ਸ਼ੈਰੀ ਕਲਸੀ ਨੇ ਨੌਜਵਾਨ ਰੋਹਿਤ ਦੀ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
- ਨਸ਼ਿਆਂ ਨੂੰ ਖਤਮ ਕਰਨ ਲਈ ਲੋਕ ਅੱਗੇ ਆਉਣ -ਵਿਧਾਇਕ ਸ਼ੈਰੀ ਕਲਸੀ
ਰੋਹਿਤ ਗੁਪਤਾ
ਬਟਾਲਾ,18 ਅਪ੍ਰੈਲ 2025 - ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ,ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਬੀਤੇ ਦਿਨੀਂ ਬਟਾਲਾ ਸ਼ਹਿਰ ਦੇ ਸ਼ੁਕਰਪੁਰਾ ਏਰੀਆ ਵਿਖੇ ਨੌਜਵਾਨ ਰੋਹਿਤ ਦੀ ਹੋਈ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਘਰ ਵਿਖੇ ਜਾ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ, ਚੇਅਰਮੈਨ ਮਾਨਿਕ ਮਹਿਤਾ,ਡੀ.ਐਸ.ਪੀ ਸੰਜੀਵ ਕੁਮਾਰ, ਕੌਂਸਲਰ ਬਲਵਿੰਦਰ ਸਿੰਘ ਮਿੰਟਾ ਅਤੇ ਮਨਦੀਪ ਸਿੰਘ ਗਿੱਲ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਨੂੰ ਹੋਰ ਕਾਰਗਰ ਬਣਾਉਣ ਲਈ ਲੋਕਾਂ ਨੂੰ ਅੱਗੇ ਆ ਕੇ ਸਰਕਾਰ ਤੇ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਹ ਬਿਮਾਰੀ ਇੱਕ ਘਰ ਤੋਂ ਦੂਜੇ ਘਰਾਂ ਵਿੱਚ ਵੜਨ ਤੋਂ ਪਹਿਲਾਂ, ਸਾਨੂੰ ਰਲ ਕੇ ਇਸ ਵਿਰੁੱਧ ਖੜਨਾ ਪਵੇਗਾ ਅਤੇ ਅਸੀਂ ਇਸ ਬਿਮਾਰੀ ਨੂੰ ਜੜੋਂ ਖਤਮ ਕਰਕੇ ਹੀ ਹਟਾਂਗੇ।
ਉਨ੍ਹਾਂ ਕਿਹਾ ਕਿ ਕੁਝ ਨੋਜਵਾਨ ਮਾੜੇ ਅਨਸਰਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਪਰ ਸਰਕਾਰ ਵਲੋਂ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਨਸ਼ੇ ਵਿਰੁੱਧ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਗਈ ਹੈ, ਜਿਸ ਦੇ ਚੱਲਦਿਆਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਨ ਤੋਂ ਇਲਾਵਾ ਨਸ਼ਾ ਸਮੱਗਲਰਾਂ ਨੂੰ ਫੜਿਆ ਵੀ ਗਿਆ ਹੈ ਅਤੇ ਉਨ੍ਹਾਂ ਵਲੋਂ ਉਸਾਰੀਆਂ ਗਈਆਂ ਨਾਜਾਇਜ਼ ਇਮਾਰਤਾਂ ਨੂੰ ਢਾਹਿਆ ਗਿਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਮਾੜੇ ਕਾਰੋਬਾਰ ਛੱਡਕੇ ਸਮਾਜ ਦੀ ਮੁੱਖ ਧਾਰਾ ਵਿਚ ਪਰਤ ਆਉਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੁਹਰਾਇਆ ਕਿ ਕਿਸੇ ਨੂੰ ਵੀ ਮਨੁੱਖ ਜਿੰਦਗੀਆਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਮਾੜੇ ਅਨਸਰਾਂ ਦੀ ਇਤਲਾਹ ਪੁਲਿਸ ਨੂੰ ਜਰੂਰ ਦੇਣ, ਉਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।