ਸਰਕਾਰ ਨੇ ਬਣਾਈ ਰਣਜੀਤ ਸਿੰਘ ਦੇ ਮੁਕਾਬਲੇ ਦੀ ਝੂਠੀ ਕਹਾਣੀ-ਜਥੇਦਾਰ ਹਵਾਰਾ ਕਮੇਟੀ
ਮਨੁੱਖੀ ਅਧਿਕਾਰ ਸੰਗਠਨ ਕਰੇ ਪੜਤਾਲ
ਕੁਲਵਿੰਦਰ ਸਿੰਘ
ਅੰਮ੍ਰਿਤਸਰ (27 ਫਰਵਰੀ)
ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਪਿੰਡ ਆਦੀਆਂ ਜਿਲ੍ਹਾ ਗੁਰਦਾਸਪੁਰ ਦੇ ਵਸਨੀਕ ਰਣਜੀਤ ਸਿੰਘ ਦੇ ਝੂਠੇ ਮੁਕਾਬਲੇ ਦੀ ਕਹਾਣੀ ਸਰਕਾਰੀ ਅੱਤਵਾਦ ਦਾ ਸਿਖ਼ਰ ਹੈ ਜੋ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ,ਬਾਪੂ ਗੁਰਚਰਨ ਸਿੰਘ,ਮਹਾਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਰਣਜੀਤ ਸਿੰਘ ਨੂੰ ਉਸਦੇ ਘਰੋਂ ਚੁੱਕ ਕੇ ਲਿਜਾਣ ਦੇ ਬਾਅਦ ਝੂਠੇ ਮੁਕਾਬਲੇ ਵਿੱਚ ਕਤਲ ਕਰਨ ਨਾਲ ਸੂਬੇ ਦੇ ਨੌਜਵਾਨਾਂ ਵਿੱਚ ਮਾਨ ਸਰਕਾਰ ਦੀ ਪੁਲਿਸ ਦੀ ਧੱਕੇਸ਼ਾਹੀ ਪ੍ਰਤੀ ਸਹਿਮ ਅਤੇ ਬੇਵਿਸ਼ਵਾਸੀ ਪੈਦਾ ਹੋ ਗਈ ਜਿਸਦੇ ਪੰਜਾਬ ਦੇ ਭਵਿੱਖ ਤੇ ਦੂਰਗਾਮੀ ਅਸਰ ਪੈਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਆਪਣੇ ਵਿਰੁੱਧ ਸਬੂਤਾਂ ਨੂੰ ਮਿਟਾਉਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਘਰਾਂ ਦੇ ਕੈਮਰਿਆਂ ਦੇ ਡੀਵੀਆਰ ਵੀ ਲੈ ਗਈ ਹੈ ਜਿਸਤੋ ਕਤਲ ਵਿੱਚ ਪੁਲਿਸ ਦੀ ਸ਼ਮੂਲੀਅਤ ਸਪੱਸ਼ਟ ਹੁੰਦੀ ਹੈ।
ਹਵਾਰਾ ਕਮੇਟੀ ਨੇ ਰਣਜੀਤ ਸਿੰਘ ਦੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਪਿਛਲੇ ਦੋ ਸਾਲਾਂ ਤੋਂ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਸਮਾਜਿਕ ਜਥੇਬੰਦੀਆਂ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਤਾਂ ਕਰਦੀਆਂ ਆ ਰਹੀਆਂ ਹਨ ਪਰ ਸਾਰਥਕ ਨਤੀਜੇ ਨਹੀਂ ਨਿਕਲੇ ਇਸਲਈ ਅਸੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੂੰ ਅਪੀਲ ਕੀਤੀ ਕਿ ਇਸ ਝੂਠੇ ਪੁਲਿਸ ਮੁਕਾਬਲੇ ਦੀ ਨਿਰਪੱਖ ਜਾਂਚ ਕਰਕੇ ਰਿਪੋਰਟ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਡਾ ਸੁਖਦੇਵ ਸਿੰਘ ਬਾਬਾ,ਭੁਪਿੰਦਰ ਸਿੰਘ ਭਲਵਾਨ,ਐਡਵੋਕੇਟ ਜਸਬੀਰ ਸਿੰਘ ਜੰਮੂ,ਬਲਵਿੰਦਰ ਸਿੰਘ ਸਾਘਣਾ ਸ਼ਾਮਲ ਹਨ।
Click to Follow Babushahi Facebook page →