ਹਾਈ-ਸਕਿਉਰਿਟੀ 'ਹੈਵਨਲੀ ਏਂਜਲ' ਬਾਲ ਘਰ ਤੋਂ 16 ਸਾਲਾ ਲੜਕਾ ਫਰਾਰ; ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ
ਇੱਕ ਮਹੀਨੇ ਬਾਅਦ ਦਰਜ ਹੋਇਆ ਮੁਕੱਦਮਾ; SHO ਬੋਲੇ- "ਮੇਰੇ ਕਾਰਜਕਾਲ 'ਚ ਬੱਚੇ ਗਾਇਬ ਹੋਣ ਦਾ ਇਹ ਤੀਜਾ ਮਾਮਲਾ"
Ravinder Singh
ਦੋਰਾਹਾ 11 ਮਾਰਚ 2026: ਦੋਰਾਹਾ ਵਿਖੇ ਸਥਿਤ ਹਾਈ-ਸਕਿਉਰਿਟੀ ਦਾ ਦਾਅਵਾ ਕਰਨ ਵਾਲੇ ‘ਹੈਵਨਲੀ ਏਂਜਲ’ ਬਾਲ ਘਰ ਤੋਂ ਇੱਕ 16 ਸਾਲਾ ਨਾਬਾਲਗ ਲੜਕੇ ਦੇ ਕੰਧ ਟੱਪ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ 8 ਫਰਵਰੀ ਦੀ ਹੈ, ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਬੱਚੇ ਦਾ ਕੋਈ ਸੁਰਾਗ ਨਾ ਮਿਲਣ ਤੋਂ ਬਾਅਦ ਹੁਣ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ।
ਬਾਲ ਘਰ ਦੀ ਮੁਲਾਜ਼ਮ ਜੋਤ ਕੌਰ ਦੇ ਬਿਆਨਾਂ ਅਨੁਸਾਰ 8 ਫਰਵਰੀ 2026 ਨੂੰ ਦੁਪਹਿਰ ਕਰੀਬ 3:30 ਵਜੇ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਲੜਕਾ ਬਿਨਾਂ ਦੱਸੇ ਕੰਧ ਟੱਪ ਕੇ ਚਲਾ ਗਿਆ ਹੈ। ਸਟਾਫ ਨੇ ਆਪਣੇ ਪੱਧਰ 'ਤੇ ਕਾਫੀ ਭਾਲ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੇ ਨੂੰ ਲਾਲਚ ਦੇ ਕੇ ਗੈਰ-ਕਾਨੂੰਨੀ ਕੈਦ ਵਿੱਚ ਰੱਖਿਆ ਹੋ ਸਕਦਾ ਹੈ। ਇਸ ਬੱਚੇ ਨੂੰ ਬਾਲ ਭਲਾਈ ਕਮੇਟੀ ਲੁਧਿਆਣਾ ਵੱਲੋਂ ਇੱਥੇ ਰੱਖਿਆ ਗਿਆ ਸੀ, ਜਿਸ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਟਰੱਸਟ ਦੀ ਸੀ।
ਸੁਰੱਖਿਆ ਪ੍ਰਬੰਧਾਂ 'ਤੇ ਉੱਠੇ ਗੰਭੀਰ ਸਵਾਲ
ਇਹ ਘਟਨਾ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਬੀਤੇ ਸਾਲ ਪੰਜਾਬ ਦੇ ਰਾਜਪਾਲ ਨੇ ਵੀ ਇੱਥੋਂ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਸੀ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਦੋਰਾਹਾ ਥਾਣਾ ਮੁਖੀ ਆਕਾਸ਼ ਦੱਤ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਥੋੜ੍ਹੇ ਜਿਹੇ ਕਾਰਜਕਾਲ ਦੌਰਾਨ ਬੱਚੇ ਗਾਇਬ ਹੋਣ ਦਾ ਇਹ ਤੀਜਾ ਕੇਸ ਹੈ। ਇਸ ਤੋਂ ਪਹਿਲਾਂ ਵੀ ਕੁੜੀਆਂ ਗਾਇਬ ਹੋਈਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਬਰਾਮਦ ਕੀਤਾ ਸੀ। ਪੁਲਿਸ ਅਨੁਸਾਰ ਇਹ ਘਟਨਾਵਾਂ ਟਰੱਸਟ ਦੀ ਸੁਰੱਖਿਆ ਪ੍ਰਣਾਲੀ ਦੀ ਕਮਜ਼ੋਰੀ ਦਰਸਾਉਂਦੀਆਂ ਹਨ ਅਤੇ ਇਸ ਉੱਤੇ ਤੁਰੰਤ ਰਿਵਿਊ ਕਰਨ ਦੀ ਲੋੜ ਹੈ।
ਸਮਾਜਿਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਿਰਫ਼ ਮੁਕੱਦਮਾ ਦਰਜ ਕਰਨਾ ਕਾਫ਼ੀ ਨਹੀਂ ਹੈ, ਸਗੋਂ ਲਾਪਰਵਾਹੀ ਵਰਤਣ ਵਾਲੇ ਪ੍ਰਬੰਧਕਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
Click to Follow Babushahi Facebook page →