Babushahi Special ਰਿਫਾਇਨਰੀ ਮਜ਼ਦੂਰਾਂ ਤੋਂ ਗੁੰਡਾ ਟੈਕਸ ਵਸੂਲੀ ਖਿਲਾਫ ਬਦਮਾਸ਼ਾਂ ਦੇ ਤਿੱਕੜੀ ਗਿਰੋਹ ਦੀ ਚੂੜੀ ਕਸੀ
ਅਸ਼ੋਕ ਵਰਮਾ
ਬਠਿੰਡਾ,16 ਦਸੰਬਰ 2025: ਬਠਿੰਡਾ ਜਿਲ੍ਹੇ ’ਚ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਬਦਮਾਸ਼ਾਂ ਨੇ 15 ਸੌ ਰੁਪਏ ਮਹੀਨਾ ਗੁੰਡਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰਾਂਸਪੋਰਟਰਾਂ ਤੋਂ ਕਥਿਤ ਗੁੰਡਾ ਟੈਕਸ ਉਗਰਾਹੁਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਬਦਮਾਸ਼ਾਂ ਨੇ ਗਰੀਬ ਮਜ਼ਦੂਰ ਨਿਸ਼ਾਨਾ ਬਣਾਏ ਹਨ। ਹਾਲਾਂਕਿ ਇਹ ਵਸੂਲੀ ਕਾਫੀ ਸਮੇਂ ਤੋਂ ਚੱਲ ਰਹੀ ਸੀ ਪਰ ਮਾਮਲਾ ਮੀਡੀਆ ਕੋਲ ਪੁੱਜਣ ਤੋਂ ਬਾਅਦ ਪੁਲਿਸ ਨੇ ਆਨਣ ਫਾਨਣ ਵਿੱਚ ਬਦਮਾਸ਼ਾਂ ਦੀ ਤਿੱਕੜੀ ਖਿਲਾਫ ਮੁਕੱਦਮਾ ਦਰਜ ਕਰਕੇ ਖਾਨਾਪੂਰਤੀ ਕਰ ਦਿੱਤੀ ਹੈ। ਥਾਣਾ ਰਾਮਾ ਮੰਡੀ ਪੁਲਿਸ ਨੇ ਮਜ਼ਦੂਰਾਂ ਦੀ ਸ਼ਿਕਾਇਤ ਤੇ ਸੰਦੀਪ ਸਿੰਘ ਉਰਫ ਭੱਲਾ ਸੇਖੂ, ਲਵਦੀਪ ਸਿੰਘ ਲਬੀ ਅਤੇ ਅਰਸ਼ ਉਰਫ ਅਰਸ਼ ਮਲਕਾਣਾ ਦੋਸ਼ੀ ਨਾਮਜਦ ਕੀਤੇ ਹਨ। ਜਿੰਨ੍ਹਾਂ ਬਦਮਾਸ਼ਾਂ ਖਿਲਾਫ ਕੇਸ ਦਰਜ ਹੋਇਆ ਹੈ ਉਨ੍ਹਾਂ ਚੋ ਇੱਕ ਕੁੱਝ ਮਹੀਨੇ ਪਹਿਲਾਂ ਜੇਲ੍ਹ ਯਾਤਰਾ ਕਰਕੇ ਆਇਆ ਹੈ।
ਮਜ਼ਦੂਰ ਬੂਟਾ ਸਿੰਘ ਨੇ ਆਪਣੇ ਸਾਥੀਆਂ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਸੰਦੀਪ , ਲਬੀ ਅਤੇ ਅਰਸ਼ ਦਾ ਤਿੰਨ ਮੈਂਬਰੀ ਗਿਰੋਹ ਮਜ਼ਦੂਰਾਂ ਨੂੰ ਧਮਕੀਆਂ ਦੇਕੇ ਪ੍ਰਤੀ ਮਜ਼ਦੂਰ 1500 ਰੁਪਏ ਗੁੰਡਾ ਟੈਕਸ ਵਸੂਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਰ ਦੇ ਮਾਰੇ ਪਹਿਲਾਂ ਤਾਂ ਉਹ ਗੁੰਡਾ ਟੈਕਸ ਅਦਾ ਕਰਦੇ ਰਹੇ ਪਰ ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮਜ਼ਦੂਰ ਆਪੋ ਆਪਣਾ ਬੀਮਾ ਕਰਵਾ ਲੈਣ ਤਾਂਜੋ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰੀਵਾਰਾਂ ਦਾ ਪਾਲਣ ਪੋਸ਼ਣ ਹੋ ਸਕੇ । ਅੰਤ ਨੂੰ ਦੁਖੀ ਮਜਦੂਰਾਂ ਨੇ ਇਹ ਨਜਾਇਜ ਵਸੂਲੀ ਬੰਦ ਕਰਵਾਉਣ ਲਈ ਪੁਲਿਸ ਤੋਂ ਸਹਾਇਤਾ ਮੰਗੀ ਤਾਂ ਸ਼ਕਾਇਤ ਦੇ ਅਧਾਰ ਤੇ ਕਾਰਵਾਈ ਕਰਨ ਦੀ ਥਾਂ ਮਜ਼ਦੂਰਾਂ ਨੂੰ ਹੀ ਥਾਣੇ ਦੇ ਗੇੜੇ ਕਢਵਾਉਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਅੰਤ ਨੂੰ ਪੁਲਿਸ ਕੋਲੋਂ ਹੰਭਣ ਤੋਂ ਬਾਅਦ ਮੀਡੀਆ ਤੋਂ ਸਹਾਇਤਾ ਮੰਗਣੀ ਪਈ ਹੈ।
ਬੂਟਾ ਸਿੰਘ ਨੇ ਦੱਸਿਆ ਕਿ ਬਦਮਾਸ਼ ਮਜ਼ਦੂਰਾਂ ਤੇ ਉਨ੍ਹਾਂ ਵੱਲੋਂ ਦੱਸੇ ਟਰਾਂਸਪੋਰਟਰ ਤੋਂ ਗੱਡੀਆਂ ਅਤੇ ਹੋਰ ਸਮਾਨ ਲੈਣ ਲਈ ਦਬਾਅ ਵੀ ਪਾਉਂਦੇ ਹਨ । ਉਨ੍ਹਾਂ ਕਿਹਾ ਕਿ ਅਜਿਹਾ ਨਾਂ ਕਰਨ ਦੀ ਸੂਰਤ ’ਚ ਮਜ਼ਦੂਰਾਂ ਨੂੰ ਨੁਕਸਾਨ ਪਹੰਚਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਤਾਂ ਬਦਮਾਸ਼ਾਂ ਨੇ ਮਜ਼ਦੂਰਾਂ ਤੇ ਹਮਲਾ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ ਸਨ। ਮਜਦੂਰ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੁੰਡਾ ਟੈਕਸ ਦਾ ਵਿਰੋਧ ਕੀਤਾ ਤਾਂ 12 ਦਸੰਬਰ ਨੂੰ ਬਦਮਾਸ਼ਾਂ ਦੇ ਬੰਦਿਆਂ ਨੇ ਉਨ੍ਹਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸਮਤ ਨਾਲ ਬਚ ਗਏ ਸਨ। ਉਨ੍ਹਾਂ ਦੱਸਿਆ ਕਿ ਹਮਲਾਵਾਰ ਮੌਕੇ ਤੇ ਆਪਣੇ ਹਥਿਆਰ ਛੱਡਕੇ ਭੱਜ ਗਏ ਸਨ ਜੋ ਪੁਲਿਸ ਹਵਾਲੇ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੱਕ ਬਦਮਾਸ਼ ਨੂੰ ਫੜਿਆ ਪਰ ਮਗਰੋਂ ਛੱਡ ਦਿੱਤਾ ਸੀ।
ਮਜ਼ਦੂਰਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬਦਮਾਸ਼ਾਂ ਨੇ ਆਪਣੇ ਬੰਦਿਆਂ ਨੂੰ ਉਨ੍ਹਾਂ ਦੇ ਘਰੀਂ ਭੇਜਕੇ ਪ੍ਰੀਵਾਰਕ ਮੈਂਬਰਾਂ ਨੂੰ ਡਰਾਇਆ ਧਮਕਾਇਆ ਸੀ। ਉਨ੍ਹਾਂ ਦੱਸਿਆ ਕਿ ਪ੍ਰੀਵਾਰਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਮਜ਼ਦੂਰ ਬੇਟਿਆਂ ਦਾ ਬੀਮਾ ਕਰਵਾ ਲੈਣ ਤਾਂਜੋ ਉਨ੍ਹਾਂ ਦੇ ਮਾਰੇ ਜਾਣ ਤੋਂ ਬਾਅਦ ਪ੍ਰੀਵਾਰ ਦਾ ਜੂਨ ਗੁਜ਼ਾਰਾ ਬੀਮਾ ਕੰਪਨੀ ਤੋਂ ਮਿਲਣ ਵਾਲੇ ਪੈਸਿਆਂ ਨਾਲ ਹੋ ਸਕੇ। ਉਨ੍ਹਾਂ ਦੱਸਿਆ ਕਿ ਧਮਕੀਆਂ ਤੋਂ ਬਾਅਦ ਮਜ਼ਦੂਰ ਅਤੇ ਉਨ੍ਹਾਂ ਦੇ ਪ੍ਰੀਵਾਰਾਂ ’ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਹਿਮ ਕਾਰਨ ਕਈ ਮਜ਼ਦੂਰ ਤਾਂ ਪਿਛਲੇ 15 ਦਿਨਾਂ ਤੋਂ ਕੰਮ ਤੇ ਹੀ ਨਹੀਂ ਜਾ ਰਹੇ ਹਨ। ਮਜ਼ਦੂਰਾਂ ਦਾ ਦਰਦ ਸੀ ਕਿ ਉਨ੍ਹਾਂ ਨੇ ਥਾਣਾ ਰਾਮਾ ਪੁਲਿਸ ਨੂੰ ਕਈ ਵਾਰ ਸ਼ਕਾਇਤਾਂ ਦਿੱਤੀਆਂ ਪਰ ਹਰ ਵਾਰੀ ਉਨ੍ਹਾਂ ਨੂੰ ਹੀ ਬਾਰ ਬਾਰ ਥਾਣੇ ਸੱਦਿਆ ਜਾਂਦਾ ਰਿਹਾ ਅਤੇ ਪੁਲਿਸ ਨੇ ਕਾਰਵਾਈ ਦੀ ਥਾਂ ਪੱਲਾ ਝਾੜਨ ਦਾ ਕੰਮ ਕੀਤਾ ਹੈ।
ਧਮਕੀਆਂ ਦੀ ਆਡੀਓ ਵਾਇਰਲ
ਰਾਮਾ ਰਿਫਾਇਨਰੀ ਦੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਧਮਕੀਆਂ ਦੇਣ ਸਬੰਧੀ ਸੋਸ਼ਲ ਮੀਡੀਆ ਤੇ ਇੱਕ ਆਡੀਓ ਵੀ ਵਾਇਰਲ ਹੋਈ ਹੈ। ਹਾਲਾਂਕਿ ਇਸ ਆਡੀਓ ਦੇ ਸਹੀ ਜਾਂ ਗਲ੍ਹਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਇਸ ’ਚ ਇੱਕ ਬਦਮਾਸ਼ ਮਜ਼ਦੂਰ ਨੂੰ ਗੌਰਵ ਨਾਂ ਦੇ ਵਿਅਕਤੀ ਤੋਂ ਗੱਡੀ ਲੈਣ ਸਬੰਧੀ ਧਮਕਾ ਰਿਹਾ ਹੈ। ਧਮਕੀ ਦੇਣ ਵਾਲਾ ਕਹਿਰ ਰਿਹਾ ਹੈ ‘ਮੈਂ ਅਰਸ਼ ਨੂੰ ਭੇਜਦਾ ਹਾਂ ਉਹ ਤੁਹਾਨੂੰ ਸਭ ਸਮਝਾ ਦੇਵੇਗਾ।ਆਪਣੇ ਸਾਰੇ ਡਰਾਈਵਰਾਂ ਕੰਡਕਟਰਾਂ ਨੂੰ ਵੀ ਸਮਝਾ ਦਿਓ ਨਹੀਂ ਤਾਂ ਕਲੇਸ਼ ਹੋ ਜਾਏਗਾ। ਆਡੀਓ ’ਚ ਹੋਰ ਵੀ ਕਈ ਗੱਲਾਂ ਨੂੰ ਲੈਕੇ ਧਮਕਾਇਆ ਗਿਆ ਹੈ।
ਮੁਕੱਦਮਾ ਦਰਜ-ਛਾਪੇ ਸ਼ੁਰੂ: ਡੀਐਸਪੀ
ਡੀਐਸਪੀ ਤਲਵੰਡੀ ਹਰਪ੍ਰੀਤ ਸਿੰਘ ਚਾਹਲ ਦਾ ਕਹਿਣਾ ਸੀ ਕਿ ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ਅਨੁਸਾਰ ਮਜ਼ਦੂਰਾਂ ਦੀ ਸ਼ਕਾਇਤ ਦੇ ਅਧਾਰ ਤੇ ਸੰਦੀਪ ਸਿੰਘ ਉਰਫ ਭੱਲਾ ਸੇਖੂ, ਲਵਦੀਪ ਸਿੰਘ ਲਬੀ ਅਤੇ ਅਰਸ਼ ਉਰਫ ਅਰਸ਼ ਮਲਕਾਣਾ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਨੇ ਸ਼ਕਾਇਤ ਦਿੱਤੀ ਸੀ ਕਿ ਇਹ ਤਿੰਨੋਂ ਉਨ੍ਹਾਂ ਕੋਲੋਂ ਨਜਾਇਜ ਵਸੂਲੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।