਉਸ ਦੀ ਭਰਜਾਈ ਅਤੇ ਭਰਾ ਸਮੇਤ ਕੁੱਲ 6 ਜਣੇ ਸਵਾਰ ਸਨ। ਇਸ ਮੌਕੇ ਬਾਹਰ ਆਕੇ ਔਰਤ ਦਾ ਭਰਾ ਸੁਰਿੰਦਰ ਦੀ ਕੁੱਟਮਾਰ ਕਰਨ ਲੱਗ ਪਿਆ ਜਿਸ ਕਰਕੇ ਵਜੋਂ ਉਹ ਗੰਭੀਰ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੁਲਜਮਾਂ ਨੇ ਮੌਕੇ ’ਤੇ ਆਏ ਸੁਰਿੰਦਰ ਦੇ ਜੀਜੇ ਦੀ ਵੀ ਕੁੱਟਮਾਰ ਕੀਤੀ। ਇਸ ਦੌਰਾਨ ਸੁਰਿੰਦਰ ਦੀ ਲਿਵ ਇਨ ਪਾਰਟਨਰ ਆਦਿ ਉਸ ਨੂੰ ਬੋਲੈਰੋ ’ਚ ਅਗਵਾ ਕਰਕੇ ਲੈ ਗਏ। ਇਸ ਮੌਕੇ ਨੌਜਵਾਨ ਦਾ ਜੀਜਾ ਸੁਰੇਸ਼ ਕੁਮਾਰ ਥਾਣੇ ਪੁੱਜਿਆ ਅਤੇ ਪੁਲਿਸ ਨੂੰ ਸ਼ਕਾਇਤ ਦਿੱਤੀ। ਸ਼ਕਾਇਤ ਦੇ ਅਧਾਰ ’ਤੇ ਥਾਣਾ ਸਿਟੀ 2 ਪੁਲਿਸ ਨੇ ਡੱਬਵਾਲੀ ਦੇ ਰਵੀਦਾਸ ਨਗਰ ਵਾਸੀ ਪ੍ਰੇਮ ਚੰਦ ਉਰਫ ਵਿੱਕੀ, ਸੰਨੀ , ਮੋਨਿਕਾ ਉਰਫ ਸੋਨਿਕਾ ਪੁੱਤਰੀ ਨਰੇਸ਼ ਕੁਮਾਰ , ਪਾਇਲ ਪਤਨੀ ਪ੍ਰੇਮ ਚੰਦ ਅਤੇ ਦੋ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਦੋ ਕਾਬੂ ਬਾਕੀ ਦੀ ਭਾਲ ਜਾਰੀ
ਥਾਣਾ ਸਿਟੀ 2 ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਬੀਐਨਐਸ ਦੀ ਧਾਰਾ 140 (3) 115 (2) 191 (3) ਅਤੇ 190 ਤਹਿਤ ਮੁਕੱਦਮਾ ਨੰਬਰ 70 ਦਰਜ ਕਰਨ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਚ ਦੋਸ਼ੀ ਵਜੋਂ ਨਾਮਜਦ ਮੋਨਿਕਾ ਉਰਫ ਸੋਨਿਕਾ ਅਤੇ ਪਾਇਲ ਨੂੰ ਡੱਬਵਾਲੀ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਸੰਭਾਵੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੰਨ੍ਹਾਂ ਦੀ ਜਲਦੀ ਹੀ ਗ੍ਰਿਫਤਾਰੀ ਹੋਣ ਦੀ ਆਸ ਹੈ।
ਸਮਾਜ ਲਈ ਘਾਤਕ : ਗੁਰਵਿੰਦਰ
ਸਹਿਯੋਗ ਵੈਲਫੇਅਰ ਕਲੱਬ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਲਿਵ ਇਨ ਰਿਲੇਸ਼ਨਸ਼ਿਪ ਜਾਂ ਆਪਸੀ ਸਹਿਮਤੀ ਨਾਲ ਸਬੰਧ ਸਮਾਜ ਲਈ ਬੇਹੱਦ ਘਾਤਕ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਵਿਵਸਥਾ ਹੈ ਜੋ ਪੱਛਮੀ ਦੇਸ਼ਾਂ ਵਿੱਚ ਆਮ ਹੈ ਪਰ ਹੌਲੀ ਹੌਲੀ ਇਸ ਬੁਰਾਈ ਨੇ ਭਾਰਤੀ ਸਮਾਜ ਨੂੰ ਵੀ ਕਲਾਵੇ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਚੀਨ ਸੱਭਿਆਚਾਰ ਨੂੰ ਦੇਖਦਿਆਂ ਲਿਵ ਇਨ ਰਿਲੇਸ਼ਨਸ਼ਿਪ ਭਾਰਤੀ ਸਮਾਜਿਕ ਢਾਂਚੇ ਦੇ ਅਨੁਕੂਲ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਬੁਰਾਈਆਂ ਦੇ ਨਤੀਜੇ ਅਕਸਰ ਦੁਖਦਾਈ ਹੀ ਹੁੰਦੇ ਹਨ । ਉਨ੍ਹਾਂ ਨਵੇਂ ਪੋਚ ਨੂੰ ਅਜਿਹੇ ਰਿਸ਼ਤੇ ਕਾਇਮ ਕਰਨ ਦੀ ਥਾਂ ਏਦਾਂ ਦੇ ਕਾਰਜਾਂ ਤੋਂ ਬਚਾਅ ਰੱਖਣ ਦਾ ਸੱਦਾ ਵੀ ਦਿੱਤਾ ਹੈ।
Click to Follow Babushahi Facebook page →