ਦਿਵਿਆਂਗ ਬੱਚਿਆਂ ਲਈ ਮੁਫ਼ਤ ਸਿਲਾਈ-ਕਢਾਈ ਅਤੇ ਕੰਪਿਊਟਰ ਕੋਰਸ ਸ਼ੁਰੂ : ਡਿਪਟੀ ਕਮਿਸ਼ਨਰ
ਬਠਿੰਡਾ, 13 ਮਾਰਚ 2026 : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ ਦੇ ਅਧੀਨ ਚੱਲ ਰਹੇ ਦਫ਼ਤਰ ਸੁਪਰਡੰਟ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ, ਰੈੱਡ ਕਰਾਸ ਬਿਲਡਿੰਗ ਨੇੜੇ ਸਰਕਾਰੀ ਹਸਪਤਾਲ, ਬਠਿੰਡਾ ਵੱਲੋਂ ਦਿਵਿਆਂਗ ਬੱਚਿਆਂ ਦੀ ਭਲਾਈ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਫ਼ਤ ਸਿਲਾਈ-ਕਢਾਈ ਅਤੇ ਕੰਪਿਊਟਰ ਕੋਰਸ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੋਰਸ ਇੱਕ ਸਾਲ ਦੀ ਮਿਆਦ ਦੇ ਹੋਣਗੇ ਅਤੇ ਇਨ੍ਹਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਤੀ ਮਹੀਨਾ 2000 ਰੁਪਏ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਇਸ ਯੋਜਨਾ ਦਾ ਮਕਸਦ ਦਿਵਿਆਂਗ ਬੱਚਿਆਂ ਨੂੰ ਹੁਨਰਮੰਦ ਬਣਾਕੇ ਉਨ੍ਹਾਂ ਨੂੰ ਖੁਦ ਮੁਖਤਿਆਰ ਬਣਾਉਣਾ ਹੈ ਤਾਂ ਜੋ ਉਹ ਆਪਣੀ ਯੋਗਤਾ ਦੇ ਆਧਾਰ ’ਤੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਪ੍ਰਾਪਤ ਕਰ ਸਕਣ।
ਇਨ੍ਹਾਂ ਕੋਰਸਾਂ ਦੀਆਂ ਕਲਾਸਾਂ ਅਪ੍ਰੈਲ 2026 ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਕੋਰਸ ਪੂਰਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ, ਜਿਸ ਦੇ ਆਧਾਰ ’ਤੇ ਉਹ ਅੱਗੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣਗੇ।
ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਦਿਵਿਆਂਗ ਲੜਕੇ ਅਤੇ ਲੜਕੀਆਂ ਦੀ ਉਮਰ 18 ਤੋਂ 40 ਸਾਲ ਹੋਣੀ ਲਾਜ਼ਮੀ ਹੈ। ਕੰਪਿਊਟਰ ਕੋਰਸ ਲਈ ਘੱਟੋ-ਘੱਟ ਯੋਗਤਾ ਮੈਟ੍ਰਿਕ ਪਾਸ ਹੋਵੇਗੀ, ਜਦਕਿ ਸਿਲਾਈ-ਕਢਾਈ ਕੋਰਸ ਲਈ ਪੰਜਵੀਂ ਪਾਸ ਯੋਗਤਾ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿਵਿਆਂਗਤਾ ਘੱਟੋ-ਘੱਟ 40 ਫ਼ੀਸਦੀ ਹੋਣੀ ਚਾਹੀਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9876603786 ਅਤੇ 82838-86812 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਈਮੇਲ sudtvrcbathinda@gmail.com ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Click to Follow Babushahi Facebook page →