Canada: ਗ਼ਜ਼ਲ ਮੰਚ ਸਰੀ ਵੱਲੋਂ ਗ਼ਜ਼ਲ ਗਾਇਕੀ ਦੀ ਸੁਰਮਈ ਸ਼ਾਮ 11 ਮਈ 2025 ਨੂੰ
ਹਰਦਮ ਮਾਨ
ਸਰੀ, 6 ਮਈ 2025 – ਗ਼ਜ਼ਲ ਮੰਚ ਸਰੀ ਵੱਲੋਂ 11 ਮਈ 2025 (ਐਤਵਾਰ) ਨੂੰ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ (6638 152 ਏ ਸਟਰੀਟ) ਵਿਖੇ ਗ਼ਜ਼ਲ ਗਾਇਕੀ ਦੀ ਸੁਰਮਈ ਸ਼ਾਮ ਮਨਾਈ ਜਾ ਰਹੀ ਹੈ। ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਬੀ.ਸੀ. ਦੇ ਉੱਘੇ ਬਿਜ਼ਨਸਮੈਨ ਅਤੇ ਸਾਹਿਤ, ਕਲਾ ਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਜਤਿੰਦਰ ਜੇ ਮਿਨਹਾਸ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਗ਼ਜ਼ਲ ਮਹਿਫ਼ਿਲ ਵਿਚ ਉੱਤਰੀ ਅਮਰੀਕਾ ਦੇ ਉੱਘੇ ਗ਼ਜ਼ਲ ਗਾਇਕ ਸੁਖਦੇਵ ਸਾਹਿਲ (ਕੈਲੀਫੋਰਨੀਆ), ਭਗਤਜੀਤ ਸਿੰਘ, ਪਰਖਜੀਤ ਸਿੰਘ, ਸੋਨਲ ਅਤੇ ਡਾ. ਰਣਦੀਪ ਮਲਹੋਤਰਾ ਆਪਣੇ ਸੁਰੀਲੇ ਸੁਰਾਂ ਨਾਲ ਸੰਗੀਤ ਪ੍ਰੇਮੀਆਂ ਨੂੰ ਸਰਸ਼ਾਰ ਕਰਨਗੇ। ਉਨ੍ਹਾਂ ਦੱਸਿਆ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣ ਵਾਲੀ ਇਸ ਸੰਗੀਤਕ ਮਹਿਫ਼ਿਲ ਦਾ ਆਨੰਦ ਮਾਣਨ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੈ ਅਤੇ ਸਾਹਿਤ, ਕਲਾ, ਸੰਗੀਤ ਨਾਲ ਲਗਾਓ ਰੱਖਣ ਵਾਲੇ ਹਰ ਸ਼ਖ਼ਸ ਨੂੰ ਇਸ ਵਿਚ ਸ਼ਾਮਲ ਹੋਣ ਲਈ ਗ਼ਜ਼ਲ ਮੰਚ ਵੱਲੋਂ ਖੁੱਲ੍ਹਾ ਸੱਦਾ ਹੈ।