ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ BBMB 'ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ
ਭਵਿੱਖ ਵਿੱਚ ਹੜ੍ਹ ਦੀਆਂ ਤਬਾਹੀਆਂ ਤੋਂ ਬਚਾਅ ਲਈ ਆਲ ਪਾਰਟੀ ਮੀਟਿੰਗ ਬੁਲਾਉਣ ਦਾ ਸੱਦਾ
ਕਪੂਰਥਲਾ 6 ਸਤੰਬਰ, 2025 ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇੱਕ ਸਖ਼ਤ ਬਿਆਨ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਤੋਂ ਤੁਰੰਤ ਜ਼ਿੰਮੇਵਾਰੀ ਤੈਅ ਕਰਨ ਅਤੇ ਢਾਂਚਾਗਤ ਸੁਧਾਰਾਂ ਦੀ ਮੰਗ ਕੀਤੀ ਹੈ। ਇਹ ਬਿਆਨ ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਲੱਖਾਂ ਹੈਕਟੇਅਰਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਡੁੱਬਣ ਵਾਲੀਆਂ ਭਿਆਨਕ ਬਾਰਸ਼ਾਂ ਅਤੇ ਹੜ੍ਹ ਦੇ ਮੱਦੇਨਜ਼ਰ ਦਿੱਤਾ ਗਿਆ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬੀਬੀਐਮਬੀ ਦੀ ਅਸਮਰਥਾ ਅਤੇ ਗੈਰ-ਸਰਗਰਮੀ ‘ਤੇ ਗੰਭੀਰ ਚਿੰਤਾ ਜਤਾਈ, ਜਿਸ ਦੇ ਹਵਾਲੇ ਭਾਖੜਾ ਅਤੇ ਪੋਂਗ ਡੈਮ ਤੋਂ ਸੁਤਲਜ ਅਤੇ ਬਿਆਸ ਦਰਿਆਵਾਂ ਦਾ ਪਾਣੀ ਸੰਭਾਲਣਾ ਹੁੰਦਾ ਹੈ। ਉਨ੍ਹਾਂ ਕਿਹਾ – “ਬੀਬੀਐਮਬੀ ਪੰਜਾਬ ਦੇ ਲੋਕਾਂ ਅਤੇ ਖੇਤੀਬਾੜੀ ਦੀ ਸੁਰਖਿਆ ਕਰਨ ਵਿੱਚ ਫੇਲ੍ਹ ਰਹੀ ਹੈ, ਸਮੇਂ-ਸਿਰ ਤੇ ਉਚਿਤ ਉਪਰਾਲੇ ਨਹੀਂ ਕੀਤੇ ਗਏ, ਜਿਸ ਕਰਕੇ ਇਹ ਤਬਾਹੀ ਵਾਪਰੀ ਹੈ।” ਬੀਬੀਐਮਬੀ ਵੱਲੋਂ ਸੰਭਾਵੀ ਦਾਅਵੇ ਕਿ ਇਸ ਸਾਲ ਮਾਨਸੂਨ ਦੌਰਾਨ ਬੇਹਿਸਾਬ ਪਾਣੀ ਆਇਆ ਸੀ, ਨੂੰ ਖੰਡਨ ਕਰਦਿਆਂ, ਸੁਲਤਾਨਪੁਰ ਲੋਧੀ ਦੇ ਵਿਧਾਇਕ ਨੇ ਦਲੀਲ ਦਿੱਤੀ ਕਿ ਪਿਛਲੇ ਸੀਜ਼ਨ ਦਾ ਵਾਧੂ ਪਾਣੀ ਸਮੇਂ-ਸਿਰ ਰਿਲੀਜ਼ ਨਹੀਂ ਕੀਤਾ ਗਿਆ, ਜਿਸ ਨਾਲ ਹਾਲਾਤ ਹੋਰ ਵੀ ਬਦਤਰ ਹੋ ਗਏ। ਉਨ੍ਹਾਂ ਕਿਹਾ “ਜੇ ਬੋਰਡ ਨੇ ਪਿਛਲੇ ਸਾਲ ਦਾਇਕਠਾ ਹੋਇਆ ਪਾਣੀ ਸਮੇਂ ਸਿਰ ਰਿਲੀਜ਼ ਕਰ ਦਿੱਤਾ ਹੁੰਦਾ, ਤਾਂ ਅੱਜ ਦੀ ਤਬਾਹੀ ਇੰਨੀ ਵੱਡੀ ਨਾ ਹੁੰਦੀ। ਇਹ ਤਬਾਹੀ ਅਗਾਊਂ ਸਮਝੀ ਜਾ ਸਕਦੀ ਸੀ ਅਤੇ ਇਸ ਤੋਂ ਬਚਿਆ ਜਾ ਸਕਦਾ ਸੀ।” ਰਾਜਨੀਤਿਕ ਪੱਧਰ ‘ਤੇ ਸਾਂਝੀ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬੀਬੀਐਮਬੀ ਉੱਤੇ ਜ਼ਿੰਮੇਵਾਰੀ ਤੈਅ ਕਰਨ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਤਬਾਹੀਆਂ ਤੋਂ ਬਚਾਅ ਲਈ ਇੱਕ ਵਿਸ਼ਾਲ ਤੇ ਸਰਗਰਮ ਵਿਉਂਤਬੰਦੀ ਬਣਾਉਣ ਲਈ ਸਰਵ ਮੀਟਿੰਗ ਬੁਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ – “ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਵੱਖ-ਵੱਖ ਹਿੱਤਾਂ ਤੋਂ ਉੱਪਰ ਉਠ ਕੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ, ਰੋਜ਼ੀ-ਰੋਟੀ ਅਤੇ ਖੇਤਾਂ ਦੀ ਰੱਖਿਆ ਲਈ ਇਕੱਠੇ ਹੋਣ।” ਆਪਣੇ ਖੇਤਰ ਦੀ ਸਥਿਤੀ ਬਾਰੇ ਦੱਸਦੇ ਹੋਏ, ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਹੜ੍ਹ ਨਾਲ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਇਆ, ਕਿਉਂਕਿ ਇਹ ਹਰੀਕੇ ਨਾਲ ਭੂਗੋਲਿਕ ਤੌਰ ‘ਤੇ ਸਭ ਤੋਂ ਨੇੜੇ ਹੈ, ਜਿੱਥੇ ਸੁਤਲਜ ਅਤੇ ਬਿਆਸ ਦਰਿਆ ਮਿਲਦੇ ਹਨ। ਬਾਅਦ ਵਿੱਚ ਹੜ੍ਹ ਦਾ ਪਾਣੀ ਹਰ ਪਾਸੇ ਫੈਲ ਗਿਆ ਅਤੇ ਪੱਕ ਰਹੀ ਝੋਨੇ ਦੀ ਫਸਲ ਨੂੰ ਡੁੱਬੋ ਦਿੱਤਾ, ਜਿਸ ਦੀ ਕਟਾਈ ਵਿੱਚ ਕੇਵਲ ਇਕ ਮਹੀਨਾ ਬਚਿਆ ਸੀ। ਉਨ੍ਹਾਂ ਕਿਹਾ ਪੰਜਾਬ ਦੇ ਲੋਕ, ਵਿਸ਼ੇਸ਼ ਕਰਕੇ ਕਿਸਾਨ, ਸਭ ਤੋਂ ਵੱਧ ਪੀੜਤ ਹੋਏ ਹਨ। ਫਿਰ ਵੀ ਅਸੀਂ ਪੰਜਾਬ ਅਤੇ ਕੇਂਦਰ ਵੱਲੋਂ ਸਹਾਇਤਾ ਦੀ ਉਡੀਕ ਕਰ ਰਹੇ ਹਾਂ। ਵਿਧਾਇਕ ਨੇ ਬੁਨਿਆਦੀ ਹੜ੍ਹ-ਨਿਯੰਤਰਣ ਵਿਉਂਤਬੰਦੀ ਨੂੰ ਲਾਗੂ ਨਾ ਕਰਨ ਨੂੰ ਵੀ ਵੱਡੀ ਨਾਕਾਮੀ ਦੱਸਿਆ। ਉਨ੍ਹਾਂ ਕਿਹਾ – “ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਦਰਿਆ, ਨਹਿਰਾਂ ਅਤੇ ਕੱਸੀਆਂ ਦੀ ਸਫਾਈ ਨਹੀਂ ਕੀਤੀ ਗਈ। ਬੰਨ੍ਨਾ ਦੀ ਮਜ਼ਬੂਤੀ ਦਾ ਕੰਮ ਨਹੀਂ ਹੋਇਆ । ਮੈਂ ਇਹ ਮੁੱਦਾ ਬਹੁਤ ਪਹਿਲਾਂ ਉਠਾਇਆ ਸੀ, ਪਰ ਚੇਤਾਵਨੀਆਂ ਨੂੰ ਅਣਡਿੱਠਾ ਕਰ ਦਿੱਤਾ ਗਿਆ।” ਉਨ੍ਹਾਂ ਹੋਰ ਕਿਹਾ – “ਮੇਰੇ ਵਿਚਾਰ ਵਿੱਚ, ਰਾਜਨੀਤਿਕ ਨੇਤਾ ਅਕਸਰ ਅਜਿਹੀਆਂ ਸਮੱਸਿਆਵਾਂ ਨੂੰ ਪਹਿਲਾਂ ਤੋਂ ਭਾਂਪ ਲੈਂਦੇ ਹਨ। ਪਰ ਇਸ ਵਾਰੀ, ਉਹ ਫੇਲ੍ਹ ਹੋ ਗਏ—ਅਤੇ ਲੋਕਾਂ ਨੇ ਇਸ ਦੀ ਕੀਮਤ ਚੁਕਾਈ।” ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਬੀਬੀਐਮਬੀ ਦੀ ਕਾਰਗੁਜ਼ਾਰੀ ਵਿੱਚ ਲਾਪਰਵਾਹੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਅਤੇ ਇਸਦੇ ਕੰਮਕਾਜ ਨੂੰ ਹੋਰ ਪਾਰਦਰਸ਼ੀ, ਜਵਾਬਦੇਹ ਅਤੇ ਸੰਵੇਦਨਸ਼ੀਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਸਾਨੂੰ ਆਪਣੇ ਕਿਸਾਨਾਂ, ਪੰਜਾਬ ਦੀ ਧਰਤੀ ਅਤੇ ਇਸ ਦੇ ਭਵਿੱਖ ਲਈ ਠੋਸ ਉਪਰਾਲੇ ਕਰਨੇ ਪੈਣਗੇ ।”