ਸਿਹਤ ਵਿਭਾਗ ਫਾਜਿਲਕਾ ਵੱਲੋਂ ਸਕੂਲ ਹੈਲਥ ਵੈਲਨੈਸ ਪ੍ਰੋਗ੍ਰਾਮ ਅਧੀਨ ਕਰਵਾਈ ਟ੍ਰੇਨਿੰਗ
ਸਕੂਲਾਂ ਵਿੱਚ ਸਿਹਤ ਸੰਭਾਲ ਦੇ ਸੱਭਿਆਚਾਰ ਨੂੰ ਉਤਸਾਹਿਤ ਕਰਨ ਲਈ ਅਧਿਆਪਿਕਾਂ ਨੂੰ ਮੁਹੱਈਆ ਕਰਵਾਈ ਸਿਖਲਾਈ
ਫਾਜ਼ਿਲਕਾ, 31 ਜਨਵਰੀ
ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਸਕੂਲਾਂ ਵਿੱਚ ਬੱਚਿਆਂ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਅਤੇ ਡਾ ਕਵਿਤਾ ਸਿੰਘ ਦੀ ਦੇਖਰੇਖ ਵਿੱਚ ਦਫ਼ਤਰ ਸਿਵਲ ਸਰਜਨ ਫਾਜਿਲਕਾ ਅਤੇ ਸੀ.ਐਚ.ਸੀ. ਸੀਤੋਗੁੰਨੋ ਵਿੱਚ ਅਪਰ ਪ੍ਰਾਇਮਰੀ ਅਧਿਆਪਿਕਾਂ ਨੂੰ 4 ਦਿਨਾਂ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਹ ਟ਼ੇਨਿੰਗ ਡਾ ਵਿਸ਼ੂ ਸ਼ਰਮਾਂ ਏ.ਐਮ.ਓ., ਸ੍ਰੀ ਕਮਲਜੀਤ ਸਿੰਘ ਕੌਂਸਲਰ ਜਿਲ੍ਹਾ ਹਸਪਤਾਲ ਫਾਜਿਲਕਾ, ਸਿੱਖਿਆ ਵਿਭਾਗ ਤੋਂ ਮੈਡਮ ਸਰਿਤਾ ਕੰਬੋਜ਼ ਅਤੇ ਨਰੇਸ਼ ਕੁਮਾਰ ਕਰਵਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਲਹਿੰਬਰ ਰਾਮ ਨੇ ਦੱਸਿਆ ਕਿ ਸਕੂਲ ਹੈਲਥ ਵੈਲਨੈਸ ਪ੍ਰੋਗ੍ਰਾਮ ਅਧੀਨ ਇਹ ਟ੍ਰੇਨਿੰਗ ਜਿਲ੍ਹੇ ਦੇ ਹਰੇਕ ਅਪਰ ਪ੍ਰਾਇਮਰੀ ਸਕੂਲ ਦੇ 2 ਅਧਿਆਪਿਕਾਂ ਖਾਸ ਕਰਕੇ ਸਰੀਰਿਕ ਸਿੱਖਿਆ ਅਤੇ ਸਾਇੰਸ ਅਧਿਆਪਿਕਾਂ ਨੂੰ ਕਰਵਾਈ ਜਾ ਰਹੀ ਹੈ। ਇਸ ਟ੍ਰੇਨਿੰਗ ਦਾ ਉਦੇਸ਼ ਸਕੂਲ ਜਾਣ ਵਾਲੇ ਬੱਚਿਆਂ ਨੂੰ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਿਤ ਵਿਆਪਕ ਗਿਆਨ, ਮਨੋ ਵਿਗਿਆਨਕ ਸਹਾਇਤਾ ਸਕਾਰਾਤਮਕ ਅਤੇ ਪ੍ਰਗਤੀਸ਼ੀਲ ਰਵੱਈਏ ਨੂੰ ਵਿਕਸਿਤ ਕਰਨਾ, ਜੀਵਨ ਦੇ ਹੁਨਰ ਨੂੰ ਵਧਾਉਣਾ ਅਤੇ ਸੇਵਾਵਾਂ ਪ੍ਰਦਾਨ ਕਰਨਾ ਹੈ ਅਤੇ ਸਕੂਲਾਂ ਵਿੱਚ ਸਿਹਤ ਸੰਭਾਲ ਦੇ ਸੱਭਿਆਚਾਰ ਨੂੰ ਉਤਸਾਹਿਤ ਕਰਨਾ ਹੈ।
ਉਹਨਾਂ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਅਧਿਆਪਿਕਾਂ ਨੂੰ ਐਪ ਇੰਸਟਾਲ ਕਰਵਾਈ ਗਈ ਹੈ, ਜਿਸ ਅਧੀਨ ਜਦ ਵੀ ਸਕੂਲ ਵਿੱਚ ਕਿਸੇ ਬੱਚੇ ਨੂੰ ਕੋਈ ਸਿਹਤ ਸਬੰਧੀ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਇਸ ਐਪ ਤੇ ਅਪਲੋਡ ਕੀਤੀ ਜਾਵੇਗੀ। ਇਸ ਟ੍ਰੇਨਿੰਗ ਵਿੱਚ ਬੱਚਿਆਂ ਦਾ ਸਿਹਤਮੰਦ ਵਧਣਾ, ਭਾਵਨਾਤਮਕ ਤੰਦਰੁਸਤੀ ਅਤੇ ਮਾਨਸਿਕ ਸਿਹਤ, ਪਰਸਪਰ ਸਬੰਧ, ਕਦਰਾਂ ਕੀਮਤਾਂ ਅਤੇ ਨਾਗਿਰਕਤਾ, ਲਿੰਗ ਸਮਾਨਤਾ, ਪੋਸ਼ਣ, ਸਿਹਤ ਅਤੇ ਸਵੱਛਤਾ,ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਅਤੇ ਪ੍ਰਬੰਧਨ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ, ਪ੍ਰਜਨਨ ਸਿਹਤ ਅਤੇ ਐੱਚ ਆਈ ਵੀ ਦੀ ਰੋਕਥਾਮ, ਹਿੰਸਾ ਅਤੇ ਸੱਟਾਂ ਤੋਂ ਸੁਰੱਖਿਆ ਅਤੇ ਇੰਟਰਨੈਟ ਅਤੇ ਸ਼ੋਸ਼ਲ ਮੀਡੀਆ ਵਿਵਹਾਰ ਦੀ ਸੁੱਰੱਖਿਆਤ ਵਰਤੋਂ ਆਦਿ ਵਿਸ਼ਿਆਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਸਮੇਂ ਰਾਜੇਸ਼ ਕੁਮਾਰ ਜਿਲ੍ਹਾ ਪ੍ਰੋਗ੍ਰਾਮ ਮੈਨੇਜਰ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਬਲਜੀਤ ਸਿੰਘ ਕੋਆਰਡੀਨੇਟਰ ਸਕੂਲ ਹੈਲਥ ਹਾਜ਼ਰ ਸਨ।