Babushahi Special: ਬਠਿੰਡਾ ਦਾ ਬੱਸ ਅੱਡਾ: ਸਰਕਾਰ ਫਿਰੇ ਨੱਥ ਘੜਾਉਣ ਨੂੰ ਤੇ ਲੋਕ ਫਿਰਦੇ ਨੱਕ ਵੱਢਣ ਵਢਾਉਣ ਨੂੰ
ਅਸ਼ੋਕ ਵਰਮਾ
ਬਠਿੰਡਾ,17 ਅਪ੍ਰੈਲ 2025: ਬਠਿੰਡਾ ਦੇ ਬੱਸ ਅੱਡਾ ਮਾਮਲੇ ’ਚ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਨਵੀਂ ਥਾਂ ਨੂੰ ਪੂਰੀ ਤਰਾਂ ਮਾਕੂਲ ਕਰਾਰ ਦਿੱਤਾ ਹੈ ਤਾਂ ਵਿਰੋਧੀ ਸਿਆਸੀ ਅਤੇ ਜਨਤਕ ਧਿਰਾਂ ਤੋਂ ਇਲਾਵਾ ਦੁਕਾਨਦਾਰਾਂ ਤੇ ਬੱਸ ਮਾਲਕਾਂ ਨੇ ਤਬਦੀਲੀ ਖਿਲਾਫ ਝੰਡਾ ਚੁੱਕ ਲਿਆ ਹੈ। ਵਿਧਾਇਕ ਗਿੱਲ ਨੇ ਸ਼ਹਿਰ ਵਾਸੀਆਂ ਦੇ ਖਦਸ਼ਿਆਂ ਨੂੰ ਦੂਰ ਕਰਨ ਲਈ ਵੀ ਪਹਿਲਕਦਮੀ ਕੀਤੀ ਹੈ। ਇਸ ਮਾਮਲੇ ਦਾ ਹੈਰਾਨ ਕਰਨ ਵਾਲਾ ਪੱਖ ਹੈ ਕਿ ਬੱਸ ਅੱਡਾ ਤਬਦੀਲ ਹੋਣ ਨਾਲ ਧੰਦਾ ਪ੍ਰਭਾਵਿਤ ਹੋਣ ਦੇ ਡਰੋਂ ਦੁਕਾਨਦਾਰਾਂ ਅਤੇ ਟਰਾਂਸਪੋਰਟਰਾਂ ਦਾ ਵਿਰੋਧ ਤਾਂ ਸਮਝ ਪੈਂਦਾ ਹੈ ਪਰ ਨਵਾਂ ਬੱਸ ਅੱਡਾ ਸ਼ਹਿਰ ਤੋਂ ਬਾਹਰ ਬਨਾਉਣ ਲਈ ਨੀਂਹ ਪੱਥਰ ਰੱਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਅਤੇ ਮਗਰੋਂ ਇਹੋ ਪ੍ਰਜੈਕਟ ਸਿਰੇ ਲਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੀ ਕਾਂਗਰਸ ਦੇ ਆਗੂ ਵੀ ਮਲੋਟ ਰੋਡ ਤੇ ਬੱਸ ਅੱਡਾ ਲਿਜਾਣ ਦਾ ਵਿਰੋਧ ਕਰ ਰਹੇ ਹਨ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਆਪਣੀਆਂ ਸਰਕਾਰਾਂ ਦੇ ਰਾਜ ਦੌਰਾਨ ਬੱਸ ਅੱਡਾ ਸ਼ਿਫਟ ਕਰਨ ਦੀ ਗੱਲ ਤੁਰਨ ਵੇਲੇ ਕੋਈ ਸਮੱਸਿਆ ਨਜ਼ਰ ਨਹੀਂ ਆਈ ਸੀ ਜਦੋਂ ਕਿ ਹੁਣ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੱਕਣ ਲਈ ਦੋਵੇਂ ਸਿਆਸੀ ਧਿਰਾਂ ਆਪਣੇ ਪਿਛਲੇ ਮੱਤਭੇਦ ਭਾਲਾਕੇ ਘਿਓ ਖਿਚੜੀ ਨਜ਼ਰ ਆ ਰਹੀਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਭੂਮਾਫੀਆ ਅਤੇ ਕਲੋਨਾਈਜ਼ਰਾਂ ਨੂੰ ਫਾਇਦਾ ਦੇਣ ਅਤੇ ਸਰਕਾਰ ਥਰਮਲ ਦੀ ਜਮੀਨ ਮਹਿੰਗੇ ਭਾਅ ਵੇਚਣ ਲਈ ਬੱਸ ਅੱਡਾ ਸ਼ਹਿਰ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਨੂੰਮਾਨ ਚੌਂਕ ਤੋਂ ਜਿਲ੍ਹਾ ਕਚਹਿਰੀਆਂ ਤੱਕ ਆਟੋ ਰਿਕਸ਼ਿਆਂ ਕਾਰਨ ਹਮੇਸ਼ਾ ਅਵਾਜਾਈ ਜਾਮ ਰਹਿੰਦੀ ਹੈ ਜਿਸ ਦਾ ਕੋਈ ਢੁੱਕਵਾਂ ਹੱਲ ਕੱਢਣ ਦੀ ਥਾਂ ਸਰਕਾਰ ਨੇ ਬੱਸ ਅੱਡੇ ਤੇ ਅੱਖ ਰੱਖ ਲਈ ਹੈ ਜੋ ਸਹੀ ਨਹੀਂ ਹੈ।
ਸ਼ਹਿਰ ਦੇ ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਬੱਸ ਅੱਡਾ ਤਬਦੀਲ ਹੋਣ ਨਾਲ ਸਵਾਰੀਆਂ ਨੂੰ ਜਾਨ ਮਾਲ ਦੇ ਖਤਰਿਆਂ ਦਾ ਸਾਹਮਣਾ ਕਰਨਾ ਪਵੇਗਾ। ਖਾਸ ਤੌਰ ਤੇ ਸਵੇਰੇ 4 ਵਜੇ ਜਾਂ ਅੱਧੀ ਰਾਤ ਤੱਕ ਬੱਸ ਸਫਰ ਕਰਦੇ ਹਨ ਤਾਂ ਉਨ੍ਹਾਂ ਦੀਆਂ ਇਸ ਪੱਖ ਤੋਂ ਮੁਸ਼ਕਲਾਂ ਵਧ ਜਾਣਗੀਆਂ ਜਦੋਂਕਿ ਸ਼ਹਿਰ ਦੇ ਅੰਦਰ ਬੱਸ ਅੱਡਾ ਹੋਣ ਕਾਰਨ ਲੋਕ ਇਸ ਤੋਂ ਪਹਿਲਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡਾ ਬਾਹਰ ਜਾਣ ਨਾਲ ਜਦੋਂ ਸਵਾਰੀਆਂ ਵੱਖ ਵੱਖ ਥਾਵਾਂ ਤੋਂ ਚੜ੍ਹਨ ਜਾਂ ਉਤਰਨਗੀਆਂ ਤਾਂ ਇੱਕ ਬੱਸ ਦੀ ਸਵਾਰ ਲਈ ਕਰੀਬ ਇੱਕ ਦਰਜਨ ਆਟੋ ਰਿਕਸ਼ਿÇਆਂ ਦੀ ਜਰੂਰਤ ਵੀ ਮੰਨ ਲਈ ਜਾਏ ਤਾਂ ਇਸ ਨਾਲ ਸ਼ਹਿਰ ’ਚ ਆਟੋ ਰਿਕਸ਼ਾ ਬੇਤਹਾਸ਼ਾ ਵਧ ਜਾਣਗੇ। ਉਨ੍ਹਾਂ ਦੱਸਿਆ ਕਿ 25-30 ਕਿਲੋਮੀਟਰ ਤੋਂ ਆਪਣੀਆਂ ਗੱਡੀਆਂ ਲਿਆਉਣ ਕਾਰਨ ਵੀ ਟਰੈਫਿਕ ਵਧਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਦੁਕਾਨਦਾਰੀ ਅਤੇ ਸਵਾਰੀ ਪ੍ਰਭਾਵਿਤ
ਇਸ ਫੈਸਲੇ ਨਾਲ ਕੋਰਟ ਰੋਡ, ਬੱਸ ਅੱਡੇ ਦੇ ਨਜ਼ਦੀਕ ਬਜ਼ਾਰ ਅਤੇ ਬੱਸ ਆਪਰੇਟਰਾਂ ਨੂੰ ਹੀ ਨੁਕਸਾਨ ਨਹੀਂ ਹੋਵੇਗਾ ਬਲਕਿ ਸ਼ਹਿਰ ਦੇ ਹਰ ਕਾਰੋਬਾਰੀ ਤੇ ਬੁਰਾ ਅਸਰ ਪਵੇਗਾ। ਕਈ ਦੁਕਾਨਦਾਰ ਤਾਂ ਅਜਿਹੇ ਹਨ ਜਿੰਨ੍ਹਾਂ ਦੀ ਰੋਜੀ ਰੋਟੀ ਬੱਸ ਅੱਡੇ ਦੇ ਸਿਰ ਤੇ ਚੱਲਦੀ ਹੈ ਇਸ ਲਈ ਜਦੋਂ ਬੱਸ ਅੱਡਾ ਚਲਾ ਗਿਆ ਤਾਂ ਇੰਨ੍ਹਾਂ ਦੇ ਘਰੀਂ ਫਾਕਿਆਂ ਦੀ ਨੌਬਤ ਆ ਸਕਦੀ ਹੈ। ਇਸ ਤੋਂ ਬਿਨਾਂ ਹੁਣ ਆਮ ਲੋਕ ਸਰਕਾਰੀ ਦਫਤਰ ’ਚ ਕੰਮ ਕਰਕੇ 10 ਮਿੰਟ ਵਿੱਚ ਬੱਸ ਲੈ ਲੈਂਦੇ ਹਨ। ਬੱਸ ਅੱਡਾ ਬਾਹਰ ਜਾਣ ਨਾਲ ਹਰ ਵਿਅਕਤੀ ਤੇ 100 ਤੋਂ 150 ਰੁਪਏ ਦਾ ਵਾਧੂੰ ਬੋਝ ਵਧ ਜਾਏਗਾ।
ਭੂਮਾਫੀਆ ਖਾਤਰ ਫੈਸਲਾ:ਅਜੀਤਪਾਲ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਬੱਸ ਅੱਡਾ ਸ਼ਿਫਟ ਕਰਨ ਨਾਲ ਭੂਮਾਫੀਆ ਨੂੰ ਲਾਹਾ ਮਿਲੇਗਾ ਜੋ ਜਮੀਨਾਂ ਦੀ ਖਰੀਦੋ ਫਰੋਖਤ ’ਚ ਹੱਥ ਰੰਗਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਦੀ ਵਰਕਸ਼ਾਪ ਨਾਲ ਮਿਲਾਕੇ ਬੱਸ ਅੱਡੇ ਦਾ ਆਕਾਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਚਹਿਰੀਆਂ, ਡੀਸੀ ਦਫਤਰ, ਰੇਲਵੇ ਸਟੇਸ਼ਨ, ਤਹਿਸੀਲ, ਬਾਜ਼ਾਰ, ਸਕੂਲ ਕਾਲਜ ਤੇ ਹੋਰ ਸੰਸਥਾਵਾਂ ਵਰਤਮਾਨ ਅੱਡੇ ਦੇ ਨਜ਼ਦੀਕ ਹਨ ਪਰ ਬੱਸ ਅੱਡਾ ਦੂਰ ਜਾਣ ਨਾਲ ਸਮੇਂ ਅਤੇ ਪੈਸਿਆਂ ਦੀ ਬਰਬਾਦੀ ਦੇ ਨਾਲ ਨਾਲ ਖੱਜਲ ਖੁਆਰੀ ਵੀ ਵਧੇਗੀ। ਮੌਜੂਦਾ ਬੱਸ ਅੱਡਾ ਚਾਲੂ ਰੱਖਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਤਬਦੀਲੀ ਨਾਲ ਦਿਕੱਤਾਂ ਖਤਮ ਨਹੀਂ ਸਗੋਂ ਵਧਣਗੀਆਂ।
ਸਹੀ ਜਗ੍ਹਾ ਦੀ ਚੋਣ: ਵਿਧਾਇਕ
ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਆਬਾਦੀ ਅਤੇ ਟਰੈਫ਼ਿਕ ਦੀ ਸਮੱਸਿਆ ਬੱਸ ਅੱਡੇ ਦੀ ਤਬਦੀਲੀ ਦਾ ਕਾਰਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਦੇ ਇੱਕ ਤਰਫ਼ ਫੌਜੀ ਛਾਉਣੀ ਅਤੇ ਦੂਜੀ ਤਰਫ਼ ਸਨਅਤੀ ਖੇਤਰ ਹੋਣ ਕਰਕੇ ਮਲੋਟ ਰੋਡ ’ਤੇ ਥਾਂ ਚੁਣੀ ਗਈ ਹੈ ਜੋਕਿ ਪੂਰੀ ਤਰਾਂ ਢੁੱਕਵੀਂ ਹੈ। ਸ੍ਰੀ ਗਿੱਲ ਨੇ ਸਪਸ਼ਟ ਕੀਤਾ ਕਿ ਪੁਰਾਣਾ ਬੱਸ ਅੱਡਾ ਵੀ ਚਾਲੂ ਰਹੇਗਾ ਤੇ ਦੋਵਾਂ ਬੱਸ ਅੱਡਿਆਂ ਦਰਮਿਆਨ ਈ-ਬੱਸਾਂ ਦੀ ਸਹੂਲਤ ਦਿੱਤੀ ਜਾਏਗੀ। ਉਨ੍ਹਾਂ ਕਿਹਾਾ ਕਿ ਕੁੱਝ ਲੋਕਾਂ ਵੱਲੋਂ ਇਸ ਮੁੱਦੇ ’ਤੇ ਬਿਨਾਂ ਮਤਲਬ ਦੀ ਸਿਆਸਤ ਰਾਹੀਂ ਸਹੀ ਤਸਵੀਰ ਵਿਗਾੜਕੇ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਸ਼ਹਿਰ ਦੇ ਵਪਾਰ ਨੂੰ ਠੇਸ ਪੁੱਜਣ ਦਾ ਡਰ ਪੈਦਾ ਕਰ ਰਹੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਵੀ ਜਦੋਂ-ਜਦੋਂ ਅੱਡਾ ਬਦਲਿਆ ਤਾਂ ਕਾਰੋਬਾਰ ਕਦੇ ਵੀ ਪ੍ਰਭਾਵਿਤ ਨਹੀਂ ਹੋਇਆ ਅਤੇ ਹੁਣ ਵੀ ਨਹੀਂ ਹੋਵੇਗਾ।