ਸ਼੍ਰੋਮਣੀ ਕਮੇਟੀ ਨੇ ਏਆਈ ਤਕਨੀਕ ਦੇ ਮਾਹਿਰਾਂ ਦੀ ਸਬ-ਕਮੇਟੀ ਕੀਤੀ ਗਠਿਤ
ਸਿੱਖ ਧਰਮ ਦੀ ਮਾਣ-ਮਰਯਾਦਾ ਦੇ ਖਿਲਾਫ਼ ਬਣ ਰਹੀਆਂ ਵੀਡੀਓ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਕਰੇਗੀ ਕਾਰਜ
ਅੰਮ੍ਰਿਤਸਰ, 2 ਫ਼ਰਵਰੀ-
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ-ਮਰਯਾਦਾ ਦੇ ਖਿਲਾਫ਼ ਬਣ ਰਹੀਆਂ ਵੀਡੀਓ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਅੰਤ੍ਰਿੰਗ ਕਮੇਟੀ ਦੇ ਹੋਏ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਏਆਈ ਇੰਟਰਨੈੱਟ ਖੇਤਰ ਵਿਚ ਤਜ਼ਰਬਾ ਰੱਖਣ ਵਾਲੇ ਮਾਹਿਰਾਂ ਦੀ ਸਬ-ਕਮੇਟੀ ਗਠਿਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਵੀਡੀਓ ਅਤੇ ਹੋਰ ਸਮੱਗਰੀ ਸੋਸ਼ਲ ਮੀਡੀਆ ’ਤੇ ਲਗਾਤਾਰ ਵਧ ਰਹੀ ਹੈ, ਜਿਸ ’ਤੇ ਰੋਕ ਲਗਾਉਣ ਲਈ ਅੰਤ੍ਰਿੰਗ ਕਮੇਟੀ ਵੱਲੋਂ ਇਸ ਖੇਤਰ ਵਿਚ ਕਾਰਜਸ਼ੀਲ ਕਾਨੂੰਨੀ ਤੇ ਮਾਹਿਰ ਸ਼ਖ਼ਸੀਅਤਾਂ ’ਤੇ ਨਿਰਧਾਰਿਤ ਇਕ ਸਬ-ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਇਸ ਕਮੇਟੀ ’ਚ ਡਾ. ਹਰਜਿੰਦਰ ਸਿੰਘ ਸੰਧੂ ਅਮਰੀਕਾ, ਸ. ਹਰਮੀਤ ਸ਼ਾਹ ਸਿੰਘ ਯੂਕੇ, ਡਾ. ਸਰਬਜੋਤ ਸਿੰਘ ਯੂਕੇ, ਡਾ. ਸਰਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ, ਡਾ. ਗੁਰਪਾਲ ਸਿੰਘ ਖਾਲਸਾ ਕਾਲਜ ਪਟਿਆਲਾ, ਡਾ. ਜਗਦੀਪ ਸਿੰਘ ਮੱਲ੍ਹੀ ਗੁਰੂ ਨਾਨਕ ਇੰਜੀਅਰਿੰਗ ਕਾਲਜ ਲੁਧਿਆਣਾ, ਡਾ. ਸਤਿੰਦਰਪਾਲ ਸਿੰਘ ਗੁਰੂ ਨਾਨਕ ਇੰਜੀਅਨਿੰਗ ਕਾਲਜ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਿਸਟਮ ਐਡਮਿਨਸ੍ਰੇਟਰ ਸ. ਕਰਮਵੀਰ ਸਿੰਘ ਹੋਣਗੇ।
ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸਬ-ਕਮੇਟੀ ਏਆਈ ਤਕਨੀਕ ਨਾਲ ਸਿੱਖ ਧਰਮ ਖਿਲਾਫ਼ ਸੋਸ਼ਲ ਮੀਡੀਆ ’ਤੇ ਪ੍ਰਚਾਰੀ ਜਾ ਰਹੀ ਸਮੱਗਰੀ ਨੂੰ ਰੋਕਣ ਲਈ ਏਆਈ ਤਕਨੀਕ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਵੀ ਰਾਬਤਾ ਬਣਾਉਣ ਲਈ ਕਾਰਜ ਕਰੇਗੀ।