Babushahi Special: ਚੱਕ ਦੇ ਇੰਡੀਆ: ਕੌਮੀ ਪੱਧਰ 'ਤੇ ‘ਨਾ ਤੋਰੀ ਨਾ ਟਿੰਡਾ ਬੋਲੀ ਵੱਜਣ ਵਾਲਾ ਬਠਿੰਡਾ’
ਅਸ਼ੋਕ ਵਰਮਾ
ਬਠਿੰਡਾ,18 ਜੁਲਾਈ2025: ‘ਬਠਿੰਡਾ’ ਲੰਘੇ ਵੇਲਿਆਂ ’ਚ ਕਦੇ ਮਿਹਣੇ ਤੋਂ ਘੱਟ ਨਹੀਂ ਸੀ ਪਰ ਦਿਨਾਂ ਨੇ ਅਜਿਹਾ ਮੋੜਾ ਕੱਟਿਆ ਹੈ ਕਿ ਨੂੰ ਹੁਣ ਇਹੋ ‘ ਬਠਿੰਡਾ’ ਮਾਣ ਦਾ ਪ੍ਰਤੀਕ ਬਣ ਗਿਆ ਹੈ। ਕੋਈ ਜਮਾਨਾ ਸੀ ਜਦੋਂ ਮਲ੍ਹੇ ਝਾੜੀਆਂ ਦੀ ਇਸ ਧਰਤੀ ਦੇ ਲੋਕਾਂ ਨੂੰ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ’ ਦੀ ਬੋਲੀ ਵੱਜਦੀ ਰਹੀ ਹੈ। ਜਦੋਂ ਵਕਤ ਬਦਲਿਆ ਤੇ ਹੁਣ ਮੂੰਹੋਂ ਨਿਕਲਦਾ ਹੈ, ‘ ਹੁਣ ਨਹੀਂ ਰੀਸ ਤੇਰੇ ਬਠਿੰਡੇ ਦੀ’। ਉਹ ਦਿਨ ਚਲੇ ਗਏ ਜਦੋਂ ਬਠਿੰਡਾ ’ਤੇ ਪਛੜੇ ਹੋਣ ਦਾ ਦਾਗ਼ ਸੀ ਪਰ ਹੁਣ ਤਾਂ ਸਧਾਰਨ ਜਿਹੇ ਸ਼ਹਿਰ ਤੋਂ ਮਹਾਂਨਗਰ ਬਣੇ ਬਠਿੰਡਾ ਨੇ ਆਪਣੀ ਚਮਕ ਕੌਮੀ ਪੱਧਰ ਤੇ ਛੱਡਣੀ ਸ਼ੁਰੂ ਕਰ ਦਿੱਤੀ ਹੈ। ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਸ਼ਹਿਰ ਦੀ ਸਫਾਈ ਨੂੰ ਲੈਕੇ ਛੇੜੀ ਜੰਗ ਕਾਰਨ ਬਠਿੰਡਾ ਨੇ ਪੰਜ ਸਾਲ ਪਹਿਲਾਂ ਵਾਲਾ ਖਿਤਾਬ ਹਾਸਲ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ।
ਸਵੱਛਤਾ ਸਰਵੇ 2024-25 ਦੇ ਨਤੀਜਿਆਂ ਦੌਰਾਨ ਬਠਿੰਡਾ ਪੰਜਾਬ ’ਚ ਪਹਿਲੇ ਨੰਬਰ ਤੇ ਆਇਆ ਹੈ ਜਦੋਂਕਿ ਮੁਲਕ ਭਰ ਚੋਂ ਮਹਾਂਨਗਰ ਦਾ 51ਵਾਂ ਦਰਜਾ ਹੈ। ਬਠਿੰਡਾ ਨੂੰ ਇਹ ਐਵਾਰਡ ਸਵੱਛਤਾ ਸੁਪਰ ਲੀਗ ’ਚ 50 ਹਜ਼ਾਰ ਤੋਂ 3 ਲੱਖ ਦੀ ਅਬਾਦੀ ਵਾਲੀ ਕੈਟਾਗਰੀ ’ਚ ਮਿਲਿਆ ਹੈ। ਮਹੱਤਵਪੂਰਨ ਇਹ ਵੀ ਹੈ ਕਿ ਘਰੋ ਘਰੀਂ ਕੂੜਾ ਇਕੱਤਰ ਕਰਨ ਦੇ ਮਾਮਲੇ ’ਚ ਬਠਿੰਡਾ ਨੂੰ 98 ਅੰਕ ਹਾਸਲ ਹੋਏ ਹਨ ਇਸ ਕੰਮ ਲਈ ਨਗਰ ਨਿਗਮ ਨੇ ਟਰਾਲੀਆਂ ਅਤੇ ਆਟੋ ਦੀ ਗਿਣਤੀ ਵਧਾਈ। ਵੱਡੀ ਗਲੀਆਂ ’ਚ ਕੂੜਾ ਇਕੱਤਰ ਕਰਨ ਲਈ ਟਰਾਲੀਆਂ ਲਾਈਆਂ ਗਈਆਂ ਜਦੋਂਕਿ ਤੰਗ ਗਲੀਆਂ ’ਚ ਟਿੱਪਰਾਂ ਨੇ ਮੋਰਚਾ ਸੰਭਾਲਿਆ। ਰਿਹਾਇਸ਼ੀ ,ਬਜ਼ਾਰਾਂ ਅਤੇ ਡੰਪਾਂ ਵਾਲੀ ਥਾਂ ਦੀ ਸਫਾਈ ਮਾਮਲੇ ’ਚ ਸੌ ਪ੍ਰਤੀਸ਼ਤ ਨੰਬਰ ਮਿਲੇ ਹਨ। ਖੁੱਲ੍ਹੇਆਮ ਫਲੱਸ਼ ਜਾਣ ਸਬੰਧੀ ਦਰਜਾਬੰਦੀ ਉੱਚੀ ਰਹੀ ਕਿਉਂਕਿ ਹਰ ਘਰ ’ਚ ਫਲੱਸ਼ ਦੀ ਸੁਵਿਧਾ ਮਿਲਣ ਕਾਰਨ ਇਹ ਸਿਲਸਿਲਾ ਬੰਦ ਹੋ ਗਿਆ ਹੈ।
ਵੱਡੀ ਗੱਲ ਇਹ ਰਹੀ ਕਿ ਸੈਨੀਟੇਸ਼ਨ ਬਰਾਂਚ ’ਚ ਸਾਲਾਂ ਤੋਂ ਇੱਕ ਹੀ ਥਾਂ ਤੇ ਚਿਪਕੇ ਮੁਲਾਜਮਾਂ ਦੀ ਥਾਂ ਦੂਸਰੇ ਮੁਲਾਜਮ ਤਾਇਨਾਤ ਕੀਤੇ ਗਏ। ਸਫਾਈ ਮੁਲਾਜਮਾਂ ਦੀ ਹਾਜ਼ਰੀ ਆਨਲਾਈਨ ਕੀਤੀ ਗਈ ਅਤੇ ਉਨ੍ਹਾਂ ਦੀਆਂ ਫੋਟੋਆਂ ਵੀ ਅਪਲੋਡ ਹੁੰਦੀਆਂ ਹਨ। ਕੂੜੇ ਅਤੇ ਹੋਰ ਸਮੱਸਿਆਵਾਂ ਦੇ ਨਿਪਟਾਰੇ ਲਈ ਸਿੰਗਲ ਵਿੰਡੋ ਸਿਸਟਮ ਬਨਾਉਣਾ ਵੀ ਅਹਿਮ ਪ੍ਰਾਪਤੀ ਰਹੀ। ਲੋਕ ਨਿਗਮ ਦੇ ਟੋਲ ਫਰੀ ਨੰਬਰ ਅਤੇ ਪੋਰਟਲ ਅਤੇ ਦਫਤਰ ਵਿੱਚ ਵੀ ਵੀ ਸ਼ਕਾਇਤਾਂ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਮੁਲਾਜਮਾਂ ਦੀ ਜਵਾਬਦੇਹੀ ਤੈਅ ਕੀਤੀ ਗਈ ਜਿਸ ਨਾਲ ਕੂੜੇ ਸਬੰਧੀ ਸ਼ਕਾਇਤਾਂ ਦਾ ਨਿਪਟਾਰਾ 24 ਘੰਟਿਆਂ ਦੇ ਅੰਦਰ ਹੋਇਆ ਅਤੇ ਸਫਾਈ ਪ੍ਰਬੰਧ ਵੀ ਸੁਧਰੇ ਹਨ। ਨਗਰ ਨਿਗਮ ਵੱਲੋਂ ਵਾਰਡ ਨੰਬਰ 48 ਲਾਗਿਆਂ 25 ਤੋਂ 30 ਸਾਲ ਪੁਰਾਣਾ ਕੂੜੇ ਦਾ ਪਹਾੜ ਹਟਾਕੇ ਪਾਰਕ ਬਣਾਇਆ ਗਿਆ ਅਤੇ ਬਾਕੀ ਪਾਰਕਾਂ ਦੀ ਹਾਲਤ ਵੀ ਸੁਧਾਰੀ ਤੇ ਓਪਨ ਜਿੰਮ ਵੀ ਲਾਏ ਗਏ।
ਅਫਸਰਾਂ ਨੇ ਹਾਸਲ ਕੀਤਾ ਐਵਾਰਡ
ਨਵੀਂ ਦਿੱਲੀ ’ਚ ਇਹ ਐਵਾਰਡ ਨਗਰ ਨਿਗਮ ਦੀ ਕਮਿਸ਼ਨਰ ਕੰਚਨ ਸਿੰਗਲਾ, ਐਸਈ ਸੰਦੀਪ ਗੁਪਤਾ , ਸੈਨੀਟੇਸ਼ਨ ਅਫਸਰ ਸਤੀਸ਼ ਕੁਮਾਰ ਅਤੇ ਸੈਨੇਟਰੀ ਇੰਸਪੈਕਟਰ ਰਮਨ ਸ਼ਰਮਾ ਨੇ ਹਾਸਲ ਕੀਤਾ ਹੈ। ਨਗਰ ਨਿਗਮ ਲਈ ਇਸ ਵਾਰੀ ਵੱਡੀ ਚੁਣੌਤੀ ਸੀ ਕਿਉਂਕਿ 2023-24 ’ਚ ਬਠਿੰਡਾ ਪੰਜਾਬ ਚੋਂ ਚੌਥੇ ਅਤੇ ਮੁਲਕ ਚੋਂ 121ਵੇਂ ਸਥਾਨ ਤੇ ਰਿਹਾ ਸੀ। ਇਸ ਦੌਰਾਨ ਸਭ ਤੋਂ ਖਰਾਬ ਸਥਿਤੀ ਕੂੜਾ ਚੁੱਕਣ ਅਤੇ ਕੂੜਾ ਡੰਪਾਂ ਦੀ ਸਫਾਈ ਰਹੀ ਜਿਸ ’ਚ ਸਿਰਫ 28 ਫੀਸਦੀ ਨੰਬਰ ਮਿਲੇ ਸਨ ਜੋ ਹੁਣ ਸੌ ਫੀਸਦੀ ਹਨ। ਸਾਲ 2022-23 ’ਚ ਬਠਿੰਡਾ ਦਾ ਪੰਜਾਬ ’ਚ ਪੰਜਵਾਂ ਅਤੇ ਕੌਮੀ ਪੱਧਰ ਤੇ 79ਵਾਂ ਦਰਜਾ ਸੀ। ਸਾਲ 2018 ਤੋਂ ਸਾਲ 2020 ਤੱਕ ਬਠਿੰਡਾ ਪੂਰੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਉਂਦਾ ਰਿਹਾ ਸੀ।
ਭਵਿੱਖ ’ਚ ਚੁਣੌਤੀਆਂ ਬਰਕਰਾਰ
ਬਠਿੰਡਾ ਨੇ ਐਵਾਰਡ ਤਾਂ ਹਾਸਲ ਕਰ ਲਿਆ ਪਰ ਭਵਿੱਖ ਦੀਆਂ ਚੁਣੌਤੀਆਂ ਬਰਕਰਾਰ ਹਨ । ਗਿੱਲੇ ਅਤੇ ਸੁੱਕੇ ਕੂੜੇ ਨੂੰ ਨਿਪਟਾਉਣ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ ਜਿਸ ਕਰਕੇ ਬਠਿੰਡਾ ਨੂੰ ਐਤਕਂੀ 55 ਫੀਸਦੀ ਨੰਬਰ ਮਿਲੇ ਹਨ ਜਦੋਂਕਿ ਪਿਛਲੀ ਵਾਰ 28 ਫੀਸਦੀ ਸਨ। ਸ਼ਹਿਰ ਚੋਂ ਰੋਜਾਨਾ ਕਰੀਬ 115 ਟਨ ਕੂੜਾ ਇਕੱਠਾ ਕਰਕੇ ਡੰਪ ਵਾਲੀ ਥਾਂ ਤੇ ਭੇਜਿਆ ਜਾਂਦਾ ਹੈ ਜੋਕਿ ਆਪਸ ’ਚ ਮਿਲਿਆ ਹੁੰਦਾ ਹੈ। ਨਿਯਮਾਂ ਮੁਤਾਬਕ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖਰਾ ਹੋਣਾ ਚਾਹੀਦਾ ਹੈ ਜਿਸ ਦੀ ਖਾਦ ਬਣਨੀ ਹੁੰਦੀ ਹੈ। ਦੂਸਰੀ ਚੁਣੌਤੀ ਜਨਤਕ ਫਲੱਸ਼ਾਂ ਦੀ ਹੈ ਜੋ ਬੇਹੱਦ ਗੰਦੀਆਂ ਹਨ। ਇਸ ਕੈਟਾਗਰੀ ’ਚ ਬਠਿੰਡਾ ਨੂੰ 67 ਫੀਸਦੀ ਅੰਕ ਮਿਲੇ ਹਨ। ਸਵੱਛਤਾ ਸਰਵੇਖਣ ਟੀਮ ਨੇ ਬੱਸ ਅੱਡੇ ,ਰੇਲਵੇ ਸਟੇਸ਼ਨ ਅਤੇ ਨਗਰ ਨਿਗਮ ਦੇ ਨਜ਼ਦੀਕ ਬਣੀਆਂ ਫਲੱਸ਼ਾਂ ਦੇਖੀਆਂ ਤਾਂ ਉੱਥੇ ਬਦਬੂ ਆ ਰਹੀ ਸੀ ਅਤੇ ਸਫਾਈ ਦਾ ਵੀ ਬੁਰਾ ਹਾਲ ਸੀ।
ਹੁਣ ਰਾਤ ਨੂੰ ਹੋਵੇਗੀ ਸਫਾਈ:ਮੇਅਰ
ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਬਠਿੰਡਾ ਇਹ ਐਵਾਰਡ ਆਮ ਲੋਕਾਂ ਅਤੇ ਮੁਲਾਜਮਾਂ ਦੀ ਬਦੌਲਤ ਜਿੱਤ ਸਕਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਫਾਈ ਦਾ ਪ੍ਰਬੰਧ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਜਾ ਰਿਹਾ ਹੈ ਜਿਸ ਨਾਲ ਕੂੜਾ ਚੁੱਕਣ ਅਤੇ ਨਿਪਟਾਉਣ ’ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨੀਂ ਨਗਰ ਨਿਗਮ ਮਸ਼ੀਨਾਂ ਖਰੀਦ ਰਿਹਾ ਹੈ ਜਿੰਨ੍ਹਾਂ ਨਾਲ ਰਾਤ ਨੂੰ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਧੋਈਆਂ ਜਾਇਆ ਕਰਨਗੀਆਂ।