ਪਿੰਡ ਦੇ ਦੋ ਪਰਿਵਾਰਾਂ ਦੀ ਲੜਾਈ ਨੂੰ ਮਜਹਬੀ ਰੰਗਤ ਦੇਣ ਦੀ ਕੋਸ਼ਿਸ਼ ਕਰਨ ਦੀ ਸਿੱਖ ਆਗੂਆਂ ਅਤੇ ਪਿੰਡ ਵਾਸੀਆਂ ਨੇ ਕੀਤੀ ਨਿਖੇਧੀ
ਕਿਹਾ ਦੋਨਾਂ ਧਿਰਾਂ ਨੇ ਕੀਤੇ ਇੱਕ ਦੂਜੇ ਤੇ ਵਾਰ ਮਾਮਲੇ ਦੀ ਗਹਿਰਾਈ ਨਾਲ ਜਾਂਚ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੇ ਦਿਨ ਸੋਸ਼ਲ ਮੀਡੀਆ ਤੇ ਕੁਝ ਮਸੀਹ ਆਗੂਆਂ ਵੱਲੋਂ ਵਾਇਰਲ ਕੀਤੀ ਗਈ ਇੱਕ ਵੀਡੀਓ ਦੀ ਪਿੰਡ ਭਗਵਾਂ ਵਾਸੀਆਂ ਅਤੇ ਸਿੱਖ ਆਗੂਆਂ ਨੇ ਨਿਖੇਦੀ ਕਰਦਿਆਂ ਕਿਹਾ ਕਿ ਵੀਡੀਓ ਦਾ ਇੱਕ ਹਿੱਸਾ ਵਾਇਰਲ ਕਰਨ ਵਾਲਿਆਂ ਵਲੋਂ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਮਾਮਲੇ ਦਾ ਦੂਜਾ ਪਹਿਲੂ ਛੁਪਾਇਆ ਗਿਆ ਹੈ । ਦੱਸ ਦਈਏ ਕੀ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਕੁਝ ਮਸੀਹ ਆਗੂਆਂ ਨੇ ਇਹ ਲਿਖ ਕੇ ਇੱਕ ਵੀਡੀਓ ਵਾਇਰਲ ਕੀਤੀ ਕਿ ਪਿੰਡ ਭਗਵਾਂ ਦੇ ਜੱਟ ਸਿੱਖ ਪਰਿਵਾਰ ਵੱਲੋਂ ਪਿੰਡ ਦੇ ਹੀ ਮਮੀਹ ਬਿਰਾਦਰੀ ਦੇ ਲੋਕਾਂ ਤੇ ਹਮਲਾ ਕੀਤਾ ਗਿਆ ਹੈ ਜਦਕਿ ਪਿੰਡ ਭਗਵਾਂ ਦੇ ਵਾਸੀਆਂ ਅਤੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਵੀਡੀਓ ਨੂੰ ਕੱਟ ਕੇ ਇਸ ਦਾ ਇੱਕ ਹਿੱਸਾ ਹੀ ਵਾਇਰਲ ਕੀਤਾ ਗਿਆ ਹੈ ਜਦਕਿ ਲੜਾਈ ਅਤੇ ਵਾਰ ਦੋਹਾਂ ਪਾਸੋਂ ਹੋਏ ਹਨ । ਉਹਨਾਂ ਕਿਹਾ ਕਿ ਇਹ ਪਿੰਡ ਦੇ ਦੋ ਪਰਿਵਾਰਾਂ ਦੀ ਲੜਾਈ ਸੀ ਅਤੇ ਲੈਣ ਦੇਣ ਦਾ ਮਾਮਲਾ ਸੀ, ਜਿਸ ਨੂੰ ਧਾਰਮਿਕ ਰੰਗਤ ਦੇ ਕੇ ਰਾਜਨੀਤੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਮਾਮਲੇ ਵਿੱਚ ਦੋਹਾਂ ਧਿਰਾਂ ਦੇ ਸੱਟਾਂ ਲੱਗੀਆਂ ਹਨ ਅਤੇ ਪੁਲਿਸ ਵੱਲੋਂ ਵੀ ਦੋਨਾਂ ਪੱਖਾਂ ਦੇ ਬਿਆਨ ਲਏ ਜਾ ਰਹੇ ਹਨ। ਮੀਡੀਆ ਨੂੰ ਵਾਇਰਲ ਵੀਡੀਓ ਦਾ ਉਹ ਹਿੱਸਾ ਵੀ ਦਿੱਤਾ ਗਿਆ ਜਿਹੜਾ ਇਹਨਾਂ ਮਸੀਹ ਆਗੂਆਂ ਵੱਲੋਂ ਕੱਟ ਦਿੱਤਾ ਗਿਆ ਸੀ ਜਿਸ ਵਿੱਚ ਦੋਹਾਂ ਧਿਰਾਂ ਦੇ ਲੋਕ ਇੱਕ ਦੂਜੇ ਤੇ ਵਾਰ ਕਰਦੇ ਦਿਖਾਈ ਦੇ ਰਹੇ ਹਨ।
ਐਡਵੋਕੇਟ ਅਜੇਪਾਲ ਸਿੰਘ ਅਤੇ ਵਾਰਸ ਪੰਜਾਬ ਦੇ ਆਗੂ ਜਤਿੰਦਰ ਪਾਲ ਸਿੰਘ ਗੋਰਾ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਵੀਡੀਓ ਦੀ ਸੱਚਾਈ ਬਿਆਨ ਕਰਦਿਆਂ ਦੱਸਿਆ ਹੈ ਕਿ ਪਿੰਡ ਭਗਵਾਂ ਦੇ ਇੱਕ ਜੱਟ ਸਿੱਖ ਪਰਿਵਾਰ ਦੀ ਪਿਛਲੇ ਕਈ ਸਾਲਾਂ ਤੋਂ ਇੱਕ ਮਸੀਹ ਪਰਿਵਾਰ ਨਾਲ ਰੰਜਿਸ਼ ਚਲਦੀ ਆ ਰਹੀ ਹੈ ਅਤੇ ਲੈਣ ਦੇਣ ਦਾ ਮਾਮਲਾ ਹੈ ਜਿਸ ਨੂੰ ਲੈ ਕੇ ਦੋਹਾਂ ਧਿਰਾਂ ਦੀ ਬੀਤੇ ਦਿਨ ਮੁੜ ਤੋਂ ਲੜਾਈ ਹੋਈ ਸੀ ਅਤੇ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਸੀ ਪਰ ਇਸ ਨੂੰ ਮਜਹਬੀ ਰੰਗਤ ਦੇ ਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਰਾਜਨੀਤੀ ਕਰਨ ਵਾਲੇ ਕੁਝ ਮਸੀਹ ਆਗੂ ਬਿਨਾਂ ਦੂਸਰਾ ਪੱਖ ਜਾਣੇ ਇਸ ਮਾਮਲੇ ਨੂੰ ਭੜਕਾ ਰਹੇ ਹਨ। ਉਹ ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਰੱਖ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਜਾਤੀ ਭੇਦਭਾਵ ਨਹੀਂ ਹੈ ਪਰ ਕੁੱਝ ਲੋਕ ਆਪਣੀ ਰਾਜਨੀਤੀ ਚਮਕਾਉਣ ਲਈ ਕੁਝ ਮਾਮਲਿਆਂ ਨੂੰ ਗਲਤ ਢੰਗ ਨਾਲ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਅਜਿਹੀਆਂ ਸਾਜ਼ਿਸ਼ਾਂ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ।