ਖ਼ਤਰੇ ਦੀ ਘੰਟੀ: ਕੀ ਬੁੱਝ ਜਾਣਗੇ ਰਸੋਈਆਂ ਦੇ ਚੁੱਲ੍ਹੇ? ਦੇਸ਼ ਵਿੱਚ LPG ਦੀ ਭਾਰੀ ਕਿੱਲਤ!, ਪੜ੍ਹੋ ਪੂਰੀ ਰਿਪੋਰਟ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ,12 ਮਾਰਚ, 2026 — ਅਮਰੀਕਾ, ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਵਧਦੇ ਤਣਾਅ ਦਾ ਸਿੱਧਾ ਅਸਰ ਹੁਣ ਭਾਰਤੀ ਰਸੋਈਆਂ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਭਾਰਤ ਨੂੰ ਰਸੋਈ ਗੈਸ (LPG) ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਕੋਲ ਸਿਰਫ਼ 10 ਦਿਨਾਂ ਦਾ ਬਫਰ ਸਟਾਕ ਬਾਕੀ ਰਹਿ ਗਿਆ ਹੈ।
ਕਿਥੋਂ ਆਉਂਦੀ ਹੈ ਰਸੋਈ ਗੈਸ
ਭਾਰਤ ਵਿੱਚ LPG ਦੀ ਖਪਤ ਬਹੁਤ ਜ਼ਿਆਦਾ ਹੈ, ਜਿਸ ਕਾਰਨ ਥੋੜ੍ਹੀ ਜਿਹੀ ਰੁਕਾਵਟ ਵੀ ਵੱਡੀ ਚਿੰਤਾ ਬਣ ਜਾਂਦੀ ਹੈ:
ਸਾਲਾਨਾ ਮੰਗ: ਭਾਰਤ ਨੂੰ ਹਰ ਸਾਲ 33 ਮਿਲੀਅਨ ਮੀਟ੍ਰਿਕ ਟਨ LPG ਦੀ ਲੋੜ ਹੁੰਦੀ ਹੈ।
ਰੋਜ਼ਾਨਾ ਖਪਤ: ਦੇਸ਼ ਵਿੱਚ ਹਰ ਰੋਜ਼ ਲਗਭਗ 64 ਲੱਖ ਸਿਲੰਡਰਾਂ ਦੀ ਵਰਤੋਂ ਹੁੰਦੀ ਹੈ।
ਸਪਲਾਈ ਦਾ ਪਾੜਾ: ਭਾਰਤ ਆਪਣੀ ਲੋੜ ਦਾ 60% ਹਿੱਸਾ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ, ਜਦਕਿ ਸਿਰਫ਼ 40% ਹੀ ਦੇਸ਼ ਦੀਆਂ ਰਿਫਾਇਨਰੀਆਂ ਵਿੱਚ ਤਿਆਰ ਹੁੰਦਾ ਹੈ।
ਵਰਤੋਂ: ਕੁੱਲ ਗੈਸ ਦਾ 88% ਘਰਾਂ ਵਿੱਚ ਅਤੇ 12% ਵਪਾਰਕ ਖੇਤਰਾਂ (ਹੋਟਲ, ਉਦਯੋਗ ਆਦਿ) ਵਿੱਚ ਵਰਤਿਆ ਜਾਂਦਾ ਹੈ।
ਈਰਾਨ ਜੰਗ ਨਾਲ ਭਾਰਤ ਵਿੱਚ LPG ਦੀ ਸਪਲਾਈ ਕਿਵੇਂ ਪ੍ਰਭਾਵਿਤ ਹੋਈ?
ਜਵਾਬ: UAE, ਕਤਰ, ਸਊਦੀ ਅਰਬ, ਕੁਵੈਤ ਵਰਗੇ ਖਾੜੀ ਦੇਸ਼ਾਂ ਤੋਂ ਗੈਸ ਜਾਂ ਪੈਟਰੋਲੀਅਮ ਨੂੰ ਭਾਰਤ ਆਉਣ ਲਈ ਹੋਰਮੁਜ਼ ਸਟ੍ਰੇਟ (Strait of Hormuz) ਤੋਂ ਗੁਜ਼ਰਨਾ ਪੈਂਦਾ ਹੈ। ਪਰ ਅਮਰੀਕਾ-ਇਜ਼ਰਾਈਲ ਅਤੇ ਈਰਾਨ ਜੰਗ ਦੇ ਚਲਦੇ ਹੋਰਮੁਜ਼ ਸਟ੍ਰੇਟ ਬੰਦ ਪਿਆ ਹੈ। ਜੰਗ ਤੋਂ ਪਹਿਲਾਂ ਇਸ ਜਲ-ਮਾਰਗ ਤੋਂ ਰੋਜ਼ਾਨਾ ਔਸਤਨ 153 ਜਹਾਜ਼ ਨਿਕਲਦੇ ਸਨ, ਪਰ ਹੁਣ ਇਹ ਅੰਕੜਾ 13 ਦੇ ਕਰੀਬ ਹੈ।
ਸਰਕਾਰੀ ਜਾਣਕਾਰੀ ਅਨੁਸਾਰ ਫਾਰਸ ਦੀ ਖਾੜੀ ਵਿੱਚ ਭਾਰਤ ਦੇ ਝੰਡੇ ਵਾਲੇ 28 ਜਹਾਜ਼ ਹਨ, ਜਿਨ੍ਹਾਂ ਵਿੱਚੋਂ 24 ਜਹਾਜ਼ ਹੋਰਮੁਜ਼ ਸਟ੍ਰੇਟ ਦੇ ਪੱਛਮ ਵਿੱਚ ਹਨ (677 ਕਰੂ ਮੈਂਬਰਾਂ ਸਮੇਤ)। ਹੋਰਮੁਜ਼ ਸਟ੍ਰੇਟ 'ਤੇ 4 ਜਹਾਜ਼ ਹਨ, ਜਿਨ੍ਹਾਂ 'ਤੇ 101 ਭਾਰਤੀ ਨੇਵੀਗੇਟਰ ਮੌਜੂਦ ਹਨ।
LPG ਹੁੰਦੀ ਕੀ ਹੈ, ਇਹ ਕਿਵੇਂ ਬਣਦੀ ਹੈ?
LPG ਯਾਨੀ ਲਿਕਵਿਡ ਪੈਟਰੋਲੀਅਮ ਗੈਸ ਮੁੱਖ ਰੂਪ ਵਿੱਚ ਦੋ ਗੈਸਾਂ ਦਾ ਮਿਸ਼ਰਣ ਹੈ- ਪ੍ਰੋਪੇਨ ਅਤੇ ਬਿਊਟੇਨ। LPG ਕੋਈ ਅਜਿਹੀ ਚੀਜ਼ ਨਹੀਂ ਹੈ, ਜੋ ਸਿੱਧਾ ਜ਼ਮੀਨ ਵਿੱਚੋਂ ਨਿਕਲਦੀ ਹੈ। ਇਹ ਪੈਟਰੋਲੀਅਮ ਪ੍ਰੋਡਕਟਸ ਦੀ ਰਿਫਾਇਨਿੰਗ ਦੌਰਾਨ ਨਿਕਲਣ ਵਾਲੇ ਬਾਏ-ਪ੍ਰੋਡਕਟ (ਉਪ-ਉਤਪਾਦ) ਤੋਂ ਤਿਆਰ ਹੁੰਦੀ ਹੈ।
ਬਾਏ-ਪ੍ਰੋਡਕਟ ਨੂੰ ਇੰਝ ਸਮਝੋ ਕਿ ਦਹੀ ਤੋਂ ਘਿਓ ਕੱਢਣ ਵੇਲੇ ਲੱਸੀ ਵੀ ਬਣਦੀ ਹੈ। ਇਸੇ ਤਰ੍ਹਾਂ ਪੈਟਰੋਲੀਅਮ ਪ੍ਰੋਡਕਟਸ ਦੀ ਰਿਫਾਇਨਿੰਗ ਵਿੱਚ LPG ਬਣਦੀ ਹੈ। ਇਸ ਨੂੰ ਬਣਾਉਣ ਦੇ ਦੋ ਤਰੀਕੇ ਹਨ:
ਤੇਲ ਅਤੇ ਗੈਸ ਦੇ ਖੂਹਾਂ ਤੋਂ: ਜਦੋਂ ਜ਼ਮੀਨ ਵਿੱਚੋਂ ਕੁਦਰਤੀ ਗੈਸ ਜਾਂ ਕੱਚਾ ਤੇਲ ਕੱਢਿਆ ਜਾਂਦਾ ਹੈ, ਤਾਂ ਉਸ ਦੇ ਨਾਲ ਪ੍ਰੋਪੇਨ ਅਤੇ ਬਿਊਟੇਨ ਗੈਸਾਂ ਵੀ ਬਾਹਰ ਆਉਂਦੀਆਂ ਹਨ। ਇਹਨਾਂ ਨੂੰ ਅਲੱਗ ਕਰਕੇ ਰਿਫਾਇਨ ਕੀਤਾ ਜਾਂਦਾ ਹੈ ਅਤੇ LPG ਬਣਾ ਲਈ ਜਾਂਦੀ ਹੈ। ਦੁਨੀਆ ਵਿੱਚ ਅੱਧੇ ਤੋਂ ਵੱਧ LPG ਇਸੇ ਤਰ੍ਹਾਂ ਬਣਦੀ ਹੈ।
ਤੇਲ ਰਿਫਾਇਨਰੀਆਂ ਵਿੱਚ: ਜਦੋਂ ਕੱਚੇ ਤੇਲ ਦੇ ਹੀਟਿੰਗ ਪ੍ਰੋਸੈਸ (ਗਰਮ ਕਰਨ ਦੀ ਪ੍ਰਕਿਰਿਆ) ਰਾਹੀਂ ਪੈਟਰੋਲ, ਡੀਜ਼ਲ ਅਤੇ ਮਿੱਟੀ ਦਾ ਤੇਲ (ਕੇਰੋਸਿਨ) ਬਣਾਇਆ ਜਾਂਦਾ ਹੈ, ਤਾਂ ਕੁਝ ਗੈਸਾਂ ਉੱਪਰ ਨਿਕਲਦੀਆਂ ਹਨ। ਇਹਨਾਂ ਗੈਸਾਂ ਨੂੰ ਇਕੱਠਾ ਕਰਕੇ ਵੀ LPG ਬਣਾਈ ਜਾਂਦੀ ਹੈ। ਭਾਰਤ ਦੀ ਰਿਲਾਇੰਸ ਦੀ ਜਾਮਨਗਰ, IOCL, BPCL ਅਤੇ HPCL ਦੀਆਂ ਰਿਫਾਇਨਰੀਆਂ ਵਿੱਚ ਇਹੀ ਕੰਮ ਹੁੰਦਾ ਹੈ।
ਤਿਆਰ ਗੈਸ ਨੂੰ ਹਾਈ-ਪ੍ਰੈਸ਼ਰ ਦੇ ਨਾਲ ਸਿਲੰਡਰ ਵਿੱਚ ਭਰਿਆ ਜਾਂਦਾ ਹੈ, ਜਿਸ ਨਾਲ ਗੈਸ ਦੇ ਅਣੂ ਇੰਨੇ ਨੇੜੇ ਆ ਜਾਂਦੇ ਹਨ ਕਿ ਉਹ ਪਾਣੀ ਵਾਂਗ ਲਿਕਵਿਡ (ਤਰਲ) ਬਣ ਜਾਂਦੇ ਹਨ। ਇਸ ਨਾਲ ਘੱਟ ਜਗ੍ਹਾ ਵਿੱਚ ਜ਼ਿਆਦਾ LPG ਆ ਜਾਂਦੀ ਹੈ।
LPG ਦੀਆਂ ਖਾਸ ਗੱਲਾਂ
LPG ਨੂੰ ਜਲਾਉਣ 'ਤੇ ਲੱਕੜ ਜਲਾਉਣ ਵਰਗਾ ਧੂੰਆਂ ਨਹੀਂ ਹੁੰਦਾ, ਪਰ ਕਾਰਬਨ ਡਾਈਆਕਸਾਈਡ ਨਿਕਲਦੀ ਹੈ। LPG ਹਵਾ ਨਾਲੋਂ ਜ਼ਿਆਦਾ ਭਾਰੀ ਹੁੰਦੀ ਹੈ। ਜੇਕਰ ਇਹ ਲੀਕ ਹੋ ਜਾਵੇ ਤਾਂ ਉੱਪਰ ਜਾਣ ਦੀ ਬਜਾਏ ਹੇਠਾਂ ਬੈਠ ਜਾਂਦੀ ਹੈ।
ਇਸੇ ਕਾਰਨ LPG ਵਿੱਚ ਪ੍ਰੋਪੇਨ ਅਤੇ ਬਿਊਟੇਨ ਤੋਂ ਇਲਾਵਾ ਏਥਾਈਲ ਮਰਕੈਪਟਨ (Ethyl Mercaptan ਨਾਮ ਦਾ ਇੱਕ ਕੈਮੀਕਲ ਮਿਲਾਇਆ ਜਾਂਦਾ ਹੈ ਤਾਂ ਜੋ ਲੀਕ ਹੋਣ 'ਤੇ ਤੁਰੰਤ ਪਤਾ ਚੱਲ ਸਕੇ ਅਤੇ ਵੱਡਾ ਹਾਦਸਾ ਨਾ ਹੋਵੇ। ਪ੍ਰੋਪੇਨ ਅਤੇ ਬਿਊਟੇਨ ਵਿੱਚ ਕੁਦਰਤੀ ਤੌਰ 'ਤੇ ਕੋਈ ਗੰਧ ਜਾਂ ਰੰਗ ਨਹੀਂ ਹੁੰਦਾ, ਇਸ ਲਈ ਇਹ ਅਜੀਬ ਜਿਹੀ ਗੰਧ ਵਾਲਾ ਕੈਮੀਕਲ ਮਿਲਾਇਆ ਜਾਂਦਾ ਹੈ।
ਭਾਰਤ ਕੋਲ ਕਿੰਨੇ ਦਿਨਾਂ ਦਾ ਸਟਾਕ ਮੌਜੂਦ ਹੈ?
ਮੀਡੀਆ ਰਿਪੋਰਟਾਂ ਮੁਤਾਬਕ, ਭਾਰਤ ਕੋਲ 10 ਦਿਨਾਂ ਦਾ LPG ਬਫਰ ਸਟਾਕ ਹੈ, ਜੋ ਜਲਦੀ ਹੀ ਖਤਮ ਹੋ ਸਕਦਾ ਹੈ। ਇਸੇ ਕਰਕੇ ਕੇਂਦਰ ਸਰਕਾਰ ਨੇ 'ਜ਼ਰੂਰੀ ਵਸਤਾਂ ਐਕਟ (Essential Commodities Act), 1995' ਲਾਗੂ ਕਰ ਦਿੱਤਾ ਹੈ, ਜਿਸ ਤਹਿਤ LPG ਸਿਲੰਡਰਾਂ ਦੀ ਜਮ੍ਹਾਖੋਰੀ (Hoarding) ਰੋਕੀ ਗਈ ਹੈ। ਨਾਲ ਹੀ ਵਰਤੋਂ ਦੇ ਹਿਸਾਬ ਨਾਲ ਤਰਜੀਹ (Priority) ਤੈਅ ਕੀਤੀ ਗਈ ਹੈ।ਸਾਰੀਆਂ ਸਰਕਾਰੀ ਅਤੇ ਨਿੱਜੀ ਰਿਫਾਇਨਰੀਆਂ ਨੂੰ ਪ੍ਰੋਡਕਸ਼ਨ ਵਧਾਉਣ ਲਈ ਕਿਹਾ ਗਿਆ ਹੈ। ਪੈਟਰੋਲੀਅਮ ਮਿਨਿਸਟਰੀ ਦੀ ਜੁਆਇੰਟ ਸੈਕਟਰੀ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਘਰੇਲੂ LPG ਉਤਪਾਦਨ ਵਿੱਚ 25% ਦਾ ਵਾਧਾ ਹੋਇਆ ਹੈ।
Click to Follow Babushahi Facebook page →