ਸ਼ਹੀਦ SI ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, DGP ਗੌਰਵ ਯਾਦਵ ਤੇ MLA ਧੁੰਨ ਪਹੁੰਚੇ
ਬਲਜੀਤ ਸਿੰਘ
ਪੱਟੀ (ਤਰਨਤਾਰਨ) : ਕਸਬਾ ਗੋਇੰਦਵਾਲ ਸਾਹਿਬ ਵਿਖੇ ਸੇਵਾ ਨਿਭਾਉਂਦੇ ਹੋਏ ਸ਼ਹੀਦ ਹੋਏ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਡੈਡ ਬਾਡੀ ਅੱਜ ਉਹਨਾਂ ਦੇ ਜੱਦੀ ਪਿੰਡ ਥੇਹ ਸਰਹਾਲੀ ਵਿਖੇ ਅੰਤਿਮ ਦਰਸ਼ਨਾਂ ਲਈ ਪਹੁੰਚੀ। ਘਰ ਦਾ ਮਾਹੌਲ ਗਮਗੀਨ ਸੀ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ, ਬੱਚਿਆਂ ਦੀ ਹਾਲਤ ਵੇਖੀ ਨਹੀਂ ਜਾ ਰਹੀ ਸੀ।
ਝਗੜਾ ਸੁਲਝਾਉਣ ਦੌਰਾਨ ਹੋਈ ਸੀ ਸ਼ਹੀਦੀ
ਪਿਛਲੇ ਦਿਨੀਂ ਗੋਇੰਦਵਾਲ ਸਾਹਿਬ ਵਿਖੇ ਹੋਏ ਝਗੜੇ ਨੂੰ ਸੁਲਝਾਉਣ ਗਏ SI ਚਰਨਜੀਤ ਸਿੰਘ ਨੂੰ ਦੁਸ਼ਮਣੀ ਦੀ ਨੀਅਤ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਇਕ ਹੋਰ ਪੁਲਿਸ ਮੁਲਾਜ਼ਮ ਦੀ ਬਾਂਹ ਵੀ ਟੁੱਟ ਗਈ ਸੀ।
ਸ਼ਰਧਾਂਜਲੀ ਦੇਣ ਪਹੁੰਚੇ ਉੱਚ ਅਧਿਕਾਰੀ ਅਤੇ ਸਿਆਸੀ ਆਗੂ
ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਖੇਮਕਰਨ ਹਲਕੇ ਦੇ ਵਿਧਾਇਕ ਸਰਵਨ ਸਿੰਘ ਧੁੰਨ, ਅਤੇ ਇਲਾਕੇ ਦੀਆਂ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਹੀਦ ਚਰਨਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਡੀਜੀਪੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਹ ਭਰੋਸਾ ਦਵਾਇਆ ਕਿ ਪੰਜਾਬ ਪੁਲਿਸ ਪਰਿਵਾਰ ਦੇ ਨਾਲ ਚਟਾਨ ਵਾਂਗ ਖੜੀ ਰਹੇਗੀ।
ਸਿਆਸੀ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਅੰਤਿਮ ਸੰਸਕਾਰ ਮੌਕੇ ਕਈ ਸਿਆਸੀ ਆਗੂਆਂ ਨੇ ਵੀ ਮੰਚ ਤੋਂ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਦੀ ਮੌਤ ਨੂੰ ਪੰਜਾਬ ਪੁਲਿਸ ਲਈ ਵੱਡਾ ਨੁਕਸਾਨ ਦੱਸਿਆ ਅਤੇ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ।