Babushahi Special: ਨਾ ਤੋਰੀ ਨਾ ਟਿੰਢਾ ਮਿਹਣਾ ਵੱਜਣ ਵਾਲਾ ਬਦਲ ਗਿਆ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ,11 ਮਾਰਚ 2025: ਬਠਿੰਡਾ’ ਲੰਘੇ ਵੇਲਿਆਂ ’ਚ ਕਦੇ ਮਿਹਣੇ ਤੋਂ ਘੱਟ ਨਹੀਂ ਸੀ ਪਰ ਦਿਨ ਬਦਲੇ ਨੂੰ ਹੁਣ ‘ ਬਠਿੰਡਾ’ ਮਾਣ ਦਾ ਪ੍ਰਤੀਕ ਬਣ ਗਿਆ ਹੈ। ਮਲੇ ਝਾੜੀਆਂ ਦੀ ਇਸ ਧਰਤੀ ਦੇ ਲੋਕਾਂ ਨੂੰ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ’ ਦੀ ਬੋਲੀ ਵੱਜਦੀ ਰਹੀ ਹੈ। ਵਕਤ ਬਦਲਿਆ ਤੇ ਹੁਣ ਮੂੰਹੋਂ ਨਿਕਲਦਾ ਹੈ, ‘ਨਹੀਂ ਰੀਸ ਤੇਰੇ ਬਠਿੰਡੇ ਦੀ’। ਉਹ ਦਿਨ ਚਲੇ ਗਏ ਜਦੋਂ ਬਠਿੰਡਾ ’ਤੇ ਪਛੜੇ ਹੋਣ ਦਾ ਦਾਗ਼ ਸੀ ਪਰ ਰੇਤੀਲੇ ਟਿੱਬਿਆਂ ਵਿੱਚ ਉੱਗਣ ਵਾਲੀਆਂ ਝਾੜੀਆਂ, ਸਰਕੰਡਿਆਂ, ਘੁੰਮਦੇ ਧਾੜਵੀਆਂ ਤੇ ਲੁਟੇਰਿਆਂ ਦੀ ਸ਼ਕਲ ਵਿੱਚ ਘੁੰਮਦੀ ਮੌਤ ਕਾਰਨ ਚਰਚਿਤ ਰਿਹਾ ਬਠਿੰਡਾ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਹੈ। ਹੁਣ ਸ਼ਹਿਰ ’ਚ ਦਿਓ ਕੱਦ ਸ਼ਾਪਿੰਗ ਮਾਲਾਂ, ਏਮਜ਼ ਹਸਪਤਾਲ, ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ, ਏਅਰ ਫੋਰਸ ਸਟੇਸ਼ਨ, ਕੌਮੀ ਖਾਦ ਕਾਰਖਾਨੇ, ਹੋਟਲਾਂ ਅਤੇ ਯੂਨੀਵਰਸਿਟੀਆਂ ਨੇ ਲੈ ਲਈ ਹੈ।

ਜਿਹੜੇ ਸਰਕਾਰੀ ਕਰਮਚਾਰੀ ਕਦੇ ਬਠਿੰਡੇ ਦੀ ਬਦਲੀ ਨੂੰ ਕਾਲੇ ਪਾਣੀ ਦੀ ਸਜਾ ਬਰਾਬਰ ਮੰਨਦੇ ਸਨ ਉਸੇ ਹੀ ਸ਼ਹਿਰ ’ਚ ਹੁਣ ਹਜ਼ਾਰਾਂ ਮੁਲਾਜਮਾਂ ਨੇ ਆਪਣੇ ਰੈਣ ਬਸੇਰੇ ਬਣਾ ਲਏ ਹਨ। ਬਠਿੰਡਾ ਦੇ ਸੱਟਾ ਬਜ਼ਾਰ ਵਿੱਚ ਹਾਲੇ ਵੀ ਚੋਰੀ ਛੁਪੇ ਸੱਟਾ ਲੱਗਦਾ ਹੈ ਜਾਂ ਨਹੀਂ ਇਸ ਬਾਰੇ ਤਾਂ ਕੋਈ ਇਲਮ ਨਹੀਂ ਪ੍ਰੰਤੂ ਸਿਰਕੀ ਬਜ਼ਾਰ ’ਚ ਸਿਰਕੀਆਂ ਨਹੀਂ ਵਿਕਦੀਆਂ ਤੇ ਧੋਬੀ ਬਜ਼ਾਰ ’ਚ ਧੋਬੀ ਨਹੀਂ ਰਹੇ ਬਲਕਿ ਇਹਨਾਂ ਬਜ਼ਾਰਾਂ ’ਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਚਮਚਮਾਉਂਦੇ ਸ਼ੋਅ ਰੂਮ ਹਨ । ਸ਼ਾਹੀ ਤਬੀਅਤ ਦੇ ਇਸ ਸ਼ਹਿਰ ਦਾ ਨਾਂਅ ਲੈਂਦਿਆਂ ਹੀ ਲਾਹੌਰ ਅਤੇ ਫਿਲੌਰ ਦੇ ਕਿਲਿਆਂ ਤੋਂ ਵੀ ਵੱਡਾ ‘ ਬਠਿੰਡੇ ਵਾਲਾ ਕਿਲਾ ’ ਅੱਖਾਂ ਸਾਹਵੇਂ ਘੁੰਮਣ ਲੱਗਦਾ ਹੈ ਜਿੱਥੇ ਤੇਰਵੀਂ ਸਦੀ ਦੇ ਭਾਰਤ ਦੀ ਪਹਿਲੀ ਮਹਿਲਾ ਸ਼ਾਸ਼ਕ ਰਜੀਆ ਸੁਲਤਾਨਾਂ ਨੇ ਕਿਲੇ ਦੀ ਕਿਸੇ ਮਮਟੀ ਤੋਂ ਛਾਲ ਮਾਰਕੇ ਖੁਦਕਸ਼ੀ ਕਰ ਲਈ ਸੀ।
ਇੱਥੋਂ ਦੇ ਰੇਲਵੇ ਜੰਕਸ਼ਨ ਜਿੱਥੇ ਦਿਨ ਰਾਤ ਚਲਦੀਆਂ ਗੱਡੀਆਂ ਦਾ ਸ਼ੋਰ ਸ਼ਰਾਬਾ ਧੜਕਦੀ ਜਿੰਦਗੀ ਦਾ ਅਹਿਸਾਸ ਦਿਵਾਉਂਦਾ ਹੈ। ਭਾਵੇਂ ਸਿਆਸੀ ਲੋਕਾਂ ਨੇ ਬਠਿੰਡਾ ਥਰਮਲ ਪਲਾਂਟ ਦਾ ਭੋਗ ਪਾ ਦਿੱਤਾ ਹੈ ਪਰ ਸ਼ਹਿਰ ਦੀ ਮੜਕ ’ਚ ਰਤਾ ਵੀ ਫਰਕ ਨਹੀਂ ਪਿਆ ਹੈ । ਕੋਈ ਸਮਾਂ ਸੀ ਜਦ ਸੂਰਜ ਦੀ ਟਿੱਕੀ ਛਿਪਦਿਆਂ ਹੀ ਸ਼ਹਿਰ ’ਚ ‘ ਹਾੜ ’ ਬੋਲਣ ਲੱਗਦੇ ਸਨ। ਉਸ ਪਿੱਛੋਂ ਜਿਹੜਾ ਵੀ ਬਾਹਰ ਪੈਰ ਧਰਦਾ ਜਾਨ ਤਲੀ ਤੇ ਰੱਖ ਕੇ ਤੁਰਦਾ ਸੀ। ਹੁਣ ਦੇਰ ਰਾਤ ਤੱਕ ਸ਼ਹਿਰ ਦੀਆਂ ਸੜਕਾਂ ਤੇ ਰੌਣਕ ਲੱਗੀ ਰਹਿੰਦੀ ਹੈ। ਬਠਿੰਡਾ ’ਚ ਭੀੜੀਆਂ ਸੜਕਾਂ ਦੀ ਥਾਂ ਚੌੜੀਆਂ ਖੁੱਲੀਆਂ ਡੁੱਲੀਆਂ ਸੜਕਾਂ ਨੇ ਮੱਲ ਲਈ ਹੈ। ਵੱਡੇ-ਵੱਡੇ ਫਲਾਈਓਵਰਾਂ ਅਤੇ ਨਵੀਂਆਂ ਕਲੋਨੀਆਂ ਨੇ ਸ਼ਹਿਰ ਦੀ ਦਿੱਖ ਬਦਲ ਦਿੱਤੀ ਹੈ। ਅੰਬਰਾਂ ਨੂੰ ਛੋਂਹਦੇ ਟੀਵੀ ਟਾਵਰ ਅਤੇ ਅਕਾਸ਼ਬਾਣੀ ਬਠਿੰਡਾ ਤੋਂ ਨਵੀਂ ਰੌਸ਼ਨੀ ਦੀ ਗੱਲ ਹੁੰਦੀ ਹੈ।
ਇਹਨਾਂ ਤਬਦੀਲੀਆਂ ਕਰਕੇ ਹੀ ਬਠਿੰਡੇ ਦਾ ਮੌਸਮ ਵੀ ਬਦਲ ਗਿਆ ਹੈ। ਹਨੇਰੀਆਂ ਵਿੱਚੋਂ ਰੇਤ ਅਤੇ ਪੋਹਲੀ ਖਤਮ ਹੋ ਗਈ ਹੈ । ਕੋਈ ਸਮਾਂ ਸੀ ਜਦੋਂ ਕੱਕੇ ਰੇਤੇ ਤੇ ਜੁੱਤੀ ਸਣੇ ਪੈਰ ਮੱਚ ਜਾਂਦੇ ਸਨ। ਦਿਲਚਸਪ ਗੱਲ ਇਹ ਵੀ ਕੁਰੱਖਤ ਚਿਹਰਾ ਨਜ਼ਰ ਆਉਣ ਵਾਲੇ ਇਸ ਸ਼ਹਿਰ ਦਾ ਦਿਲ ਬੜਾ ਨਿੱਘਾ ਹੈ। ਜੋ ਇੱਥੇ ਆ ਗਿਆ ਉਹ ਇੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ । ਬਠਿੰਡਾ ’ਚ ਲੱਗਦੇ ਆਵਾਜਾਈ ਦੇ ਵੱਡੇ ਜਾਮ, ਅਤੇ ਰੋਸ ਮੁਜ਼ਾਹਰਿਆਂ ਨੂੰ ਛੱਡ ਦੇਈਏ ਤਾਂ ਸਹਿਜੇ ਨਜਰੀ ਪਵੇਗਾ ਕਿ ਸ਼ਹਿਰ ਆਪਣੀ ਮੱਠੀ ਚਾਲ ਨਾਲ ਚਲਦਾ ਜਾ ਰਿਹਾ ਹੈ ਜਿਸ ਦੀ ਬਦੌਲਤ ਇਹ ਆਪਣਾ ਨਾਂ ਕੇਵਲ ਅਕਾਰ ਬਲਕਿ ਆਪਣਾ ਸੁਭਾਅ ਵੀ ਤਬਦੀਲ ਕਰ ਰਿਹਾ ਹੈ ਤਾਹੀਓਂ ਤਾਂ ਆਖਦੇ ਹਨ ਕਿ ਬਠਿੰਡਾ ਪਹਿਲੋ ਪਹਿਲ ਵਾਲਾ ਨਹੀਂ ਰਿਹਾ ਬਦਲ ਗਿਆ ਹੈ ਤੇ ਰੋਜਾਨਾ ਬਦਲ ਰਿਹਾ ਹੈ।
ਸਾਹਿਤਕਾਰਾਂ ਦੀ ਧਰਤੀ ਬਠਿੰਡਾ
ਭਾਵੇਂ ਇਸ ਸ਼ਹਿਰ ਦੀ ਤਾਸੀਰ ਕਿਹੋ ਜਿਹੀ ਹੋਵੇ ਪਰ ਬਠਿੰਡਾਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਧਰਤੀ ਵੀ ਹੈ। ਪੰਜਾਬੀ ਸਾਹਿਤ ਦੇ ਪਾਠਕ ਇਸ ਨੂੰ ਬਲਵੰਤ ਗਾਰਗੀ ਕਾਰਨ ਯਾਦ ਕਰਦੇ ਹਨ ਜਦੋਂ ਕਿ ਪੰਜਾਬੀ ਫਿਲਮਾਂ ਦੇ ਦਰਸ਼ਕਾਂ ਦੇ ਜਿਹਨਾਂ ’ਚ ਇਹ ਬੂਟਾ ਸਿੰਘ ਸ਼ਾਦ ਅਤੇ ਮਿਹਰ ਮਿੱਤਲ ਕਾਰਨ ਵਸਿਆ ਹੋਇਆ ਹੈ। ਸਾਲ 1943 ’ਚ ਬਣੀ ਫਿਲਮ ‘ ਸੱਸੀ ਪੁੰਨੂ ’ ਦਾ ਸੰਗੀਤ ਨਿਰਦੇਸ਼ਕ ਧੁੰਮੇਖਾਨ ਤੇ ਮੰਗਤੀ ਦਾ ਸੰਗੀਤਕਾਰ ਗੋਬਿੰਦ ਰਾਮ ਬਠਿੰਡਵੀ ਇੱਥੋਂ ਦੇ ਹੀ ਸਨ। ਪੰਜਾਬੀ ਨਾਟਕਾਂ ਦੀ ਪਿਰਤ ਸੰਭਾਲ ਕੇ ਰੱਖਣ ਵਾਲਾ ਇੱਕੋ-ਇੱਕ ਸ਼ਹਿਰ ਬਠਿੰਡਾ ਹੀ ਹੈ । ਇਹ ਅਲਿਹਦਾ ਗੱਲ ਹੈ ਕਿ ਹੁਣ ਮਾਪੇ ਆਪਣੇ ਬੱਚਿਆਂ ਨੂੰ ਕਲਾਕਾਰ ਬਣਾਉਣ ਦੀ ਬਜਾਏ ਇੰਜਨੀਅਰ ਵਕੀਲ ਤੇ ਡਾਕਟਰ ਬਣਾਉਣ ਲਈ ਯਤਨਸ਼ੀਲ ਰਹਿੰਦੇ ਹਨ।
ਆਮ ਲੋਕਾਂ ਦਾ ਪੱਖ
ਸਮਾਜਿਕ ਕਾਰਕੁੰਨ ਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਨੇ ਬੇਸ਼ੱਕ ਤਰੱਕੀ ਕੀਤੀ ਅਤੇ ਤਬਦੀਲੀਆਂ ਆਈਆਂ ਪਰ ਸ਼ਹਿਰ ਵਿੱਚ ਲੋਕ ਪੱਖੀ ਵਿਕਾਸ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਦਿਖਾਵੇ ਵਾਲਾ ਹੈ, ਲੋਕਾਂ ਦੇ ਦੁੱਖ ਕੱਟਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਸਿਹਤ ਤੇ ਸਿੱਖਿਆ ਮਹਿੰਗੀ ਹੋਈ ਹੈ ਅਤੇ ਠੇਕੇਦਾਰੀ ਪ੍ਰਬੰਧ ਵਧਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਟਰੈਫ਼ਿਕ ਦਾ ਮਸਲਾ ਵੱਡਾ ਹੈ ਤਾਂ ਸਵੀਰੇਜ ਅਤੇ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਬਰਕਰਾਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਵੀ ਰਹੀ ਹੋਵੇ ਜਮਹੂਰੀ ਹੱਕਾਂ ’ਤੇ ਸਭ ਤੋਂ ਵੱਡਾ ਦਾਬਾ ਬਠਿੰਡਾ ਵਿੱਚ ਹੀ ਵੱਜਿਆ ਹੈ।