23 ਨਵੰਬਰ ਨੂੰ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਹੋਵੇਗਾ ਸਰਬ ਧਰਮ ਸੰਮੇਲਨ- ਹਰਜੋਤ ਬੈਂਸ
ਦੇਸ਼ ਵਿਦੇਸ਼ ਦੀਆਂ ਅਧਿਆਤਮਿਕ ਸਖਸ਼ੀਅਤਾਂ, ਸੰਤ ਮਹਾਪੁਰਸ਼ ਇਸ ਸੰਮੇਲਨ ਵਿੱਚ ਹੋਣਗੇ ਸ਼ਾਮਿਲ-ਕੈਬਨਿਟ ਮੰਤਰੀ
ਸ੍ਰੀ ਅਨੰਦਪੁਰ ਸਾਹਿਬ 19 ਨਵੰਬਰ 2025- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ 23 ਨਵੰਬਰ ਨੂੰ ਗੁਰੂ ਕਾ ਬਾਗ ਛਾਉਣੀ ਬਾਬਾ ਬੁੱਢਾ ਦਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਬ ਧਰਮ ਸੰਮੇਲਨ ਦਾ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੰਮੇਲਨ ਧਾਰਮਿਕ ਸਮੁਦਾਇਕ ਏਕਤਾ ਅਤੇ ਭਾਈਚਾਰਕ ਸਾਂਝ ਦੇ ਪਵਿੱਤਰ ਸੰਦੇਸ਼ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ।
ਸ੍ਰ.ਬੈਂਸ ਨੇ ਕਿਹਾ ਕਿ ਧਰਮਾਂ ਦੀ ਵਿਭਿੰਨਤਾ ਅਤੇ ਸਰਬ ਧਰਮ ਸੰਮੇਲਨ ਇਸ ਏਕਤਾ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਪ੍ਰੇਰਣਾਦਾਇਕ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਬਾਣੀ ਸਾਨੂੰ ਬਿਨਾ ਕਿਸੇ ਭੇਦਭਾਵ ਦੇ, ਮਨੁੱਖਤਾ ਦੀ ਸੇਵਾ ਕਰਨ ਤੇ ਸਦਾ ਨਿਮਰਤਾ ਨਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸੇ ਰੂਹਾਨੀ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦਿਆਂ, ਸੰਮੇਲਨ ਵਿੱਚ ਵੱਖ-ਵੱਖ ਧਰਮਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ, ਸੰਤ ਸਮਾਜ ਸਾਮਿ ਹੋਣਗੇ ਅਤੇ ਭਾਈਚਾਰੇ ਨੂੰ ਏਕਤਾ ਦਾ ਸੰਦੇਸ਼ ਪਹੁੰਚਾਉਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਗੁਰੂ ਕਾ ਬਾਗ ਛਾਉਣੀ ਬਾਬਾ ਬੁੱਢਾ ਦਲ ਦਾ ਇਹ ਪਵਿੱਤਰ ਸਥਾਨ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਇੱਥੇ ਇਸ ਤਰ੍ਹਾਂ ਦਾ ਸਰਬ ਧਰਮ ਸੰਮੇਲਨ ਕਰਵਾਉਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਸੰਮੇਲਨ ਦੌਰਾਨ ਧਾਰਮਿਕ ਅਤੇ ਸਮਾਜਿਕ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਵੇਗਾ, ਜੋ ਨੌਜਵਾਨ ਪੀੜ੍ਹੀ ਨੂੰ ਵੀ ਸਹੀ ਦਿਸ਼ਾ ਵਿੱਚ ਪ੍ਰੇਰਿਤ ਕਰਨ ਵਿੱਚ ਸਹਾਇਕ ਸਾਬਤ ਹੋਵੇਗਾ।
ਸ੍ਰ. ਬੈਂਸ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖ ਧਰਮ ਦੇ ਉੱਚ ਸਿਧਾਂਤਾਂ ਅਤੇ ਗੁਰੂ ਸਾਹਿਬਾਨ ਦੀਆਂ ਬਾਣੀਆਂ ਨੂੰ ਸਮਾਜ ਤੱਕ ਪਹੁੰਚਾਉਣ ਲਈ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਸਰਬ ਧਰਮ ਸੰਮੇਲਨ ਵੀ ਉਨ੍ਹਾਂ ਉੱਦਮਾਂ ਦਾ ਇਕ ਅਹਿਮ ਹਿੱਸਾ ਹੈ, ਜਿਸ ਰਾਹੀਂ ਸਰਕਾਰ ਸਮਾਜ ਵਿੱਚ ਏਕਤਾ ਤੇ ਸਦਭਾਵਨਾ ਦਾ ਸੰਦੇਸ਼ ਦੇਣ ਦਾ ਯਤਨ ਕਰ ਰਹੀ ਹੈ।
ਉਨ੍ਹਾਂ ਨੇ ਸਾਰੇ ਧਰਮਾਂ ਦੀਆਂ ਅਧਿਆਤਮਿਕ ਸਖਸ਼ੀਅਤਾਂ, ਮਹਾਪੁਰਸ਼ਾ, ਸੰਤ ਸਮਾਜ ਅਤੇ ਸੰਗਤਾਂ ਨੂੰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਿਮਰਤਾ ਭਰਿਆ ਸੱਦਾ ਦਿੱਤਾ ਹੈ। ਸ੍ਰ. ਬੈਂਸ ਨੇ ਕਿਹਾ ਕਿ ਇਸ ਪ੍ਰਕਾਰ ਦੇ ਸਮਾਗਮ ਸਾਡੇ ਸਮਾਜ ਨੂੰ ਇਕ ਮਜ਼ਬੂਤ ਅਤੇ ਸਾਂਝੇ ਮੁੱਲਾਂ ਵਾਲਾ ਢਾਂਚਾ ਪ੍ਰਦਾਨ ਕਰਦੇ ਹਨ, ਜੋ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਤਿਕਾਰ ਅਤੇ ਗੁਰਮਤਿ ਮਰਯਾਦਾ ਵਿੱਚ ਜੀਊਣ ਦੀ ਪ੍ਰੇਰਣਾ ਦਿੰਦੇ ਹਨ।