Babushahi Special: ਮਹਿਤਾ ਦੇ ਧੰਨਵਾਦੀ ਬੋਰਡਾਂ ਤੇ ਗਿੱਲ ਦੀ ਫੋਟੋ 'ਤੇ ਝਾੜੂ ਫੇਰਿਆ
ਅਸ਼ੋਕ ਵਰਮਾ
ਬਠਿੰਡਾ, 24 ਦਸੰਬਰ 2024:ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਾਰਡ ਨੰਬਰ 48 ਦੀ ਚੋਣ ਜਿੱਤਣ ਉਪਰੰਤ ਵੋਟਰਾਂ ਦਾ ਧੰਨਵਾਦ ਕਰਨ ਲਈ ਲਾਏ ਬੋਰਡਾਂ ਚੋਂ ਬਠਿੰਡਾ ਸ਼ਹਿਰੀ ਹਲਕੇ ਤੋਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਫੋਟੋ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੋ ਗਈ ਹੈ। ਵਿਧਾਇਕ ਦੀ ਤਸਵੀਰ ‘ਧੰਨਵਾਦੀ ਬੋਰਡਾਂ’ ’ਤੇ ਨਾ ਹੋਣ ਤੋਂ ਸ਼ਹਿਰੀ ਹਲਕੇ ਵਿੱਚ ਨਵੇਂ ਸਿਆਸੀ ਚਰਚੇ ਛਿੜੇ ਹੋਏ ਹਨ। ਹਾਲਾਂਕਿ ਮਹਿਤਾ ਪ੍ਰੀਵਾਰ ਤੇ ਜਗਰੂਪ ਗਿੱਲ ਵਿਚਕਾਰ ਵਾਰਡ ਦੀ ਉਮੀਦਵਾਰੀ ਨੂੰ ਲੈਕੇ ਖੜਕੀ ਦਾ ਖੜਕਾ ਜੱਗ ਜਾਹਿਰ ਹੈ ਫਿਰ ਵੀ ਵੋਟਾਂ ਪੈਣ ਤੱਕ ਹਰ ਬੋਰਡ ਪੋਸਟਰ ’ਚ ਪਾਰਟੀ ਦੀ ਵਿਧਾਇਕ ਹੋਣ ਨਾਤੇ ਗਿੱਲ ਦੀ ਫੋਟੋ ਨੂੰ ਵਿਸ਼ੇਸ਼ ਜਗ੍ਹਾ ਦਿੱਤੀ ਜਾਂਦੀ ਸੀ।
ਬਠਿੰਡਾ ਸ਼ਹਿਰ ਦੇ ਲਾਈਨੋਪਾਰ ਇਲਾਕੇ ’ਚ ਨਤੀਜੇ ਵਾਲੀ ਰਾਤ ਤੋਂ ਇਹ ਬੋਰਡ ਲੱਗੇ ਹਨ, ਜਿਨ੍ਹਾਂ ’ਤੇ ਬਤੌਰ ਕੌਂਸਲਰ ਪਦਮਜੀਤ ਮਹਿਤਾ ਨੇ ਵਾਰਡ ਵਾਸੀਆਂ ਤੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ। ਜਦੋਂ ਚੋਣ ਨਤੀਜਾ ਆ ਗਿਆ ਤਾਂ ਉਸ ਤੋਂ ਫੌਰੀ ਬਾਅਦ ਜਿੰਨ੍ਹੀਆਂ ਵੀ ਫਲੈਕਸਾਂ ਲਾਈਆਂ ਗਈਆਂ ਉਨ੍ਹਾਂ ਤੇ ਪਾਰਟੀ ਦੀ ਬਾਕੀ ਲੀਡਰਸ਼ਿਪ ਦੀਆਂ ਤਸਵੀਰਾਂ ਤਾਂ ਪਹਿਲਾਂ ਵਾਂਗ ਲੱਗੀਆਂ ਹੋਈਆਂ ਸਨ ਸਿਰਫ ਵਿਧਾਇਕ ਦੀ ਫੋਟੋ ਹਟਾਈ ਗਈ ਹੈ। ਅੱਜ ਵੀ ਇਸ ਪੱਤਰਕਾਰ ਨੇ ਵਾਰਡ ’ਚ ਜਾਕੇ ਦੇਖਿਆ ਤਾਂ ਅਜਿਹੀਆਂ ਧੰਨਵਾਦੀ ਫਲੈਕਸਾਂ ਦੀ ਭਰਮਾਰ ਸੀ ਜਿੰਨ੍ਹਾਂ ਤੋਂ ਵਿਧਾਇਕ ਦੀਆਂ ਤਸਵੀਰਾਂ ਨਦਾਰਦ ਦਿਖਾਈ ਦਿੱਤੀਆਂ। ਦਰਅਸਲ ਵਾਰਡ ਨੰਬਰ 48 ਵਾਲਾ ਇਲਾਕਾ ਸ੍ਰੀ ਗਿੱਲ ਦਾ ਗੜ੍ਹ ਮੰਨਿਆ ਜਾਂਦਾ ਹੈ ਜਿੱਥੋਂ ਵਿਧਾਇਕ ਬਣਨ ਤੋਂ ਪਹਿਲਾਂ ਉਨ੍ਹਾਂ ਲਗਾਤਾਰ ਛੇ ਵਾਰ ਉਨ੍ਹਾਂ ਕੌਂਸਲਰ ਦੀ ਚੋਣ ਜਿੱਤੀ ਸੀ।
ਇਹੋ ਕਾਰਨ ਹੈ ਕਿ ਚੋਣ ਨਤੀਜਾ ਪਦਮਜੀਤ ਮਹਿਤਾ ਪੱਖ ’ਚ ਆਉਣ ਤੋਂ ਬਾਅਦ ਇਸ ਇਲਾਕੇ ’ਚ ਲੱਗੇ ਬੋਰਡਾਂ ਚੋਂ ਵਿਧਾਇਕ ਦੀ ਤਸਵੀਰ ਦੇ ਆਊਟ ਹੋਣ ਦਾ ਮਾਮਲਾ ਕਾਫੀ ਹੈਰਾਨੀਜਨਕ ਬਣਿਆ ਹੋਇਆ ਹੈ। ਮਹੱਤਵਪੂਰਨ ਇਹ ਵੀ ਹੈ ਕਿ ਜਦੋਂ ਪਦਮਜੀਤ ਮਹਿਤਾ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਉਦੋਂ ਲਾਏ ਬੋਰਡਾਂ ਵਿੱਚ ਵਿਧਾਇਕ ਨੂੰ ਖਾਸ ਤੌਰ ਤੇ ਥਾਂ ਦਿੱਤੀ ਗਈ ਸੀ। ਇਹੋ ਹੀ ਨਹੀਂ ਮਹਿਤਾ ਪ੍ਰੀਵਾਰ ਵੱਲੋਂ ਦਿੱਤੇ ਸੱਦਾ ਪੱਤਰਾਂ ਵਿੱਚ ਵੀ ਵਿਧਾਇਕ ਜਗਰੂਪ ਗਿੱਲ ਦੀ ਤਸਵੀਰ ਲੱਗੀ ਹੁੰਦੀ ਸੀ ਜੋ ਹੁਣ ਨਦਾਰਦ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ’ਚ ਮਹਿਤਾ ਪ੍ਰੀਵਾਰ ਦੇ ਹਮਾਇਤੀਆਂ ਨੇ ਹਵਾ ਦਾ ਰੁੱਖ ਪਛਾਣਦਿਆਂ ਜੋ ਫਲੈਕਸਾਂ ਲਾਈਆਂ ਹਨ ਉਨ੍ਹਾਂ ਦਾ ਡਿਜ਼ਾਇਨ ਬਕਾਇਦਾ ਇੱਕ ਅਹਿਮ ਆਗੂ ਨੇ ਬਣਾਇਆ ਹੈ ਜੋ ਵਿਧਾਇਕ ਗਿੱਲ ਨਾਲ ਅੰਦਰੂਨੀ ਤੌਰ ਤੇ ਨਰਾਜ਼ ਦੱਸਿਆ ਜਾ ਰਿਹਾ ਹੈ।
ਚੋਣ ਪ੍ਰਚਾਰ ਦੌਰਾਨ ਲੱਗੀਆਂ ਫਲੈਕਸਾਂ ਤੇ ਵਿਧਾਇਕ ਨੂੰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਪ੍ਰਧਾਨ ਅਮਨ ਅਰੋੜਾ, ਮੰਤਰੀ ਡਾ ਬਲਜੀਤ ਕੌਰ ਅਤੇ ਗੁਰਮੀਤ ਸਿੰਘ ਖੁਡੀਆਂ ਦੇ ਬਰਾਬਰ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖੰਭਿਆਂ ਤੇ ਲੱਗੀਆਂ ਛੋਟੀਆਂ ਫਲੈਕਸਾਂ ਤੇ ਅਮਰਜੀਤ ਮਹਿਤਾ ਦੇ ਬਰਾਬਰ ਵਿਧਾਇਕ ਜਗਰੂਪ ਗਿੱਲ ਦੀ ਦੋਵੇਂ ਹੱਥ ਜੋੜੇ ਵਾਲੀ ਤਸਵੀਰ ਲੱਗੀ ਹੋਈ ਹੈ। ਚੋਣ ਨਤੀਜਾ ਆਉਣ ਤੋਂ ਬਾਅਦ ਲੱਗੇ ਧੰਨਵਾਦੀ ਬੋਰਡਾਂ ਵਿੱਚ ਚੋਟੀ ਦੀ ਲੀਡਰਸ਼ਿਪ ਦੀਆਂ ਤਸਵੀਰਾਂ ਤਾਂ ਹਨ ਪਰ ਵਿਧਾਇਕ ਦੀ ਤਸਵੀਰ ਗਾਇਬ ਹੈ ਜੋ ਚੁੰਝ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਹ ਵਿਵਾਦ ਉਦੋਂ ਛਿੜਿਆ ਜਦੋਂ ਵਿਧਾਇਕ ਵੱਲੋਂ ਅਕਾਲੀ ਆਗੂ ਬਲਵਿੰਘਦਰ ਸਿੰਘ ਬਿੰਦਰ ਨੂੰ ਪਾਰਟੀ ’ਚ ਸ਼ਾਮਲ ਕਰਵਾਕੇ ਦਿਵਾਈ ਟਿਕਟ ਨੂੰ ਕਟਵਾਉਣ ਉਪਰੰਤ ਮਹਿਤਾ ਪ੍ਰੀਵਾਰ ਉਮੀਦਵਾਰ ਬਣਨ ਵਿੱਚ ਕਾਮਯਾਬ ਹੋ ਗਿਆ।
ਇਸ ਤਰਾਂ ਇੱਕ ਵਿਧਾਇਕ ਦੀ ਸਿਫਾਰਸ਼ੀ ਟਿਕਟ ਉਹ ਵੀ ਉਸੇ ਦੇ ਆਪਣੇ ਵਾਰਡ ਦੀ ਹੋਵੇ ਏਦਾਂ ਕੱਟੇ ਜਾਣ ਨੂੰ ਲੈਕੇ ਜਗਰੂਪ ਗਿੱਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨਾਲ ਨਰਾਜ਼ ਹੋ ਗਏ। ਵੱਡੀ ਗੱਲ ਇਹ ਵੀ ਹੈ ਕਿ ਵਿਧਾਇਕ ਨੇ ਇਸ ਨਰਾਜ਼ਗੀ ਨੂੰ ਕਿਸੇ ਤੋਂ ਲੁਕਾਇਆ ਛੁਪਾਇਆ ਨਹੀਂ ਬਲਕਿ ਅਜਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉੱਤਰੇ ਬਲਵਿੰਦਰ ਸਿੰਘ ਬਿੰਦਰ ਦੀ ਸ਼ਰੇਆਮ ਸਹਾਇਤਾ ਕੀਤੀ ਹੈ। ਸੂਤਰ ਆਖਦੇ ਹਨ ਕਿ ਵਿਧਾਇਕ ਦੇ ਥਾਪੜੇ ਕਾਰਨ ਹੀ ਬਿੰਦਰ ਤਕਰੀਬਨ ਸਾਢੇ 8 ਸੌ ਵੋਟਾਂ ਲਿਜਾ ਸਕਿਆ ਹੈ । ਦੂਜੇ ਪਾਸੇ ਸ੍ਰੀ ਗਿੱਲ ਨੇ ਆਪਣੀ ਪਾਰਟੀ ਦਾ ਉਮੀਦਵਾਰ ਹੋਣ ਦੇ ਬਾਵਜੂਦ ਪਦਮਜੀਤ ਮਹਿਤਾ ਦੀ ਮੁਹਿੰਮ ਤੋਂ ਦੂਰੀ ਬਣਾਈ ਰੱਖੀ। ਇੱਥੋਂ ਤੱਕ ਕਿ ਆਪਣੀ ਕੋਠੀ ਲਾਗੇ ਰੱਖੀ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਰੈਲੀ ’ਚ ਵੀ ਉਹ ਸ਼ਾਮਲ ਨਹੀਂ ਹੋਏ।
ਵਿਧਾਇਕ ਜਗਰੂਪ ਗਿੱਲ ਦੇ ਇੱਕ ਨਜ਼ਦੀਕੀ ਨੇ ਅੱਜ ਦੱਸਿਆ ਕਿ ਉਨ੍ਹਾਂ ਦਾ ਗ਼ੁੱਸਾ ਹਾਲੇ ਮਹਿਤਾ ਪ੍ਰੀਵਾਰ ਪ੍ਰਤੀ ਠੰਢਾ ਨਹੀਂ ਹੋਇਆ ਹੈ, ਜਿਸ ਦਾ ਕਾਰਨ ਬਿੰਦਰ ਦੀ ਟਿਕਟ ਦਾ ਕੱਟਿਆ ਜਾਣਾ ਹੈ। ਜਗਰੂਪ ਸਿੰਘ ਗਿੱਲ ਕਰੀਬ ਤਿੰਨ ਦਹਾਕਿਆਂ ਤੋਂ ਇਸ ਵਾਰਡ ਤੋਂ ਕੌਂਸਲਰ ਰਹੇ ਹੋਣ ਕਾਰਨ ਉਨ੍ਹਾਂ ਦਾ ਹੁਣ ਵੀ ਇਲਾਕੇ ਵਿੱਚ ਚੰਗਾ ਅਸਰ ਰਸੂਖ਼ ਹੈ। ਵਾਰਡ ਦੀ ਜਿਮਨੀ ਚੋਣ ਦਾ ਐਲਾਨ ਹੋਣ ਤੋਂ ਬਾਅਦ ਉਨ੍ਹਾਂ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ‘ਬਿੰਦਰ’ ਨੂੰ ‘ਆਪ’ ਵਿੱਚ ਸ਼ਾਮਲ ਕਰਾਇਆ ਸੀ ਜਿੰਨ੍ਹਾਂ ਬਿੰਦਰ ਨੂੰ ਕੌਂਸਲਰ ਦੀ ਚੋਣ ਲੜਨ ਲਈ ਹਰੀ ਝੰਡੀ ਦੇ ਦਿੱਤੀ ਸੀ। ਉਦੋਂ ਰੱਫੜ ਪੈ ਗਿਆ ਜਦੋਂ ਅਮਰਜੀਤ ਮਹਿਤਾ ਆਪਣੇ ਲੜਕੇ ਲਈ ਟਿਕਟ ਲੈ ਆਏ ਅਤੇ ਅੰਤ ਨੂੰ ਜਿੱਤ ਵੀ ਹਾਸਲ ਕਰ ਲਈ।