ਬੰਬ ਧਮਾਕਿਆਂ ਵਾਲੇ ਬਿਆਨ ’ਤੇ ਬੀਬੀ ਭੱਠਲ ਨੇ ਤੋੜੀ ਚੁੱਪੀ-ਅਫ਼ਸਰਾਂ / ਸਲਾਹਕਾਰਾਂ ਦੇ ਨਾਂ ਦੱਸਣ ਤੋਂ ਇਨਕਾਰ - ਕਿਹਾ ਕਾਂਗਰਸ ਛੱਡਣ ਦਾ ਸਵਾਲ ਹੀ ਨਹੀਂ
ਮੌਜੂਦਾ ਹਾਲਾਤਾਂ ਤੋਂ ਚੌਕਸ ਕਰਨ ਦੀ ਦਿੱਤੀ ਅਪੀਲ —
Babushahi Network Bureau
ਲਹਿਰਾਗਾਗਾ, ਜਨਵਰੀ 31, 2026 :
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਬੰਬ ਧਮਾਕਿਆਂ ਸਬੰਧੀ ਦਿੱਤੇ ਗਏ ਬਿਆਨ ’ਤੇ ਚੁੱਪ ਤੋੜਦਿਆਂ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਪੁਰਾਣੇ ਸਮੇਂ ਦੇ ਇੱਕ ਘਟਨਾ-ਪ੍ਰਸੰਗ ਦਾ ਜ਼ਿਕਰ ਸਿਰਫ਼ ਮੌਜੂਦਾ ਹਾਲਾਤਾਂ ਵਿੱਚ ਸਰਕਾਰਾਂ ਅਤੇ ਲੋਕਾਂ ਨੂੰ ਚੌਕਸ ਕਰਨ ਲਈ ਕੀਤਾ ਸੀ।
ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਦੀ ਬਿਹਤਰੀ ਲਈ ਸਰਕਾਰ ਨੂੰ ਸਾਵਧਾਨ ਕਰਨ ਦੇ ਮਕਸਦ ਨਾਲ ਇੱਕ ਪੁਰਾਣਾ ਕਿੱਸਾ ਉਦਾਹਰਣ ਵਜੋਂ ਸਾਂਝਾ ਕੀਤਾ ਗਿਆ ਸੀ, ਤਾਂ ਜੋ ਪੰਜਾਬ ਵਿੱਚ ਮੁੜ ਕਿਤੇ ਮਾਹੌਲ ਖਰਾਬ ਨਾ ਹੋ ਜਾਏ। ਪਰ ਕੁਝ ਸਿਆਸੀ ਵਿਰੋਧੀਆਂ ਅਤੇ ਕਥਿਤ ਸ਼ੁਭਚਿੰਤਕਾਂ ਵੱਲੋਂ ਇਸ ਗੱਲ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੋ ਮੰਗ ਅੱਜ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਉਹ ਉਸ ਸਮੇਂ ਦੇ ਲੋਕਾਂ ਦੇ ਨਾਂਅ ਜਨਤਕ ਕਰਨ, ਇਸ ’ਤੇ ਬੀਬੀ ਭੱਠਲ ਨੇ ਕਿਹਾ,
“ਇਹੋ ਜਿਹੇ ਸੰਵੇਦਨਸ਼ੀਲ ਅਹੁਦੇ ’ਤੇ ਰਹਿੰਦਿਆਂ ਬਹੁਤ ਸਾਰੇ ਆਧਿਕਾਰਕ ਭੇਦ (Official Secrets) ਗੋਪਨੀਯਤਾ ਕਾਨੂੰਨਾਂ ਅਧੀਨ ਆਉਂਦੇ ਹਨ ਅਤੇ ਇਨ੍ਹਾਂ ਨੂੰ ਗੁਪਤ ਰੱਖਣ ਦੀ ਸੰਵਿਧਾਨਕ ਸਹੁੰ ਵੀ ਚੁੱਕਣੀ ਪੈਂਦੀ ਹੈ।”
ਆਪਣੇ ਬਿਆਨ ਵਿੱਚ ਬੀਬੀ ਭੱਠਲ ਨੇ ਮੌਜੂਦਾ ਸਥਿਤੀ ’ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਚਿੰਤਾਜਨਕ ਹਨ। ਰੋਜ਼ਾਨਾ ਗੈਂਗਵਾਰ ਵੱਧ ਰਹੀ ਹੈ, ਕਾਰੋਬਾਰੀ, ਕਬੱਡੀ ਖਿਡਾਰੀ, ਵਪਾਰੀ ਆਦਿ ਸੁਰੱਖਿਅਤ ਨਹੀਂ ਹਨ। ਕਦੇ ਪੁਲਿਸ ਚੌਂਕੀਆਂ ’ਤੇ ਬੰਬ ਧਮਾਕੇ ਹੋ ਰਹੇ ਹਨ, ਕਦੇ ਡਰ ਦੇ ਮਾਹੌਲ ਕਾਰਨ ਸਕੂਲ ਖਾਲੀ ਕਰਵਾਏ ਜਾ ਰਹੇ ਹਨ। ਹਰ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਆਏ ਦਿਨ ਬੇਕਸੂਰ ਲੋਕਾਂ ਦੀ ਮਾਰ-ਧਾੜ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਧਿਰਾਂ ਨੂੰ ਇਨ੍ਹਾਂ ਵਾਰਦਾਤਾਂ ਦੀ ਥਾਂ ਮੇਰੇ ਇੱਕ ਵੈੱਬ ਚੈਨਲ ’ਤੇ ਦਿੱਤੇ ਗਏ ਇੰਟਰਵਿਊ ਦਾ ਬਿਆਨ ਜ਼ਿਆਦਾ ਮਹੱਤਵਪੂਰਨ ਲੱਗ ਰਿਹਾ ਹੈ।
“ਮੈਂ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਜਿਸ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੌਰਾਨ ਪੰਜਾਬ ਦੇ ਹਾਲਾਤ ਕੀ ਸਨ, ਇਹ ਸਭ ਜਾਣਦੇ ਹਨ। ਪੰਜਾਬ ਕਾਲੇ ਦੌਰ ਤੋਂ ਹਾਲੇ ਨਿਕਲ ਹੀ ਰਿਹਾ ਸੀ। ਅੱਜ ਦੇ ਹਾਲਾਤ ਵੀ ਉਸੇ ਤਰ੍ਹਾਂ ਬਣਦੇ ਜਾ ਰਹੇ ਹਨ।”
ਉਨ੍ਹਾਂ ਦੁਹਰਾਇਆ ਕਿ ਅੱਜ ਦੇ ਹਾਲਾਤਾਂ ਨੂੰ ਵੇਖਦਿਆਂ ਸਰਕਾਰ ਨੂੰ ਇਤਿਹਾਸ ਤੋਂ ਸਬਕ ਲੈਣ ਲਈ ਇੱਕ ਪੁਰਾਣਾ ਕਿੱਸਾ ਉਦਾਹਰਣ ਵਜੋਂ ਸਾਂਝਾ ਕੀਤਾ ਗਿਆ ਸੀ, ਤਾਂ ਜੋ ਪੰਜਾਬ ਵਿੱਚ ਮੁੜ ਮਾਹੌਲ ਖਰਾਬ ਨਾ ਹੋਵੇ। ਪਰ ਕੁਝ ਸਿਆਸੀ ਵਿਰੋਧੀਆਂ ਵੱਲੋਂ ਇਸ ਨੂੰ ਜਾਣ ਬੁੱਝ ਕੇ ਹੋਰ ਹੀ ਰੂਪ ਦਿੱਤਾ ਜਾ ਰਿਹਾ ਹੈ।
ਵਿਰੋਧੀਆਂ ਵੱਲੋਂ ਨਾਂਅ ਦੱਸਣ ਦੀ ਮੰਗ ’ਤੇ ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਅਹੁਦੇ ’ਤੇ ਰਹਿੰਦਿਆਂ ਗੋਪਨੀਯਤਾ ਕਾਨੂੰਨਾਂ ਅਤੇ ਸੰਵਿਧਾਨਕ ਸਹੁੰ ਕਾਰਨ ਕਈ ਗੱਲਾਂ ਜਨਤਕ ਨਹੀਂ ਕੀਤੀਆਂ ਜਾ ਸਕਦੀਆਂ। ਮੌਕੇ ਦੀ ਨਜ਼ਾਕਤ ਅਤੇ ਸੂਬੇ-ਲੋਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਕਈ ਫੈਸਲੇ ਅੰਦਰੂਨੀ ਤੌਰ ’ਤੇ ਹੀ ਲੈਣੇ ਪੈਂਦੇ ਹਨ।
ਉਨ੍ਹਾਂ ਕਿਹਾ ਕਿ ਉਹ ਕਿੱਸਾ ਅੱਜ ਤੋਂ ਲਗਭਗ 30 ਸਾਲ ਪੁਰਾਣਾ ਹੈ। “ਇਨਸਾਨੀ ਉਮਰ ਵਿੱਚ ਕਈ ਗੱਲਾਂ ਯਾਦ ਵੀ ਨਹੀਂ ਰਹਿੰਦੀਆਂ ਅਤੇ ਸੰਭਵ ਹੈ ਕਿ ਉਸ ਸਮੇਂ ਦੇ ਕਈ ਲੋਕ ਅੱਜ ਦੁਨੀਆ ਵਿੱਚ ਹੀ ਨਾ ਹੋਣ। ਪਰ ਅਹਿਮ ਗੱਲ ਇਹ ਹੈ ਕਿ ਸੂਬੇ ਦੇ ਮੁੱਖੀ ਵਜੋਂ ਜੋ ਮੇਰਾ ਫਰਜ਼ ਸੀ, ਮੈਂ ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ। ਜਿਹੜੇ ਵੀ ਜ਼ਰੂਰੀ ਸੁਰੱਖਿਆ ਕਦਮ ਅਤੇ ਸਾਵਧਾਨੀ ਉਪਾਅ ਲੈਣੇ ਲੋੜੀਂਦੇ ਸਨ, ਉਹ ਲਏ ਗਏ ਅਤੇ ਪੰਜਾਬ ਵਿੱਚ ਅਮਨ-ਸ਼ਾਂਤੀ ਨਾਲ ਚੋਣਾਂ ਕਰਵਾਉਣ ਵਿੱਚ ਕਾਮਯਾਬੀ ਮਿਲੀ।”
ਬੀਬੀ ਭੱਠਲ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰਾਂ ਜਾਣ ਬੁੱਝ ਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਮੇਰੇ ਅਕਸ ਨੂੰ ਢਾਹ ਲਾਉਣ ਲਈ ਇਸ ਮਸਲੇ ਨੂੰ ਸਿਆਸੀ ਰੰਗ ਦੇ ਰਹੀਆਂ ਹਨ।
“ਪੰਜਾਬ ਦੀ ਅਮਨ-ਸ਼ਾਂਤੀ ਲਈ ਜੇ ਮੈਨੂੰ ਨਿੱਜੀ ਨੁਕਸਾਨ ਵੀ ਝੱਲਣਾ ਪਵੇ, ਤਾਂ ਮੈਂ ਉਸ ਲਈ ਤਿਆਰ ਹਾਂ। ਪਰ ਪੰਜਾਬ ਨੂੰ ਮੁੜ ਉਸ ਕਾਲੇ ਦੌਰ ਵੱਲ ਵਧਦਾ ਵੇਖ ਕੇ ਮੈਂ ਤਮਾਸ਼ਬੀਨ ਨਹੀਂ ਬਣ ਸਕਦੀ।”
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਿਰਫ਼ ਇਹ ਉਦਾਹਰਣ ਦਿੱਤੀ ਗਈ ਸੀ ਕਿ ਲੀਡਰਾਂ ਕੋਲ ਕਈ ਤਰ੍ਹਾਂ ਦੀਆਂ ਸਲਾਹਾਂ ਆਉਂਦੀਆਂ ਹਨ, ਪਰ ਉਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਲੀਡਰ ਦੀ ਆਪਣੀ ਸੋਚ ’ਤੇ ਨਿਰਭਰ ਕਰਦਾ ਹੈ। ਸਰਕਾਰ ਨੂੰ ਇਤਿਹਾਸ ਤੋਂ ਸਬਕ ਲੈ ਕੇ ਮੌਜੂਦਾ ਹਾਲਾਤਾਂ ’ਤੇ ਗੰਭੀਰ ਨਜ਼ਰ ਮਾਰਨੀ ਚਾਹੀਦੀ ਹੈ ਅਤੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।
ਸੁਖਬੀਰ ਬਾਦਲ ਸਬੰਧੀ ਬਿਆਨ ’ਤੇ ਉਨ੍ਹਾਂ ਕਿਹਾ ਕਿ ਇੱਕ ਪੱਤਰਕਾਰ ਵੱਲੋਂ ਵਿਰੋਧੀ ਆਗੂਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਸੀ ਕਿ ਸੁਖਬੀਰ ਬਾਦਲ ਵਿੱਚ ਕੁਝ ਤਬਦੀਲੀ ਨਜ਼ਰ ਆਈ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਜਾ ਰਿਹਾ ਹੈ।
“ਅੱਜ ਸਾਫ਼ ਦਿੱਖ ਰਿਹਾ ਹੈ ਕਿ ਪੰਜਾਬ ਨੂੰ ਕਾਂਗਰਸ ਸਰਕਾਰ ਦੀ ਸਖ਼ਤ ਲੋੜ ਹੈ ਅਤੇ ਅਸੀਂ ਸਾਰੇ ਦਿਨ-ਰਾਤ ਇਕ ਕਰਕੇ ਸੂਬੇ ਦੀ ਬਿਹਤਰੀ ਲਈ ਕਾਂਗਰਸ ਦੀ ਸਰਕਾਰ ਬਣਾਕੇ ਪੰਜਾਬ ਨੂੰ ਮੁੜ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਲਿਆਂਵਾਂਗੇ।”
ਅੰਤ ਵਿੱਚ ਬੀਬੀ ਭੱਠਲ ਨੇ ਦ੍ਰਿੜਤਾ ਨਾਲ ਕਿਹਾ,
“ਮੈਂ ਕਾਂਗਰਸੀ ਸੀ, ਹਾਂ ਅਤੇ ਹਮੇਸ਼ਾਂ ਰਹਾਂਗੀ। ਮੈਂ ਹਮੇਸ਼ਾਂ ਪਾਰਟੀ ਦੀ ਇਮਾਨਦਾਰ ਅਤੇ ਜੁਝਾਰੂ ਸਿਪਾਹੀ ਵਜੋਂ ਸੇਵਾ ਕੀਤੀ ਹੈ। ਮੈਂ ਨਿੱਜੀ ਲਾਲਚਾਂ ਲਈ ਕਦੇ ਪਾਰਟੀ ਨਹੀਂ ਛੱਡੀ। ਮੇਰਾ ਪਹਿਲਾ ਸਾਹ ਕਾਂਗਰਸ ਵਿੱਚ ਲੱਗਿਆ ਸੀ ਅਤੇ ਮੇਰੀ ਇੱਛਾ ਹੈ ਕਿ ਆਖਰੀ ਸਾਹ ਵੀ ਕਾਂਗਰਸ ਵਿੱਚ ਹੀ ਲਵਾਂ।”