ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਵੱਲੋਂ ਪਿੰਡ ਬਸਰਾਵਾਂ ਅਤੇ ਠੱਕਰ ਸੰਧੂ ਵਿਖੇ ਵੱਖ-ਵੱਖ ਵਿਕਾਸ ਦੀ ਸ਼ੁਰੂਆਤ
ਕਿਹਾ- ਹਲਕੇ ਕਾਦੀਆਂ ਦੇ ਵਿਕਾਸ ਕੰਮਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ
ਰੋਹਿਤ ਗੁਪਤਾ
ਕਾਦੀਆਂ/ਗੁਰਦਾਸਪਰ, 2 ਫਰਵਰੀ
ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਪਿੰਡ ਬਸਰਾਵਾਂ ਵਿਖੇ ਬਸਰਾਵਾਂ ਤੋਂ ਤੁਗਲਵਾਲ ਸੜਕ ਦੀ ਸਪੈਸ਼ਲ ਰਿਪੇਅਰ ਦਾ ਨੀਂਹ ਪੱਥਰ ਰੱਖਿਆ ਅਤੇ ਪਿੰਡ ਠੱਕਰ ਸੰਧੂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਲਿੰਕ ਸੜਕ ਫਿਰਨੀ ਦੀ ਵਿਸ਼ੇਸ਼ ਮੁਰੰਮਤ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਨਾਲ ਪਿੰਡ ਵਾਸੀਆਂ ਨੂੰ ਸੁਰੱਖਿਅਤ ਆਵਾਜਾਈ ਦੀ ਸਹੂਲਤ ਪ੍ਰਦਾਨ ਹੋਵੇਗੀ।
ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲ ਕਰਦਿਆ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਵਿਕਾਸ ਕੰਮ ਜਾਰੀ ਹਨ, ਜਿਸ ਲਈ ਕਾਦੀਆਂ ਹਲਕੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਵਿੱਚ ਸੜਕ ਬਣਾਉਣ ਦੇ ਕੰਮ ਕਰਵਾਏ ਗਏ ਹਨ ਅਤੇ ਵੱਖ ਵੱਖ ਵਿਕਾਸ ਕਾਰਜ ਚੱਲ ਰਹੇ ਹਨ।
ਉਨਾਂ ਅੱਗੇ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦਾ ਨਵੀਨੀਕਰਨ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਬਣਾਉਣ, ਡੇਰਿਆਂ ਦੇ ਰਸਤੇ ਪੱਕੇ ਕਰਨ ਸਮੇਤ ਵੱਖ-ਵੱਖ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ।
ਜਗਰੂਪ ਸਿੰਘ ਸੇਖਵਾਂ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸਮੁੱਚੇ ਹਲਕੇ ਵਿੱਚ ਪਾਰਦਰਸ਼ੀ ਢੰਗ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾ ਦਾ ਨਿਪਟਾਰਾ ਕਰ ਰਹੇ ਹਨ ਅਤੇ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਦਾ ਲੋਕਾਂ ਤੱਕ ਲਾਭ ਪੁੱਜਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।